ਪਿੰਡਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਤੇ ਇੰਜਨੀਅਰਿੰਗ ਦੀ ਮਿਲੇਗੀ ਕੋਚਿੰਗ
ਜਲੰਧਰ/ਚੰਡੀਗੜ੍ਹ, 18 ਨਵੰਬਰ- ਪੇਂਡੂ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਇੰਜਨੀਅਰਿੰਗ ਦੇ ਖੇਤਰ ਵਿਚ ਮਿਆਰੀ ਕੋਚਿੰਗ ਦੇਣ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦਿਹਾਤੀ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਕੋਰਸਾਂ ਲਈ ‘ਆਨਲਾਈਨ ਕੋਚਿੰਗ’ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਸਵੇਰੇ ਇਥੇ ਮੁੱਖ ਮੰਤਰੀ ਦਫਤਰ ਵਿਖੇ ਸ. ਬਾਦਲ ਨੇ ਐਜੂਸੈ¤ਟ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਹੋਈ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਵਿਚਾਰ-ਚਰਚਾ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਪੇਸ਼ੇਵਰ ਸਿੱਖਿਆ ਦੇ ਖੇਤਰ ਵਿੱਚ ਪੇਂਡੂਆਂ ਤੇ ਸ਼ਹਿਰੀਆਂ ਦਰਮਿਆਨ ਪਏ ਪਾੜੇ ਨੂੰ ਪੂਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਇਸ ਮੰਤਵ ਲਈ ਵਿਧੀ-ਵਿਧਾਨ ਬਣਾਏ ਜਾਣ ਦੀ ਲੋੜ ਹੈ ਤਾਂ ਜੋ ਪਿੰਡਾਂ ਦੇ ਹੋਣਹਾਰ ਵਿਦਿਆਰਥੀ ਵੀ ਸ਼ਹਿਰਾਂ ਦੇ ਕਾਨਵੈਂਟ ਸਕੂਲਾਂ ’ਚੋਂ ਪੜ੍ਹੇ ਆਪਣੇ ਹਾਣੀ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਵਿੱਚ ਸਮਰਥ ਹੋ ਸਕਣ। ਸ. ਬਾਦਲ ਨੇ ਕਿਹਾ ਕਿ ਦੂਰ-ਦੁਰਾਡੇ ਇਲਾਕਿਆਂ ਦੇ
ਵਿਦਿਆਰਥੀਆਂ ਤੱਕ ਮਿਆਰੀ ਪੇਸ਼ੇਵਰ ਸਿੱਖਿਆ ਦੀ ਪਹੁੰਚ ਬਣਾਉਣ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਅਤਿ ਆਧੁਨਿਕ ਤਕਨਾਲੌਜੀ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਦਸਵੀਂ ਜਮਾਤ ਉਪਰੰਤ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਬਾਇਓਲੌਜੀ ਦੇ ਵਿਸ਼ਿਆਂ ਵਿੱਚ ਆਨਲਾਈਨ ਕੋਚਿੰਗ ਦੇਣ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਸਿੱਖਿਆ ਵਿਭਾਗ ਦਾ ਇਹ ਕਦਮ ਪੇਂਡੂ ਵਿਦਿਆਰਥੀਆਂ ਲਈ ਇਕ ਨਿਵੇਕਲੀ ਪਹਿਲਕਦਮੀ ਹੈ ਜੋ ਉਨ੍ਹਾਂ ਨੂੰ ਇੰਜਨੀਅਰਿੰਗ ਤੇ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਬੁੰਲਦੀਆਂ ਛੂਹਣ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ। ਉਨ੍ਹਾਂ ਆਖਿਆ ਕਿ ਭਾਵੇਂ ਸ਼ਹਿਰੀ ਵਿਦਿਆਰਥੀਆਂ ਕੋਲ ਕੋਚਿੰਗ ਲਈ ਸ਼ਹਿਰਾਂ ਵਿੱਚ ਅਨੇਕਾਂ ਮੌਕੇ ਜਾਂ ਪਸੰਦ ਹੁੰਦੀ ਹੈ ਪਰ ਪੇਂਡੂ ਪਿਛੋਕੜ ਵਾਲੇ ਵਿਦਿਆਰਥੀ ਪੇਸ਼ੇਵਰ ਕੋਚਿੰਗ ਦੀ ਘਾਟ ਕਰਕੇ ਹੀ ਪਛੜ ਜਾਂਦੇ ਹਨ। ਇਸ ਦੌਰਾਨ ਸ. ਬਾਦਲ ਨੇ ਆਖਿਆ ਕਿ ਪ੍ਰਾਈਵੇਟ ਤੌਰ ’ਤੇ ਅਜਿਹੀ ਕੋਚਿੰਗ ਦੇਣ ਵਾਲੇ ਲੋਕ ਬਹੁਤ ਪੈਸਾ ਕਮਾ ਰਹੇ ਹਨ ਜਦਕਿ ਸੂਬਾ ਸਰਕਾਰ ਦੇ ਆਨਲਾਈਨ ਕੋਚਿੰਗ ਪ੍ਰੋਗਰਾਮ ਨਾਲ ਪੇਂਡੂ ਵਿਦਿਆਰਥੀਆਂ ਨੂੰ ਨਾਂਮਾਤਰ ਕੀਮਤ ’ਤੇ ਮਿਆਰੀ ਪੇਸ਼ੇਵਰ ਸਿਖਲਾਈ ਮੁੱਹਈਆ ਕਰਵਾਈ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਕੋਰਸ ਪਹਿਲੇ ਪੜਾਅ ਤਹਿਤ ਸੂਬੇ ਦੇ 100 ਸਕੂਲਾਂ ਵਿੱਚ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਦਾ ਬਾਅਦ ਵਿੱਚ ਵਿਸਤਾਰ ਕੀਤਾ ਜਾਵੇਗਾ। ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਨੂੰ 100 ਸਕੂਲਾਂ ਵਿੱਚ ਲਾਗੂ ਕੀਤਾ ਜਾਣਾ ਹੈ ਜਿਸ ਉਪਰ 4.5 ਕਰੋੜ ਰੁਪਏ ਖਰਚ ਆਉਣਗੇ ਅਤੇ ਇਸ ਦੇ ਤਹਿਤ ਵਿਦਿਆਰਥੀਆਂ ਨੂੰ ਕੋਰਸ ਲਈ ਪੜਣ ਵਾਲੀ ਸਮੱਗਰੀ ਵੀ ਦਿੱਤੀ ਜਾਵੇਗੀ। ਇਨ੍ਹਾਂ ਕੋਰਸਾਂ ਵਿੱਚ ਸੰਪਰਕ ਸੈਸ਼ਨ, ਸਵਾਲਾਂ ਦੇ ਹੱਲ ਅਤੇ ਆਰਕਾਈਵਜ਼ ਸੈਕਸ਼ਨ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਨੂੰ ਹੋਰ ਪ੍ਰਭਾਵੀ ਤੇ ਸੁਖਾਲਾ ਬਣਾਉਣ ਲਈ ਕੋ-ਕੋਆਰਡੀਨੇਟਰ ਵੀ ਤਾਇਨਾਤ ਕੀਤੇ ਜਾਣਗੇ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਐਜੂਸੈ¤ਟ ਰਾਹੀਂ ਮੌਜੂਦਾ ਸਮੇਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਦੌਰਾਨ ਹੀ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਇਨ੍ਹਾਂ ਕੋਰਸਾਂ ਲਈ ਸਕੂਲ ਸਮੇਂ ਤੋਂ ਬਾਅਦ ਵੀਸਿੱਖਿਆ ਦਿੱਤੀ ਜਾਇਆ ਕਰੇਗੀ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਮੈਡੀਕਲ ਤੇ ਇੰਜਨੀਅਰਿੰਗ ਦੇ ਖੇਤਰਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਆਈਲੈਟਸ ਤੇ ਟੌਫਲ ਦੇ ਟੈਸਟ ਲਈ ਵੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਮੀਟਿੰਗ ਵਿੱਚ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਪ੍ਰਮੁੱਖ ਸਕੱਤਰ ਵਿੱਤ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀ ਸੀ ਰਾਊਲ, ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸ਼ਰਮਾ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਜੀ.ਕੇ.ਸਿੰਘ ਹਾਜ਼ਰ ਸਨ।



