ਕੋਲਕਾਤਾ, 24 ਨਵੰਬਰ (ਪੀ. ਟੀ.)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਬੋਲਿਆ ਹੈ। ਮਮਤਾ ਨੇ ਅੱਜ ਮੋਦੀ ਦਾ ਨਾਂਅ ਲਏ ਬਿਨਾਂ ਕਿਹਾ ਕਿ ਉਨ੍ਹਾਂ ਨੂੰ ‘ਦੰਗਾ ਗੁਰੂ’ ਅਤੇ ‘ਰਾਇਟ ਕਿੰਗ’ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ। ਮਮਤਾ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਮੋਦੀ ਦਾ ਦੰਗਿਆਂ ਦੇ ਨਾਲ ਨਾਂਅ ਜੋੜਿਆ ਅਤੇ ਕਿਹਾ ਕਿ ਯੂਪੀ ਅਤੇ ਬਿਹਾਰ ਤੋਂ ਬਾਅਦ ਹੁਣ ਬੰਗਾਲ ਵਿੱਚ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਨੇ ਕੋਲਕਾਤਾ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਉੱਤੇ ਸਿੱਧਾ ਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ 6 ਮਹੀਨਿਆਂ ਦੀ ਕੇਂਦਰ ਸਰਕਾਰ ਵਿੱਚ ਪ੍ਰਧਾਨ ਮੰਤਰੀ ਜ਼ਿਆਦਾਤਰ ਵਿਦੇਸ਼ ਦੌਰਿਆਂ ’ਤੇ ਹੀ ਰਹੇ। ਮਮਤਾ ਨੇ ਵਿਅੰਗ ਕੱਸਦੇ ਹੋਏ
ਕਿਹਾ ਕਿ ਪ੍ਰਧਾਨ ਮੰਤਰੀ ਸੈਲਫੀ ਦੇ ਰਾਹੀਂ ਸਰਕਾਰ ਚਲਾ ਰਹੇ ਹਨ। ਮਮਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਬਿਨਾਂ ਸਬੂਤ ਦੇ ਫਸਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਮਾਨਦਾਰ ਹਾਂ, ਇਸ ਲਈ ਮੈਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਮਮਤਾ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਭਵਿੱਖ ਵਿੱਚ ਵੀ ਇਕੱਲੇ ਦਮ ’ਤੇ ਪੱਛਮੀ ਬੰਗਾਲ ਵਿੱਚ ਸਰਕਾਰ ਬਣਾਏਗੀ।
ਸਾਰਦਾ ਘੁਟਾਲੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਉਪਰ ਸ਼ਿਕੰਜਾ ਕੱਸਣ ਸਬੰਧੀ ਮਮਤਾ ਬੈਨਰਜੀ ਨੇ ਕਿਹਾ ਕਿ ਇੱਕ ਜਾਂ ਦੋ ਬਾਹਰੀ ਵਿਅਕਤੀਆਂ ਦੀ ਗਲਤੀ ਦੇ ਲਈ ਪੂਰੀ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਸੱਤਾ ’ਚ ਬੈਠੇ ਲੋਕ ਸੀਬੀਆਈ ਦੀ ਦੁਰਵਰਤੋਂ ਕਰ ਰਹੇ ਹਨ।



