ਚੰਡੀਗੜ੍ਹ, 8 ਨਵੰਬਰ (ਪੀ. ਟੀ.)- ‘‘ਜਦੋਂ ਅੰਗਰੇਜ਼ਾਂ ਨੇ ਹਿੰਦੂਸਤਾਨ ਹਿੰਦੂਤਵ ਹੁਕਮਰਾਨਾਂ ਨੂੰ ਸਪੁਰਦ ਕੀਤਾ ਸੀ, ਉਸ ਸਮੇਂ ਗੰਗਾ ਦਾ ਪਾਣੀ ਕੀਟਾਣੂਆਂ ਤੋ ਰਹਿਤ, ਸਵੱਛ ਅਤੇ ਪੀਣ ਤੋਂ ਇਲਾਵਾ ਹਰ ਮਕਸਦ ਲਈ ਵਰਤਿਆ ਜਾ ਸਕਦਾ ਸੀ ਅਤੇ ਕਿਸੇ ਵੀ ਸਥਾਨ ਤੋਂ ਕੋਈ ਵੀ ਇਨਸਾਨ ਇਹ ਗੰਗਾ ਦਾ ਪਾਣੀ ਪੀ ਸਕਦਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਉਸ ਤੋਂ ਬਾਅਦ ਜੋ ਹਿੰਦੂਤਵ ਸੋਚ ਵਾਲੇ ਗੰਗਾ ਨੂੰ ਪਵਿੱਤਰ ਮੰਨਦੇ ਹਨ ਅਤੇ ਪੂਜਦੇ ਹਨ, ਉਨ੍ਹਾਂ ਨੇ ਆਪਣੇ ਘਰਾਂ, ਕਾਰੋਬਾਰਾਂ, ਵੱਡੇ-ਵੱਡੇ ਕਾਰਖਾਨਿਆਂ ਅਤੇ ਹੋਰ ਸਭ ਸਥਾਨਾਂ ਤੋਂ ਆਉਣ ਵਾਲਾ ਗੰਦ ਇਸ ਗੰਗਾ ਵਿੱਚ ਸੁੱਟਦੇ ਆ ਰਹੇ ਹਨ। ਜਿਸ ਨਾਲ ਅੱਜ ਗੰਗਾ ਦਾ ਪਾਣੀ ਕੈਂਸਰ, ਗਲਘੋਟੂ, ਜੋੜਾਂ ਦਾ ਦਰਦ, ਅੰਤੜੀਆਂ ਦੀਆਂ ਬਿਮਾਰੀਆਂ ਵੱਡੇ ਪੱਧਰ ’ਤੇ ਫੈਲਾਉਣ ਦਾ ਕਾਰਨ ਬਣ ਗਿਆ ਹੈ । ਹੁਣ ਜੇਕਰ ਬੀਬੀ ਉਮਾ ਭਾਰਤੀ ਨੂੰ ਪਵਿੱਤਰ ਗੰਗਾ ਨਦੀ ਦੀ ਪਵਿੱਤਰਤਾ ਯਾਦ ਆਈ ਹੈ ਅਤੇ ਉਸ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਹੈ, ਤਾਂ ਇਸ
ਸਵਾਗਤਯੋਗ ਕੀਤੇ ਜਾ ਰਹੇ ਉਦਮ ਦੇ ਨਾਲ-ਨਾਲ ਉਮਾ ਭਾਰਤੀ ਬਤੌਰ ਪਾਣੀ ਅਤੇ ਦਰਿਆਵਾਂ ਦੀ ਵਜ਼ੀਰ ਹੋਣ ਦੇ ਨਾਤੇ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦਾ ਪਾਣੀ ਜੋ ਵੱਡੇ-ਵੱਡੇ ਉਦਯੋਗਾਂ ਅਤੇ ਘਰਾਂ ਦੇ ਗੰਦ ਸੁੱਟੇ ਜਾਣ ਕਾਰਨ ਅਤਿ ਗੰਧਲਾ ਅਤੇ ਬਿਮਾਰੀਆਂ ਭਰਪੂਰ ਹੋ ਚੁੱਕਾ ਹੈ ਅਤੇ ਜਿਸ ਨਾਲ ਪੰਜਾਬ ਦੇ ਬਸ਼ਿੰਦਿਆਂ ਦੀ ਵੱਡੀ ਗਿਣਤੀ ਮੌਤ ਦੇ ਮੂੰਹ ਵਿਚ ਜਾ ਰਹੀ ਹੈ, ਉਨ੍ਹਾਂ ਦਰਿਆਵਾਂ ਨੂੰ ਵੀ ਮਨੁੱਖਤਾ ਦੀਆਂ ਜ਼ਿੰਦਗਾਨੀਆਂ ਦੇ ਬਿਨਾ ’ਤੇ ਉਸੇ ਤਰ੍ਹਾਂ ਸਾਫ਼ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਜਿਵੇਂ ਉਹ ਗੰਗਾ ਨੂੰ ਸਾਫ਼ ਕਰਨ ਦੇ ਮਿਸ਼ਨ ਵੱਲ ਵੱਧ ਰਹੇ ਹਨ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਉਮਾ ਭਾਰਤੀ ਪਾਣੀ ਅਤੇ ਦਰਿਆਵਾਂ ਦੇ ਕੇਂਦਰੀ ਵਜ਼ੀਰ ਵੱਲੋਂ ਗੰਗਾ ਨੂੰ ਸਾਫ਼ ਕਰਨ ਦੇ ਪ੍ਰਗਟਾਏ ਵਿਚਾਰਾਂ ਨੂੰ ਸਹੀ ਕਰਾਰ ਦਿੰਦੇ ਹੋਏ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚੋਂ ਨਿਕਲਣ ਵਾਲੇ ਰਾਵੀ, ਚਿਨਾਬ ਅਤੇ ਜਿਹਲਮ ਦੇ ਪਾਣੀਆਂ ਨੂੰ ਵੀ ਸਵੱਛ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਹਿੰਦ ਉਤੇ ਦੋਸ਼ ਲਗਾਉਦਾਂ ਹੈ ਕਿ ਜੰਮੂ-ਕਸ਼ਮੀਰ ਦੀਆਂ ਪਹਾੜੀਆਂ ਵਿਚੋਂ ਨਿਕਲਣ ਵਾਲੇ ਦਰਿਆ ਰਾਵੀ, ਚਿਨਾਬ ਅਤੇ ਜਿਹਲਮ ਵਿੱਚ ਹਿੰਦ ਹਕੂਮਤ ਜਾਣਬੁੱਝ ਕੇ ਪ੍ਰਦੂਸ਼ਣ ਅਤੇ ਗੰਦ ਦਾਖਲ ਕਰਕੇ ਪਾਕਿਸਤਾਨ ਨਿਵਾਸੀਆਂ ਦੇ ਜੀਵਨ ਨਾਲ ਖਿਲਵਾੜ ਕਰ ਰਹੀ ਹੈ, ਜੋ ਕਿ ਮਨੁੱਖਤਾ ਵਿਰੋਧੀ ਵਰਤਾਰਾ ਹੈ। ਜੇਕਰ ਇਹਨਾਂ ਦਰਿਆਵਾਂ ਦੀ ਵੀ ਸ਼ਿੱਦਤ ਨਾਲ ਸਫ਼ਾਈ ਕਰਵਾਕੇ ਮਨੁੱਖਤਾ ਪੱਖੀ ਜ਼ਿੰਮੇਵਾਰੀ ਨਿਭਾ ਦਿੱਤੀ ਜਾਵੇ ਤਾਂ ਪਾਕਿਸਤਾਨ ਵੱਲੋਂ ਹਿੰਦ ਹਕੂਮਤ ਉਤੇ ਲੱਗਣ ਵਾਲੇ ਗੈਰ ਇਨਸਾਨੀ ਦੋਸ਼ਾਂ ਤੋਂ ਵੀ ਸੁਰਖਰੂ ਹੋਇਆ ਜਾ ਸਕਦਾ ਹੈ । ਜਦੋਂ ਵੀ ਬੀਬੀ ਉਮਾ ਭਾਰਤੀ ਪੰਜਾਬ ਦੇ ਸਤਲੁਜ ਅਤੇ ਬਿਆਸ ਦੇ ਦਰਿਆਵਾਂ ਦੀ ਸਫ਼ਾਈ ਲਈ ਅਮਲੀ ਰੂਪ ਵਿਚ ਉਦਮ ਸੁਰੂ ਕਰਨਾ ਚਾਹੁਣਗੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤੇ ਪੰਜਾਬੀ ਉਨ੍ਹਾਂ ਨੂੰ ਹਰ ਪੱਖੋ ਸਹਿਯੋਗ ਦੇਣ ਲਈ ਵਚਨਬੱਧ ਹੋਣਗੇ ਅਤੇ ਅਸੀ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ।



