ਚੰਡੀਗੜ੍ਹ, 17 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਿਲਾ ਦੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਵਿਤਾ ਜੈਨ ਦੀ ਸਲਾਹ ਨਾਲ ਹਰਿਆਣਾ ਵਿਚ 67.60 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕਰਕੇ ਬਾਕੀ 12 ਜਿਲ੍ਹਿਆਂ ਵਿਚ ਸਮੇਕਿਤ ਬਾਲ ਵਿਕਾਸ ਸੇਵਾਵਾਂ (ਆਈ.ਸੀ.ਡੀ.ਐਸ.) ਯੋਜਨਾ ਲਾਗੂ ਕਰਨ ਦੀ ਮੰਜ਼ੂਰੀ ਪ੍ਰਦਾਨ ਕੀਤੀ ਹੈ । ਇੰਨ੍ਹਾਂ ਜਿਲ੍ਹਿਆਂ ਨੂੰ ਸਾਲ 2014-15 ਲਈ ਇਸ ਯੋਜਨਾ ਦੇ ਤੀਜੇ ਪੜਾਅ ਦੇ ਤਹਿਤ ਕਵਰ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦੇ ਤਹਿਤ ਅੰਬਾਲਾ, ਜੀਂਦ, ਹਿਸਾਰ, ਕਰਨਾਲ, ਫਤਿਹਾਬਾਦ, ਪੰਚਕੂਲਾ, ਝੱਜਰ, ਪਲਵਲ, ਮੇਵਾਤ, ਸੋਨੀਪਤ, ਸਿਰਸਾ ਅਤੇ ਕੁਰੂਕਸ਼ੇਤਰ ਜਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਪਹਿਲੇ ਪੜਾਅ ਦੌਰਾਨ ਇਹ ਯੋਜਨਾ ਪੰਜ ਜਿਲ੍ਹਿਆਂ ਫਰੀਦਾਬਾਦ, ਕੈਥਲ, ਗੁੜਗਾਉਂ, ਪਾਣੀਪਤ ਅਤੇ ਯਮੁਨਾਨਗਰ ਵਿਚ ਲਾਗੂ ਕੀਤੀ ਜਾ ਰਹੀ ਹੈ ਅਤੇ ਚਾਰ ਜਿਲ੍ਹਿਆਂ ਮਹੇਂਦਰਗੜ੍ਹ, ਭਿਵਾਨੀ, ਰੋਹਤਕ ਅਤੇ ਰਿਵਾੜੀ ਵਿਚ ਦੂਜੇ ਪੜਾਅ ਦੇ ਤਹਿਤ ਇਹ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਸਮੇਕਿਤ ਬਾਲ ਵਿਕਾਸ ਸੇਵਾਵਾਂ ਯੋਜਨਾ ਹਰਿਆਣਾ ਸਰਕਾਰ ਦੀ ਇਕ ਮਹੱਤਵਪੂਰਨ ਕੇਂਦਰੀ ਪ੍ਰਾਯੋਜਿਤ ਯੋਜਨਾ ਹੈ । ਇਸ ਯੋਜਨਾ ਦਾ ਮੰਤਵ 6 ਸਾਲ ਦੇ ਬੱਚਿਆਂ ਦਾ ਚਹੁੰਮੁੱਖੀ ਵਿਕਾਸ ਕਰਨਾ ਅਤੇ ਗਰਭਵੱਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਖੁਰਾਕ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਸੇਵਾਵਾਂ ਪ੍ਰਦਾਨ ਕਰਨਾ ਹੈ ।



