ਮਨਪ੍ਰੀਤ ਕਾਗਜ਼ੀ ਸ਼ੇਰ ਤੋਂ ਵੱਧ ਕੁਝ ਵੀ ਨਹੀਂ
ਜਲੰਧਰ/ਜਲਾਲਾਬਾਦ-ਅਰਨੀਵਾਲਾ, 12 ਨਵੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਰਿਕਾਰਡਤੋੜ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੈਰਾਂ ਹੇਠੋਂ ਪਹਿਲਾਂ ਹੀ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਵੀ ਦਿੱਲੀ ਦੇ ਵਾਸੀ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ।ਅੱਜ ਇੱਥੇ ਜਲਾਲਾਬਾਦ ਹਲਕੇ ਵਿਚ 47 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਦੇ ਨੀਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਕੋਈ ਸਿਆਸੀ ਗਠਜੋੜ ਨਹੀਂ ਸਗੋਂ ਕੁਦਰਤੀ ਗਠਜੋੜ ਹੈ
ਜਿਸਨੇ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਵੱਲੋਂ ਲੋਕਾਂ ਨੂੰ ਸ਼ਾਂਤੀ ਤੇ ਅਮਨਪੂਰਵਕ ਮਾਹੌਲ ਦੇ ਨਾਲ-ਨਾਲ ਵਿਕਾਸਮੁਖੀ ਸਰਕਾਰ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਹਾਸਿਲ ਕਰਨ ਲਈ ਗਠਜੋੜ ਵਿਚ ਵਖਰੇਵੇਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਦਿੱਲੀ ਚੋਣਾਂ ਵਿੱਚ ਗਠਜੋੜ ਦੀ ਵੱਡੀ ਜਿੱਤ ਸਾਰੀ ਸਥਿਤੀ ਸਪੱਸ਼ਟ ਕਰ ਦੇਵੇਗੀ।
ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਕੀਤੀ ਗਈ ਬਿਆਨਬਾਜ਼ੀ ਬਾਰੇ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਕਾਗ਼ਜ਼ੀ ਸ਼ੇਰ ਤੋਂ ਵੱਧ ਕੁਝ ਵੀ ਨਹੀਂ ਤੇ ਉਸਦੇ ਬਿਆਨਾਂ ਬਾਰੇ ਪ੍ਰਤੀਕ੍ਰਿਆ ਜ਼ਾਹਿਰ ਕਰਨੀ ਸਮੇਂ ਦੀ ਬਰਬਾਦੀ ਹੈ।ਅੱਜ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਲੋਕ ਭਲਾਈ ਦੇ ਕੰਮਾਂ ਤੇ ਵਿਸ਼ੇਸ਼ ਕਰਕੇ ਪਿੰਡਾਂ ਵਿਚ ਗਲੀਆਂ, ਨਾਲੀਆਂ ਦੇ ਵਿਕਾਸ ਵਾਸਤੇ ਵਾਜਬ ਕੀਮਤਾਂ ’ਤੇ ਸੀਮੇਂਟ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸੀਮੇਂਟ ਕੰਪਨੀਆਂ ਨਾਲ ਸਮਝ ਯਾਦ ਪੱਤਰ ਦਸਤਖਤ ਕੀਤੇ ਜਾਣਗੇ। ਉਨ੍ਹਾਂ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਤੇ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਇਸ ਲਈ 15 ਨਵੰਬਰ ਤੱਕ ਟੈਂਡਰ ਪ੍ਰਕ੍ਰਿਆ ਸ਼ੁਰੂ ਕਰਨ। ਅਰਨੀਵਾਲਾ ਵਿਖੇ 10 ਕਰੋੜ ਦੀ ਲਾਗਤ ਨਾਲ ਵਾਟਰ ਸਪਲਾਈ ਤੋਂ ਇਲਾਵਾ 21 ਕਰੋੜ ਦੀ ਲਾਗਤ ਵਾਲੀ ਸੀਵਰੇਜ਼ ਵਿਵਸਥਾ ਦਾ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਅਰਨੀਵਾਲਾ ਨੂੰ ਮਾਰਕੀਟ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਡੱਬਵਾਲਾ ਵਿਖੇ ਵੈਟਨਰੀ ਪੋਲੀ ਕਲੀਨਿਕ ਦੀ ਇਮਾਰਤ ਦੇ ਨੀਂਹ ਪੱਥਰ ਤੋਂ ਇਲਾਵਾ ਇਲਾਵਾ ਪਿੰਡ ਲੱਧੂ ਉਤਾੜ, ਚੱਕ ਜਾਨੀ ਸਰ, ਚੱਕ ਰੋੜਾ ਵਾਲਾ, ਚੱਕ ਗੁਲਾਮ, ਢਾਣੀ ਕਰਤਾਰ ਸਿੰਘ, ਢਾਣੀ ਸਰਦੂਲ ਸਿੰਘ, ਪਾਲੀ ਵਾਲਾ, ਹਲੀਮ ਵਾਲਾ, ਅਮੀਨ ਗੱਜ, ਇਸਲਾਮਵਾਲਾ, ਕੰਧ ਵਾਲਾ ਹਾਜ਼ਰ, ਮਮੂਖੇੜਾ, ਮਮੂਖੇੜਾ ਖਾਟਵਾ, ਬੁਰਜ ਹਨੂੰਮਾਨਗੜ੍ਹ, ਝੁਗੇ ਕੇਹਰ ਸਿੰਘ ਵਿਖੇ ਗਲੀਆਂ ਦੀ ਸੀ.ਸੀ. ਫਲੋਰਿੰਗ ਕਰਨ ਦੇ ਕੰਮਾਂ ਦੇ ਵੀ ਨੀਂਹ ਪੱਥਰ ਰੱਖੇ।ਇਸ ਮੌਕੇ ਮੁੱਖ ਤੌਰ ’ਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮਿੰਟਾ, ਅਸ਼ੋਕ ਅਨੇਜਾ ਜਿਲ੍ਹਾ ਪ੍ਰਧਾਨ ਸ਼ਹਿਰੀ ਅਕਾਲੀ ਦਲ, ਵੀਰਪਾਲ ਕੌਰ ਤਰਮਾਲਾ ਮੈਂਬਰ ਵੂਮੈਨ ਕਮਿਸ਼ਨ ,ਪੰਜਾਬ , ਡੀ.ਆਈ.ਜੀ.ਮੁਨੀਸ਼ ਚਾਵਲਾ ਤੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਹਾਜ਼ਰ ਸਨ।



