ਬਰਨਾਲਾ, 2 ਦਸੰਬਰ- ਲੰਘੀਆਂ ਲੋਕ ਸਭਾ ਚੋਣਾਂ ਵਿੱਚ ਹਰ ਪਾਸੇ ਮੋਦੀ-ਮੋਦੀ ਹੋਣ ਤੋਂ ਬਾਅਦ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ’ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ। ਏਨੀ ਵੱਡੀ ਸਫਲਤਾ ਮਿਲਣ ਕਰਕੇ ਭਾਜਪਾ ਦੇ ਹੌਂਸਲੇ ਹਰ ਪੱਖੋਂ ਪੂਰੀ ਤਰ੍ਹਾਂ ਬੁਲੰਦ ਹਨ। ਇਨ੍ਹਾਂ ਚੋਣਾਂ ਤੋਂ ਕੁਝ ਸਮੇਂ ਬਾਅਦ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਵੱਡੀ ਸਫਲਤਾ ਮਿਲੀ ਹੈ। ਉਸ ਸਫਲਤਾ ਨੇ ਵੱਡੇ-ਵੱਡੇ ਸਿਆਸੀ ਮਾਹਿਰਾਂ ਨੂੰ ਵੀ ਸੋਚੀਂ ਪਾ ਦਿੱਤਾ ਹੈ ਅਤੇ ਭਾਜਪਾ ਦੇ ਹੌਂਸਲੇ ਅਸਮਾਨੀ ਪਹੁੰਚਾ ਦਿੱਤੇ ਹਨ। ਹਰਿਆਣਾ ਦੀਆਂ ਚੋਣਾਂ ਵਿੱਚ ਅਕਾਲੀ ਅਤੇ ਭਾਜਪਾ ਪੰਜਾਬ ਵਿੱਚ ਗਠਜੋੜ ਹੋਣ ਦੇ ਬਾਵਜੂਦ ਵੀ ਅੱਡੋ-ਅੱਡੀ ਇੱਕ ਦੂਜੇ ਦੇ ਖਿਲਾਫ ਨਿੱਤਰੇ। ਇਨ੍ਹਾਂ ਚੋਣਾਂ ’ਚ ਭਾਜਪਾ ਵੱਲੋਂ ਪੰਜਾਬ ਦੇ ਘਾਗ ਸਿਆਸਤਦਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਭਾਵ ਨੂੰ ਠੱਲ੍ਹਣ ਲਈ ਆਪਣੇ ਤੇਜ਼ਤਰਾਰ ਆਗੂ ਅਤੇ ਸ. ਬਾਦਲ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸਾਬਕਾ ਕ੍ਰਿਕਟਰ ਸ. ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਦੀ ਕਮਾਨ ਸੌਂਪੀ। ਇਨ੍ਹਾਂ ਚੋਣਾਂ ’ਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਚੋਣ ਪ੍ਰਚਾਰ ਨੇ ਜਿੱਥੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਉ¤ਥੇ ਸ਼੍ਰੋਮਣੀ ਅਕਾਲੀ ਦਲ ’ਤੇ ਕੀਤੇ ਤਾਬੜਤੋੜ ਹਮਲਿਆਂ ਕਰਕੇ ਭਾਜਪਾ ਦੇ ਨਿਧੜਕ
ਜਰਨੈਲ ਵਜੋਂ ਆਪਣਾ ਕੱਦ ਪੰਜਾਬ ਦੀ ਸਿਆਸਤ ਵਿੱਚ ਹੋਰ ਉ¤ਚਾ ਕੀਤਾ ਅਤੇ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਤੌਰ ’ਤੇ ਸਭ ਤੋਂ ਵੱਡੇ ਦਾਅਵੇਦਾਰ ਵੀ ਬਣੇ। ਇਨ੍ਹਾਂ ਚੋਣਾਂ ਵਿੱਚ ਅਕਾਲੀ ਅਤੇ ਭਾਜਪਾ ਵਿੱਚ ਬਣੀ ਖਟਾਸ ਚੋਣ ਨਤੀਜਿਆਂ ਤੋਂ ਬਾਅਦ ਹੋਰ ਵੀ ਵਧ ਗਈ ਜਿਸ ਦਾ ਇੱਕ ਕਾਰਣ ਭਾਜਪਾ ਨੂੰ ਆਸ ਤੋਂ ਵਧ ਸਫਲਤਾ ਤੇ ਅਕਾਲੀ ਅਤੇ ਇਸ ਦੇ ਭਾਈਵਾਲ ਇਨੈਲੋ ਪਾਰਟੀ ਨੂੰ ਵੱਡੀ ਹਾਰ ਵੀ ਹੈ।
ਜੇਕਰ ਹਲਕਾ ਬਰਨਾਲਾ ਦੇ ਸਿਆਸੀ ਰੰਗ ਦੀ ਗੱਲ ਕਰੀਏ ਤਾਂ ਇੱਥੋਂ ਦੀ ਸਿਆਸਤ ਤਾਂ ਬਿਲਕੁਲ ਹੀ ਉਥਲ-ਪੁਥਲ ਹੋ ਗਈ ਹੈ। ਵਿਧਾਨ ਸਭਾ ਹਲਕਾ ਬਰਨਾਲਾ ਦੀ ਕੋਈ ਪੁੱਛ ਪ੍ਰਤੀਤ ਨਾ ਹੋਣ ਕਰਕੇ ਹਲਕੇ ਦੇ ਲੋਕ ਲਾਵਾਰਿਸ ਹੋ ਕੇ ਰਹਿ ਗਏ ਹਨ। ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਾਨ ਦਲ ਦੇ ਸਾਬਕਾ ਆਗੂ ਸ. ਪਰਮਜੀਤ ਸਿੰਘ ਖਾਲਸਾ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਟਰਾਈਡੈਂਟ ਗਰੁੱਪ ਦੇ ਐਮ ਡੀ ਸ਼੍ਰੀ ਰਜਿੰਦਰ ਗੁਪਤਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਪ੍ਰੰਤੂ ਨਾ ਤਾਂ ਇਲਾਕੇ ਅੰਦਰ ਵਿਕਾਸ ਕਾਰਜ ਸ਼ੁਰੂ ਕੀਤਾ ਗਿਆ ਤੇ ਨਾ ਹੀ ਕਿਸੇ ਸਥਾਨਕ ਆਗੂ ਦੀ ਸਰਕਾਰੀ ਦਰਬਾਰੇ ਢੁਕਵੀਂ ਗੱਲ ਸੁਣੀ ਜਾਂਦੀ ਹੈ। ਰਾਜਸੀ ਆਗੂ ਹਲਕਾ ਇੰਚਾਰਜ ਲਾਉਣ ਦੀ ਬਜਾਏ ਨਗਰ ਕੌਂਸਲ ਚੋਣਾਂ ਦਾ ਡਮਰੂ ਵਜਾ ਕੇ ਆਪਣਾ ਸਮਾਂ ਲੰਘਾ ਰਹੇ ਹਨ। ਸਵ. ਮਲਕੀਤ ਸਿੰਘ ਕੀਤੂ ਹੱਤਿਆ ਕਾਂਡ ਤੋਂ ਬਾਅਦ ਹੁਣ ਤੱਕ ਹਲਕਾ ਇੰਚਾਰਜੀ ਦਾ ਅਹੁਦਾ ਥਾਪਣਾ ਲੋਕ ਸਭਾਈ ਚੋਣਾਂ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਦੀ ਹਾਰ ਦਾ ਕਾਰਣ ਬਣਿਆ। ਭਾਵੇਂ ਲੋਕ ਸਭਾਈ ਚੋਣਾਂ ਦੌਰਾਨ ਸ. ਢੀਂਡਸਾ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਲਕਾ ਬਰਨਾਲਾ ਦੇ ਵੋਟਰਾਂ ਦੇ ਕੰਮ-ਕਾਰ ਕਰਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਵੋਟਰਾਂ ਦਾ ਹਰ ਇੱਕ ਕੰਮ-ਕਾਰ ਵੀ ਮਿੰਟਾਂ-ਸਕਿੰਟਾਂ ਦੇ ਹਿਸਾਬ ਨਾਲ ਹੋਇਆ ਪ੍ਰੰਤੂ ਹਲਕੇ ਦਾ ਵਿਕਾਸ ਕਾਰਜ ਨਾ ਹੋਣ ਕਰਕੇ ਸ. ਢੀਂਡਸਾ ਨੂੰ ਇੱਕ ਵਾਰ ਫਿਰ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ। ਮਧ ਵਰਗੀ ਤੇ ਹੇਠਲੇ ਪੱਧਰ ਦੇ ਲੋਕ ਕੋਈ ਨਾ ਕੋਈ ਜੁਗਾੜ ਲਾਕੇ ਦਿਨ ਕਟੀ ਕਰ ਰਹੇ ਹਨ। ਜਦੋਂ ਕਿਤੇ ਭੁੱਲਿਆ ਭਟਕਿਆ ਆਗੂ ਹਲਕੇ ਵਿੱਚ ਬਹੁੜਦਾ ਵੀ ਹੈ ਤਾਂ ਦਹਾਕਿਆਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਨਵੇਂ ਸ਼ਬਦਾਂ ਦੀ ਤਰਤੀਬ ਦੇ ਕੇ ਚਲਦਾ ਬਣਦਾ ਹੈ, ਪ੍ਰੰਤੂ ਇਹ ਕੁਝ ਲੀਡਰ ਆਪਣੀ ਸਿਆਸਤ ਸਮਝ ਕੇ ਤਾਂ ਜ਼ਰੂਰ ਕਰਦੇ ਹਨ ਪਰ ਵੋਟਰ ਵੀ ਉਸ ਨੂੰ ਹਾਂ ਪੱਖੀ ਸਬਜ਼ਬਾਗ ਦਿਖਾ ਕੇ ਬੀਹੜੀ ਲਾਹੁਣ ਤੋਂ ਗੁਰੇਜ਼ ਨਹੀਂ ਕਰਦੇ। ਸਿਆਸਤ ਵਿੱਚ ਬਾਬਾ ਬੋਹੜ ਮੰਨੇ ਜਾਂਦੇ ਮੈਂਬਰ ਰਾਜ ਸਭਾ ਸਕੱਤਰ ਜਨਰਲ ਅਕਾਲੀ ਦਲ ਸ. ਸੁਖਦੇਵ ਸਿੰਘ ਢੀਂਡਸਾ ਆਪਣੇ ਹੀ ਹਲਕੇ ਵਿੱਚ ਕਮਜ਼ੋਰ ਸਾਬਿਤ ਹੋ ਰਹੇ ਦਿਖਾਈ ਦੇ ਰਹੇ ਹਨ। ਸੰਸਦੀ ਹਲਕੇ ਵਿੱਚ ਅਕਾਲੀ ਦਲ ਦੀ ਗੁੱਟਬਾਜ਼ੀ ਢੀਂਡਸਾ ਲਈ ਨਾਸੂਰ ਬਣ ਰਹੀ ਹੈ। ਤਾਜ਼ਾ ਮਾਮਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਹੈ। ਲੋਕਾਂ ਅੰਦਰ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਅਕਾਲੀ ਦਲ ਵਿੱਚ ਸਖਤ ਮਿਹਨਤ ਕਰਨ ਵਾਲਿਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਸਗੋਂ ਇਸ ਪਾਰਟੀ ਵਿੱਚ ਧਨਾਢ ਲੋਕ ਜੋ ਪੈਸੇ ਨਾਲ ਕੁਝ ਵੀ ਕਰ ਸਕਦੇ ਹੋਣ, ਉਨ੍ਹਾਂ ਦੀ ਹੀ ਪੁੱਛ ਪ੍ਰਤੀਤ ਹੈ। ਪਤਾ ਲੱਗਿਆ ਹੈ ਕਿ ਅਕਾਲੀ ਦਲ ਨੇ ਪਾਰਟੀ ਵਿੱਚ ਕੰਮ ਕਰਨ ਵਾਲੇ ਆਗੂਆਂ ਦੇ ਪਾਰਟੀ ਜਥੇਬੰਦਕਾਂ ਨੂੰ ਮਨੋਂ ਵਿਸਾਰ ਦਿੱਤਾ ਹੈ ਅਤੇ ਕੁਝ ਕੁ ਦਿਨਾਂ ਦੇ ਅੰਦਰ ਸੰਤ ਟੇਕ ਸਿੰਘ ਧਨੌਲਾ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਚਰਚੇ ਹਨ, ਜਿਸ ਤੋਂ ਇਲਾਕੇ ਦੇ ਲੋਕ ਨਾਖੁਸ਼ ਹਨ। ਜੇਕਰ ਪਾਰਟੀ ਵੱਲੋਂ ਇਸ ਆਗੂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ ਤਾਂ ਪਹਿਲਾਂ ਹੀ ਪਾਰਟੀ ਇਸ ਆਗੂ ਦੀ ਭੇਟ ਚੜ੍ਹ ਚੁੱਕੀ ਹੈ। ਜੇਕਰ ਪਾਰਟੀ ਵੱਲੋਂ ਕੋਈ ਯੋਗ ਨਿਰਣਾ ਨਾ ਲਿਆ ਗਿਆ ਤਾਂ ਹੋ ਸਕਦਾ ਹੈ ਕਿ ਇੱਥੋਂ ਦੇ ਪੁਰਾਣੇ ਤੇ ਟਕਸਾਲੀ ਆਗੂ ਆਉਣ ਵਾਲੇ ਦਿਨਾਂ ’ਚ ਸ਼ਰੇਆਮ ਭਾਜਪਾ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਣ। ਸ਼੍ਰੋਮਣੀ ਅਕਾਲੀ ਦਲ ਵਿੱਚ ਉ¤ਚਾ ਕੱਦ ਰੱਖਣ ਵਾਲੇ ਆਗੂਆਂ ਨੂੰ ਲੋੜ ਹੈ ਕਿ ਉਹ ਹਲਕਾ ਬਰਨਾਲਾ ਦੀ ਸਹੀ ਨਿਸ਼ਾਨਦੇਹੀ ਕਰਕੇ ਇੱਥੋਂ ਦੇ ਵੋਟਰਾਂ ਦੀ ਅੰਦਰਲੀ ਗੱਲ ਨੂੰ ਜਾਨਣ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਕੋਈ ਯੋਗ ਹਲਕਾ ਇੰਚਾਰਜ ਲਗਾ ਕੇ ਹਲਕੇ ਅੰਦਰਲੇ ਵਿਕਾਸ ਕਾਰਜ ਕਰਵਾ ਕੇ ਤੇ ਅਕਾਲੀ ਦਲ ਦੀ ਅੰਦਰੂਨੀ ਫੁੱਟ ਨੂੰ ਮਿਟਾ ਕੇ ਇਹ ਸੀਟ ਅਕਾਲੀ-ਭਾਜਪਾ ਗਠਜੋੜ ਦੀ ਝੋਲੀ ਪਾ ਸਕੇ। ਜੇਕਰ ਆਗੂਆਂ ਨੇ ਅਜਿਹਾ ਨਾ ਕੀਤਾ ਤਾਂ ਪਹਿਲਾਂ ਵੀ ਵਿਧਾਨ ਸਭਾ ਦੀ ਇਹ ਸੀਟ ਕਾਂਗਰਸ ਪਾਰਟੀ ਦੇ ਹਿੱਸੇ ਰਹੀ ਹੈ ਤੇ ਹੁਣ ਵੀ ਲੋਕ ਮਜਬੂਰੀਵੱਸ ਗੈਰ-ਅਕਾਲੀ ਪਾਰਟੀ ਦਾ ਸਾਥ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।



