ਪਟਿਆਲਾ, 26 ਨਵੰਬਰ (ਅਰਵਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਜਸਕਿਰਨਜੀਤ ਸਿੰਘ ਤੇਜਾ, ਕਪਤਾਨ ਪੁਲਿਸ (ਡਿਟੈਕਟਿਵ) ਪਟਿਆਲਾ ਅਤੇ ਸ. ਮਨਜੀਤ ਸਿੰਘ ਬਰਾੜ, ਉਪ ਕਪਤਾਨ ਪੁਲਿਸ (ਡਿਟੈਕਟਿਵ) ਪਟਿਅਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ. ਬਿਕਰਮਜੀਤ ਸਿੰਘ ਬਰਾੜ, ਇੰਚਾਰਜ, ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋ ਵੱਖ-ਵੱਖ ਅੰਤਰ-ਰਾਜੀ ਡਕੈਤੀ, ਲੁੱਟ ਖੋਹ ਅਤੇ ਚੋਰੀਆਂ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕਰਕੇ ਗਿਰੋਹਾਂ ਦੇ ਕੁੱਲ 10 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਲੁੱਟ ਖੋਹ ਕੀਤੇ ਭਾਰੀ ਮਾਤਰਾ ਵਿੱਚ ਸੋਨੇ, ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ 45 ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 18.11.2014 ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੇ ਐਸ.ਆਈ. ਸ਼ਿਵਇੰਦਰ ਦੇਵ ਸਮੇਤ ਪੁਲਿਸ ਪਾਰਟੀ ਸਨੌਰ ਰੋਡ
ਪਟਿਆਲਾ ਨੇੜੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਇੱਕ ਖੁਫੀਆ ਇਤਲਾਹ ਮਿਲੀ ਕਿ ਗੁੱਡੂ ਨਾਥ ਪੁੱਤਰ ਮੁੰਦਲ ਨਾਥ, ਸੂਰਜ ਉਰਫ ਤੋਫੀਕ ਪੁੱਤਰ ਨੱਥੂ ਅਲੀ ਹਸਨ, ਚਾਂਦ ਪੁੱਤਰ ਲਿਆਕਤ, ਢੋਲਾ ਉਰਫ ਵਿਸ਼ਾਲ ਪੁੱਤਰ ਨੱਥੂ ਅਲੀ ਹਸਨ ਜੋ ਕਿ ਸਾਰੇ ਖਾਨਾ-ਬਦੋਸ਼ ਹਨ ਤੇ ਇਨ੍ਹਾਂ ਨੇ ਨਵੀਂ ਅਨਾਜ ਮੰਡੀ ਸਨੌਰ ਵਿਖੇ ਠਾਹਰ ਬਣਾਈ ਹੋਈ ਹੈ ਅਤੇ ਸੇਵਕ ਪੁੱਤਰ ਅਜ਼ੀਜ਼, ਪਿੱਲਾ ਉਰਫ ਜ਼ਿੰਦਗੀ ਪੁੱਤਰ ਮੁਹੰਮਦ ਹਸਨ, ਰੋਹਿਤ ਉਰਫ ਮੱਖੋ ਪੁੱਤਰ ਸਲੇਮਾ ਉਰਫ ਰਣਜੀਤ ਜੋ ਸਾਰੇ ਖਾਨਾ-ਬਦੋਸ਼ ਹਨ, ਨੇ ਅਨਾਜ ਮੰਡੀ, ਰਾਜਪੁਰਾ ਨੇੜੇ ਠਾਹਰ ਬਣਾਈ ਹੋਈ ਹੈ ਅਤੇ ਦਿਲਬਰ ਉਰਫ ਟਾਂਡੀ, ਹੁਸਨ ਉਰਫ ਦਰਹੋ ਪੁੱਤਰਾਨ ਸਾਂਈ ਅਲੀ, ਮੋਟਾ ਉਰਫ ਤੋਹੀਨ ਉਰਫ ਚਾਹਤ ਪੁੱਤਰ ਅਸਰਾਨ ਅਲੀ, ਗੁਫਰਾਨ ਉਰਫ ਬੋਹੜ ਪੁੱਤਰ ਮੁੱਛਲ ਸਾਰੇ ਖਾਨਾ-ਬਦੋਸ਼ ਹਨ ਅਤੇ ਇਨ੍ਹਾਂ ਦੇ 10/12 ਹੋਰ ਖਾਨਾ-ਬਦੋਸ਼ ਸਾਥੀਆਂ ਨੇ ਆਪਸ ਵਿੱਚ ਮਿਲ ਕੇ ਗੈਂਗ ਬਣਾਇਆ ਹੋਇਆ ਹੈ। ਜੋ ਦਿਨ ਸਮੇਂ ਤਮਾਸ਼ੇ ਦਿਖਾਉਣ ਅਤੇ ਮੰਗਤੇ ਬਣ ਕੇ ਘਰਾਂ ਅਤੇ ਹੋਰ ਰਿਹਾਇਸ਼ੀ ਥਾਵਾਂ ਦੀ ਰੈਕੀ ਕਰ ਲੈਂਦੇ ਹਨ ਅਤੇ ਰਾਤ ਨੂੰ ਇਨ੍ਹਾਂ ਦਾ ਗੈਂਗ ਅਸਲੇ ਅਤੇ ਹੋਰ ਮਾਰੂ ਹਥਿਆਰਾਂ ਅਤੇ ਡਾਂਗਾਂ ਸੋਟਿਆਂ ਨਾਲ ਲੈਸ ਹੋ ਕੇ ਰੈਕੀ ਕੀਤੇ ਘਰਾਂ ਵਿੱਚ ਸੁਤੇ ਪਏ ਲੋਕਾਂ ’ਤੇ ਇੱਕ ਦਮ ਹਮਲਾ ਕਰਕੇ ਅਤੇ ਉਨ੍ਹਾਂ ਨੂੰ ਬੰਨ੍ਹ ਲੈਂਦੇ ਹਨ। ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਦੇ ਸਿਰ ਵਿੱਚ ਸੱਟਾਂ ਮਾਰ ਕੇ ਬੇਹੋਸ਼ ਕਰ ਦਿੰਦੇ ਸਨ ਜਿਸ ਕਾਰਨ ਕਈ ਵਾਰ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਜੋ ਇਸ ਗਿਰੋਹ ਦੇ ਮੈਂਬਰ ਘਰਾਂ ਅਤੇ ਡੇਰਿਆਂ ਵਿੱਚ ਡਕੈਤੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਜੋ ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਰਗਰਮ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਹਨ। ਜੋ ਇਸ ਇਤਲਾਹ ’ਤੇ ਉਕਤਾਨ ਦੇ ਵਿਰੁੱਧ ਮੁਕੱਦਮਾ ਨੰਬਰ 72 ਮਿਤੀ 18.11.2014 ਅ/ਧ 392,395,397,458,382 ਹਿੰ:ਦੰ: 25/27/54/59 ਅਸਲਾ ਐਕਟ ਥਾਣਾ ਸਨੌਰ ’ਚ ਦਰਜ ਕੀਤਾ ਗਿਆ ਅਤੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਇਸ ਗੈਂਗ ਦੇ ਮੈਂਬਰਾਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਮਿਤੀ 23.11.2014 ਨੂੰ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਇਸ ਗੈਂਗ ਦੇ ਗੁਡੂ ਨਾਥ, ਸੂਰਜ ਉਰਫ ਤੋਫੀਕ, ਢੋਲਾ, ਚਾਂਦ, ਸੇਵਕ, ਪਿੱਲਾ ਅਤੇ ਰੋਹਿਤ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਪਿਸਤੋਲ 315 ਬੋਰ ਸਮੇਤ 6 ਕਾਰਤੂਸ, ਕਈ ਲੋਹੇ ਦੀਆਂ ਰਾਡਾਂ, ਤੇਜ਼ਧਾਰ ਹਥਿਆਰ ਅਤੇ ਡਾਂਗਾਂ ਸੋਟੇ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕਰ ਲਈ ਗਈ ਹੈ। ਜਿਨ੍ਹਾਂ ਦੀ ਤਲਾਸ਼ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।ਇਨ੍ਹਾਂ ਗ੍ਰਿਫਤਾਰ ਦੋਸ਼ੀਆਂ ਪਾਸੋਂ ਪੁਲਿਸ ਨੂੰ ਵੱਖ-ਵੱਖ ਥਾਵਾਂ ਤੋਂ ਲੁੱਟੇ ਹੋਏ ਭਾਰੀ ਮਾਤਰਾ ਵਿੱਚ ਸੋਨੇ, ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਗੈਂਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਫੀ ਵਾਰਦਾਤਾਂ ਕੀਤੀਆਂ ਗਈਆਂ ਹਨ ਤੇ ਕਈ ਵਿਅਕਤੀਆਂ ਨੂੰ ਗੰਭੀਰ ਸੱਟਾਂ ਮਾਰ ਕੇ ਅਤੇ ਕਤਲ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।



