Skip to content
Independent perspectives. Global stories.
BREAKING

ਬਾਦਲ ਵੱਲੋਂ ਅਸਲ ਸੰਘੀ ਢਾਂਚੇ ਦੀ ਸਥਾਪਤੀ ’ਤੇ ਜ਼ੋਰ

Share this story

ਨਵੀਂ ਦਿੱਲੀ, 7 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼ ਨੂੰ ਸਹੀ ਅਰਥਾਂ ਵਿੱਚ ਸੰਘੀ ਢਾਂਚੇ ਦਾ ਰੂਪ ਦੇਣ ਲਈ ਸੰਵਿਧਾਨ ਨੂੰ ਨਵੇਂ ਸਿਰਿਓਂ ਵਾਚਣ ’ਤੇ ਜ਼ੋਰ ਦਿੰਦਿਆਂ ਕੇਂਦਰ ਦਾ ਅਧਿਕਾਰ ਖੇਤਰ ਕੌਮੀ ਅਹਿਮੀਅਤ ਵਾਲੇ ਮੁੱਦਿਆਂ ਜਿਵੇਂ ਰੱਖਿਆ, ਵਿਦੇਸ਼ੀ ਮਾਮਲੇ, ਕਰੰਸੀ, ਰੇਲਵੇ ਅਤੇ ਸੰਚਾਰ ’ਤੇ ਹੀ ਹੋਣ ਦੀ ਵਕਾਲਤ ਕੀਤੀ ਹੈ।    ਉਨ੍ਹਾਂ ਆਖਿਆ, ‘‘ਸੰਘਾਤਮਕ ਢਾਂਚਾ ਹੀ ਦੇਸ਼ ਨੂੰ ਮਜ਼ਬੂਤ ਆਰਥਿਕ ਸ਼ਕਤੀ ਦੇ ਰਾਹ ’ਤੇ ਤੇਜ਼ ਵਿਕਾਸ ਗਤੀ ਨਾਲ ਤੋਰਨ ਦਾ ਰਸਤਾ ਹੈ। ਸੂਬੇ, ਦੇਸ਼ ਦੇ ਰਾਜਨੀਤਿਕ ਸਰੀਰ ਦੇ ਅੰਗਾਂ ਵਾਂਗ ਹਨ। ਮਜ਼ਬੂਤ ਅੰਗ ਹੋਣਗੇ ਤਾਂ ਸ਼ਕਤੀਸ਼ਾਲੀ ਰਾਸ਼ਟਰ ਹੋਵੇਗਾ। ਅੱਜ ਤੱਕ, ਸ਼ਕਤੀਸ਼ਾਲੀ ਦੇਸ਼ ਅਤੇ ਮਜ਼ਬੂਤ ਕੇਂਦਰ ਵਿਚਾਲੇ ਦੁਬਿਧਾ ਬਣੀ ਹੋਈ ਹੈ। ਸਾਨੂੰ ਸਾਰਿਆਂ ਨੂੰ ਮਜ਼ਬੂਤ ਅਤੇ ਅਸਲ ਖੁਮੁਖਤਾਰ ਢਾਂਚੇ ਵਾਲੇ ਦੇਸ਼ ਲਈ ਖੜ੍ਹਨਾ ਚਾਹੀਦਾ ਹੈ।’’ਮੁੱਖ ਮੰਤਰੀ ਨੇ ਆਖਿਆ ਕਿ ਸੂਬਿਆਂ ਅਤੇ ਕੇਂਦਰ ਵਿਚਾਲੇ ਵਸੀਲਿਆਂ ਦੀ ਵੰਡ ਦਾ ਫ਼ਾਰਮੂਲਾ ਨਵੇਂ ਸਿਰਿਓਂ ਨਿਰਧਾਰਿਤ ਕਰਨ ਦੀ ਲੋੜ ਹੈ। ਸੂਬਿਆਂ ਨੂੰ ਕੇਂਦਰੀ ਕਰਾਂ ਅਤੇ ਗੈਰ-ਕਰ ਮਾਲੀਆ ਵਿੱਚੋਂ 50 ਫ਼ੀਸਦੀ ਹਿੱਸਾ ਮਿਲਣਾ ਚਾਹੀਦਾ ਹੈ, ਉਹ ਵੀ ਬੰਧਨਮੁਕਤ, ਬਿਨਾਂ ਕਿਸੇ ਅਗਾਊਂ ਸ਼ਰਤਾਂ ਤੋਂ ਅਤੇ ਕੇਂਦਰ ਕੋਲ 32 ਫ਼ੀਸਦੀ ਰਹਿਣਾ ਚਾਹੀਦਾ ਹੈ। ਸੂਬਿਆਂ ਨੂੰ ਵਸੀਲਿਆਂ ਦੀ ਵੰਡ ਪਾਰਦਰਸ਼ੀ ਫ਼ਾਰਮੂਲੇ ’ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸੀ ਅਖਤਿਆਰ ਅਨੁਸਾਰ ਵੱਡੇ ਰਾਜਾਂ ਨੂੰ ਮੋਟੇ ਹਿੱਸੇ ਦੇ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵਿੱਚ ਸੂਬਿਆਂ ਕੋਲ ਬੰਧਨਮੁਕਤ ਗਰਾਂਟਾਂ, ਯੋਜਨਾ ਫ਼ੰਡ ਦਾ 15 ਫ਼ੀਸਦੀ ਹੀ ਹਨ ਜਦਕਿ ਬਾਕੀ ਦਾ 85 ਫ਼ੀਸਦੀ ਕੇਂਦਰ ਵੱਲੋਂ ਨਿਰਧਾਰਿਤ

ਕੀਤਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਬਦਲਣਾ ਚਾਹੀਦਾ ਹੈ ਅਤੇ 85 ਫ਼ੀਸਦੀ ਸੂਬਿਆਂ ਕੋਲ ਬੰਧਨ ਮੁਕਤ ਗਰਾਂਟ ਦੇ ਰੂਪ ਵਿੱਚ ਅਤੇ 15 ਫ਼ੀਸਦੀ ਕੇਂਦਰ ਦੇ ਅਖਤਿਆਰ ਵਿੱਚ ਹੋਵੇ। ਮੁੱਖ ਮੰਤਰੀ ਨੇ ਵਸੀਲਿਆਂ ਦੀ ਵੰਡ ਦਾ ਫ਼ਾਰਮੂਲਾ, ਰਾਜਾਂ ਦੀ ਅਨੁਸੂਚਿਤ ਜਾਤੀ ਵਸੋਂ, ਭੂਗੋਲਿਕ ਕਮੀਆਂ ਜਿਵੇਂ ਕੌਮਾਂਤਰੀ ਸੀਮਾ ਦੇ ਨਾਲ ਅਤੇ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਯੋਗਦਾਨ ਆਦਿ ਦੇ ਅਧਾਰ ’ਤੇ ਨਿਰਧਾਰਤ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਪ੍ਰਚਲਿਤ ਭਾਰਤੀ ਯੋਜਨਾ ਕਮਿਸ਼ਨ ਨੂੰ ਸੰਵਿਧਾਨ ਦੇ ਸੰਘੀ ਢਾਂਚੇ ਦੇ ਅਨੁਕੂਲ ਬਦਲਵਾਂ ਰੂਪ ਦੇਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਆਖਿਆ ਕਿ ਇਹ ਸਾਰਾ ਅਮਲ ਨਾਂ ਤਬਦੀਲੀ ਤੋਂ ਅੱਗੇ ਵੀ ਅਮਲੀ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਦੀ ਥਾਂਵੇਂ ਨਵਾਂ ਢਾਂਚਾ ਕਾਇਮ ਕਰਨ ਮੌਕੇ ਜ਼ਰੂਰੀ ਹੋਵੇਗਾ ਕਿ ਉਸ ਦੀ ਬਣਤਰ, ਕਾਨੂੰਨੀ ਸਰੂਪ ਤੇ ਸ਼ਰਤਾਂ ’ਤੇ ਪੂਰਾ ਧਿਆਨ ਦਿੱਤਾ ਜਾਵੇ। ਸ: ਬਾਦਲ ਨੇ ਨਵੀਂ ਪ੍ਰਸਤਾਵਿਤ ਕੌਂਸਲ ਦਾ ਨਾਂਅ ‘ਕੌਮੀ ਤੇ ਸੂਬਾਈ ਵਿਕਾਸ ਕੌਂਸਲ’ ਰੱਖੇ ਜਾਣ ਦਾ ਪ੍ਰਸਤਾਵ ਦਿੰਦਿਆਂ ਕਿਹਾ ਕਿ ਇਹ ਇਕ ਸੰਵਿਧਾਨਕ ਰੁਤਬਾ ਹੋਵੇ ਅਤੇ ਇਸ ਕੋਲ ਕਾਨੂੰਨੀ ਸ਼ਕਤੀਆਂ ਹੋਣ। ਨੀਤੀਗਤ ਫੈਸਲਿਆਂ ਤੋਂ ਇਲਾਵਾ ਇਹ ਵਿਸ਼ਵ ਮੰਚਾਂ ਜਿਵੇਂ ਵਿਸ਼ਵ ਵਪਾਰ ਸੰਗਠਨ (ਖੇਤੀਬਾੜੀ ਨਾਲ ਸਬੰਧਤ), ਸਾਰਕ (ਅੰਤਰ-ਦੇਸ਼ੀ ਸਰਹੱਦੀ ਵਪਾਰ) ਆਦਿ ਲਈ ਵੀ ਦੇਸ਼ ਵੱਲੋਂ ਲਏ ਜਾਣ ਵਾਲੇ ਪੱਖ ਨੂੰ ਨਿਰਧਾਰਤ ਕਰਨ ਵਾਲੀ ਹੋਵੇ। ਸ. ਬਾਦਲ ਨੇ ਸੂਬਿਆਂ ਵਿੱਚ ਮੁੱਖ ਮੰਤਰੀਆਂ ਦੀ ਸ਼ਮੂਲੀਅਤ ਵਾਲੀਆਂ ਖੇਤਰੀ ਕੌਂਸਲਾਂ ਦੀ ਸਥਾਪਨਾ ਦਾ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਅਜਿਹੀਆਂ ਕੌਂਸਲਾਂ ਦੇਸ਼ ਦੇ ਤੇਜ਼ੀ ਨਾਲ ਵਿਕਾਸ ਵਿਚ ਸਹਾਈ ਹੋਣਗੀਆਂ। ਉਨ੍ਹਾਂ ਰਾਜਾਂ ਦੇ ਯੋਜਨਾਂ ਬੋਰਡਾਂ ਦੀ ਵੀ ਪੁਨਰਸਰਚੰਨਾ ਦੀ ਵਕਾਲਤ ਕਰਦਿਆਂ ਕਿਹਾ ਕਿ ਬਦਲੇ ਸਮਾਜਿਕ ਆਰਥਿਕ ਹਾਲਾਤਾਂ ਦੇ ਸੰਦਰਭ ਵਿਚ ਇਹ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹਰ ਤਿਮਾਹੀ ਇਕ ਵਾਰ ਹਰੇਕ ਮੁੱਖ ਮੰਤਰੀਆਂ ਨਾਲ ਬੈਠਕ ਕਰਨ ਤਾਂ ਜੋ ਭਖਦੇ ਮਾਮਲਿਆਂ ਦਾ ਬਿਨਾਂ ਕਿਸੇ ਦੇਰੀ ਤੋਂ ਨਿਪਟਾਰਾ ਕੀਤਾ ਜਾ ਸਕੇ। ਇਕ ਮਹੱਤਵਪੂਰਨ ਸੁਝਾਅ ਦਿੰਦਿਆਂ ਮੁੱਖ ਮੰਤਰੀ ਨੇ ਸਲਾਨਾ ਯੋਜਨਾ ਨੂੰ ਕੇਂਦਰ ਤੋਂ ਪ੍ਰਵਾਨਗੀ ਲੈਣ ਦੀ ਸ਼ਰਤ ਨੂੰ ਖਤਮ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪੰਜ ਸਾਲਾ ਯੋਜਨਾ ਦੇਸ਼ ਦੀ ਦੂਰਰਗਾਮੀ ਯੋਜਨਾ ਅਤੇ ਦ੍ਰਿਸ਼ਟੀਕੋਣ ਅਨੁਸਾਰ ਬਣਾਈ ਜਾਵੇ ਜੋ ਦੇਸ਼ ਦੀ ਆਰਥਿਕ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਵੇ।
   ਇਸੇ ਤਰ੍ਹਾਂ ਰਾਜ ਦੇ ਅਧਿਕਾਰਾਂ ਵਾਲੇ ਵਿਸ਼ਿਆਂ ਨਾਲ ਸਬੰਧਤ ਵੀ ਕੇਂਦਰ ਹੌਲੀ-ਹੌਲੀ ਆਪਣੇ ਅਧਿਕਾਰ ਵਧਾ ਰਿਹਾ ਹੈ। ਸੰਵਿਧਾਨ ਅਨੁਸਾਰ ਖੇਤੀ ਰਾਜਾਂ ਦੇ ਅਧਿਕਾਰ ਦਾ ਵਿਸ਼ਾ ਹੈ ਪਰ ਖੇਤੀ ਸਬੰਧੀ ਲਾਗਤਾਂ ਅਤੇ ਮੁੱਲ ਨਿਰਧਾਰਨ ਵਰਗੇ ਸਾਰੇ ਅਧਿਕਾਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਪਣੇ ਕੋਲ ਰੱਖੇ ਹਨ। ਹੁਣ ਸਿੱਖਿਆ ਪ੍ਰਤੀ ਵੀ ਕੇਂਦਰ ਸਰਕਾਰ ਦਾ ਏਕਾਧਿਕਾਰ ਵਧ ਰਿਹਾ ਹੈ। 
ਇਸੇ ਤਰ੍ਹਾਂ ਵਿੱਤ ਕਮਿਸ਼ਨ ਦੇ ਪੁਨਰਗਠਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਅਹਿਮ ਮਸਲੇ ਨੂੰ ਵੀ ਇਸ ਏਜੰਡੇ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਹਰੇਕ ਵਿੱਤ ਕਮਿਸ਼ਨ ਦਾ ਵਿਚਾਰਗੋਚਰਾ ਵਿਸ਼ਾ ਤਜਵੀਜ਼ਤ ਕੌਂਸਲ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਵਿੱਤ ਕਮਿਸ਼ਨ ਨੂੰ ਇਸ ਕੌਂਸਲ ਨਾਲ ਇਕਸੁਰ ਕੀਤਾ ਜਾ ਸਕੇ ਜਿਸ ਨਾਲ ਹੋਰ ਬਿਹਤਰੀਨ ਤੇ ਪ੍ਰਭਾਵੀ ਤਾਲਮੇਲ ਬਣਾਉਣ ਵਿੱਚ ਸਹਾਇਤਾ ਮਿਲੇਗੀ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਵੀ ਹਾਜ਼ਰ ਸਨ।

WRITTEN BY