Skip to content
Independent perspectives. Global stories.
BREAKING

ਅਕਾਲੀ-ਭਾਜਪਾ ਗਠਜੋੜ ਸਥਾਨਕ ਸਰਕਾਰਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗਾ : ਸੁਖਬੀਰ ਬਾਦਲ

Share this story

ਕਾਂਗਰਸ ਅਤੇ ਖੱਬੇ ਪੱਖੀਆਂ ਨੂੰ ਦੱਸਿਆ ਬੀਤੇ ਸਮੇਂ ਦੀ ਗੱਲ
Page-1_06 ਜਲੰਧਰ/ਜਲਾਲਾਬਾਦ, 13 ਨਵੰਬਰ- ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਰੋਜਮਰਾਂ ਦੀਆਂ ਸਰਕਾਰੀ ਸੇਵਾਵਾਂ ਪਿੰਡਾਂ ਅਤੇ ਵਾਰਡਾਂ ਦੇ ਪੱਧਰ ਤੇ ਹੀ ਉਪਲਬੱਧ ਕਰਵਾਉਣ ਲਈ ਰਾਜ ਦੇ 13000 ਪਿੰਡਾਂ ਅਤੇ 137 ਸ਼ਹਿਰਾਂ ਵਿਚ 2600 ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ। ਇਹ ਗੱਲ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਇੱਥੇ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਆਖੀ। ਸ: ਸੁਖਬੀਰ ਸਿੰਘ ਬਾਦਲ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਦੀ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਨਵੀਂ ਹਾਈਟੈਕ ਇਮਾਰਤ ਦੇ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਏਕੀਕ੍ਰਿਤ ਨਾਗਰਿਕ ਸੇਵਾਵਾਂ

ਪ੍ਰਦਾਤਾ ਕੇਂਦਰਾਂ’ ਵਿਚ ਰਾਜ ਦੇ ਨਾਗਰਿਕਾਂ ਨੂੰ 225 ਕਿਸਮ ਦੀਆਂ ਸਰਕਾਰੀ ਸੇਵਾਵਾਂ ਇੱਕੋ ਛੱਤ ਥੱਲੇ ਉਪਲਬੱਧ ਕਰਵਾਈਆਂ ਜਾਣਗੀਆਂ ਅਤੇ ਇਸ ਨਾਲ ਹੁਣ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਜਾਣ ਦੀ ਜਰੂਰਤ ਵੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਅਹਿਮ ਉਪਰਾਲਾ ਕਰਨ ਵਾਲਾ ਪੰਜਾਬ ਦੇਸ਼ ਵਿਚੋਂ ਪਹਿਲਾ ਸੂਬਾ ਹੈ ਜਿੱਥੇ ਰਾਜ ਦੇ ਨਾਗਰਿਕਾਂ ਨੂੰ ਨਿਸਚਿਤ ਸਮਾਂ ਹੱਦ ਅੰਦਰ ਮਿਆਰੀ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਈਆਂ ਜਾਣਗੀਆਂ ਜਿਸ ਨਾਲ ਰਾਜ ਦੇ ਲੋਕਾਂ ਦੇ ਰੋਜਮਰਾਂ ਦੇ ਜੀਵਨ ਵਿਚ ਕ੍ਰਾਂਤੀਕਾਰੀ ਬਦਲਾਅ ਆਵੇਗਾ। ਇਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ।  ਉਪ ਮੁੱਖ ਮੰਤਰੀ ਨੇ ਕਿਹਾ ਕਿ  ‘ਘੱਟੋ-ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ’ ਦੀ ਅਵਧਾਰਨਾ ਤਹਿਤ ਪੰਜਾਬ ਦੀ ਪ੍ਰਸਾਸ਼ਨਿਕ ਸੁਧਾਰਾਂ ਦੀ ਲੜੀ ਤਹਿਤ ਕੁੱਲ 2600 ‘ਏਕੀਕ੍ਰਿਤ ਨਾਗਰਿਕ ਸੇਵਾਵਾਂ ਪ੍ਰਦਾਤਾ ਕੇਂਦਰ’ ਸਥਾਪਿਤ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਵਿਚੋਂ 2174 ਕੇਂਦਰਾਂ ਦੀ ਸਥਾਪਤੀ ਲਈ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚੋਂ ਦਿਹਾਤੀ ਖੇਤਰਾਂ ਵਿਚ 1750 ਅਤੇ ਸ਼ਹਿਰੀ ਇਲਾਕਿਆਂ ਵਿਚ 424 ਅਜਿਹੇ ‘ਏਕੀਕ੍ਰਿਤ ਨਾਗਰਿਕ ਸੇਵਾਵਾਂ ਪ੍ਰਦਾਤਾ ਕੇਂਦਰ’ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਤੈਅ ਸਮਾਂ ਹੱਦ ਅੰਦਰ ਰਾਜ ਦੇ ਨਾਗਰਿਕਾਂ ਨੂੰ ਉਪਲਬੱਧ ਕਰਵਾਉਣ ਲਈ ਪਹਿਲੇ ਗੇੜ ਵਿਚ ਸਥਾਪਿਤ ਕੀਤੇ ਜਾਣਗੇ। ਇਹ ਕੇਂਦਰ ਅਗਲੇ 6 ਮਹੀਨਿਆਂ ਵਿਚ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਰਾਜ ਦੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਨਿਗਰਾਨੀ ਮੁੱਖ ਸਕੱਤਰ ਪੰਜਾਬ ਸਰਕਾਰ ਕਰ ਰਹੇ ਹਨ।
          ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਇੰਡਸਟਰੀ ਦੀ ਹੱਬ ਬਣਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ ਅਤੇ ਵੱਡੀ ਪੱਧਰ ਤੇ ਭਾਰਤੀ ਅਤੇ ਬਹੁਕੌਮੀ ਉਦਯੋਗਿਕ ਘਰਾਣਿਆ ਵੱਲੋਂ ਰਾਜ ਵਿਚ ਨਿਵੇਸ਼ ਕਰਨ ਲਈ ਰੂੁਚੀ ਵਿਖਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਤਰੱਕੀ ਨੂੰ ਹੋਰ ਗਤੀ ਮਿਲਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਨਿਵੇਸ਼ ਸੰਮਲੇਨ ਦੇ ਵੀ ਉਤਸਾਹਵਰੱਧਕ ਨਤੀਜੇ ਨਿਕਲੇ ਹਨ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਰਾਜ ਵਿਚ ਬਕਾਇਆ ਪਈਆਂ ਮਾਰਕਿਟ ਕਮੇਟੀਆਂ ਦੀਆਂ ਚੇਅਰਮੈਨੀਆਂ ਦਾ ਐਲਾਣ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਪਹਿਲਾਂ ਵਾਂਗ ਮਿਲ ਕੇ ਲੜੀਆਂ ਜਾਣਗੀਆਂ ਅਤੇ ਗਠਜੋਨ ਇੰਨ੍ਹਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਸਿਰਜੇਗਾ। ਖੱਬੇ ਪੱਖੀ ਪਾਰਟੀਆਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਕੌਮੀ ਪੱਧਰ ਸਮੇਤ ਖੱਬੇ ਪੱਖੀ ਪਾਰਟੀਆਂ ਦਾ ਪੰਜਾਬ ਵਿਚ ਵੀ ਹੁਣ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਪੰਜਾਬ ਵਿਚ ਹੁਣ ਬੀਤੇ ਦੀ ਗੱਲ ਹੋ ਗਈਆਂ ਹਨ। ਪੰਚਾਇਤਾਂ ਤੋਂ ਵਿਕਾਸ ਕੰਮ ਲੈਕੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਅਲਾਟ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਉਹ ਇਸ ਸਬੰਧੀ ਖੁਦ ਪੜਤਾਲ ਕਰਵਾਉਣਗੇ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ: ਬਾਦਲ ਨੇ 26 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਬਣ ਰਹੇ 100 ਬਿਸਤਰਿਆਂ ਦੇ ਸਰਕਾਰੀ ਹਸਪਤਾਲ ਦੀ ਚੱਲ ਰਹੀ ਉਸਾਰੀ ਦਾ ਜਾਇਜਾ ਵੀ ਲਿਆ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਨਿਰਮਾਣ ਅਗਲੇ ਸਾਲ ਦੇ ਅੱਧ ਤੱਕ ਮੁਕੰਮਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਵਿਚ ਫਰਨੀਚਰ ਲਈ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ। ਉਪ ਮੁੱਖ ਮੰਤਰੀ ਨੇ ਦੋ ਦਿਨਾਂ ਦੌਰੇ ਦੌਰਾਨ ਕੋਈ 90 ਕਰੋੜ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਕੀਤੇ ਜਿਸ ਦੌਰਾਨ ਅੱਜ ਉਨ੍ਹਾਂ ਨੇ ਪਿੰਡ ਢਾਣੀ ਵਿਸਾਖਾ ਸਿੰਘ, ਕੋਟੂ ਵਾਲਾ, ਛੋਟਾ ਟਿਵਾਣਾ, ਵੱਡਾ ਟਿਵਾਣਾ, ਬਸਤੀ ਭੁੰਮਣ ਸ਼ਾਹ, ਗੁਮਾਨੀ ਵਾਲਾ, ਬਾਰੇਵਾਲਾ, ਬੇਲਰ ਮਸਤੂ ਵਾਲਾ, ਕਮਰੇ ਵਾਲਾ ਆਦਿ ਥਾਂਵਾਂ ਤੇ ਸੀ.ਸੀ. ਫਲੋਰਿੰਗ ਅਤੇ ਵਾਟਰ ਸਪਲਾਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਸ: ਸਤਿੰਦਰਜੀਤ ਸਿੰਘ ਮੰਟਾ, ਸ: ਚਰਨਜੀਤ ਸਿੰਘ ਬਰਾੜ, ਸ੍ਰੀ ਪ੍ਰੇਮ ਵਲੇਚਾ, ਸ੍ਰੀ ਅਸੋਕ ਅਨੇਜਾ, ਸ੍ਰੀ ਦਰਸ਼ਨ ਵਧਵਾ, ਕਮਿਸ਼ਨਰ ਸ੍ਰੀ ਵੀ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਮਨਜੀਤ ਸਿੰਘ ਬਰਾੜ, ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ, ਅਕਾਲੀ ਭਾਜਪਾ ਆਗੂ, ਵਰਕਰ ਅਤੇ ਇਲਾਕਾ ਨਿਵਾਸੀ ਹਾਜਰ ਸਨ।

WRITTEN BY