ਚੰਡੀਗੜ੍ਹ, 18 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸਾਲ 2014-15 ਦੇ ਪਿੜਾਈ ਸੀਜ਼ਨ ਲਈ ਗੰਨੇ ਦੀ ਅਗੇਤੀ, ਦਰਮਿਆਨੀ ਅਤੇ ਪਛੇਤੀ ਕਿਸਮ ਦਾ ਭਾਅ (ਸਟੇਟ ਐਗਰੀਡ ਪ੍ਰਾਇਸ) ਨਿਰਧਾਰਤ ਕਰਦਿਆਂ ਪਿਛਲੇ ਸਾਲ ਨਾਲੋਂ ਪ੍ਰਤੀ ਕੁਇੰਟਲ ਪੰਜ ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਫਾਈਲ ’ਤੇ ਸਹੀ ਪਾ ਦਿੱਤੀ ਹੈ। ਗੌਰਤਲਬ ਹੈ ਕਿ ਸੂਬਾ ਸਰਕਾਰ ਨੇ ਸਾਲ 2013-14 ਦੇ ਪਿੜਾਈ ਸੀਜ਼ਨ ਲਈ ਗੰਨੇ ਦੀ ਅਗੇਤੀ, ਦਰਮਿਆਨੀ ਅਤੇ ਪਛੇਤੀ ਕਿਸਮ ਲਈ ਕ੍ਰਮਵਾਰ 290 ਰੁਪਏ, 280 ਰੁਪਏ ਅਤੇ 275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ। ਸੂਬਾ ਸਰਕਾਰ ਦੇ ਮੌਜੂਦਾ ਫੈਸਲੇ ਨਾਲ ਸਾਲ 2014-15 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਅਗੇਤੀ, ਦਰਮਿਆਨੀ ਅਤੇ ਪਛੇਤੀ ਕਿਸਮ ਦਾ ਭਾਅ ਕ੍ਰਮਵਾਰ 295 ਰੁਪਏ, 285 ਰੁਪਏ ਅਤੇ 280 ਰੁਪਏ ਪ੍ਰਤੀ ਕੁਇੰਟਲ ਹੋਵੇਗਾ।



