ਤਰਨ ਤਾਰਨ, 4 ਨਵੰਬਰ (ਵਿਜੇ, ਸਾਹਿਲ)- ਤਰਨ ਤਾਰਨ ਦੇ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਨ੍ਹਾਂ ਦੇ ਪਹੁੰਚਣ ’ਤੇ ਪਿੰਡ ਵਾਲਿਆਂ ਨੇ ਨਿੱਘਾ ਸਵਾਗਤ ਕੀਤਾ। ਸ. ਬਾਜਵਾ ਨੇ ਇਸ ਮੌਕੇ ਦੱਸਿਆ ਕਿ 14 ਨਵੰਬਰ ਨੂੰ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਕਾਂਗਰਸ ਪਾਰਟੀ ‘ਸੇਵ ਪੰਜਾਬ ਮੁਹਿੰਮ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦਿਨ ਨੂੰ ਲੈ ਕੇ ਅਸੀਂ ਪਹਿਲਾਂ ਜ਼ਿਲ੍ਹਿਆਂ ਵਿੱਚ ਦੌਰੇ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ ਤਾਂ ਜੋ ਪਾਰਟੀ ਵਰਕਰਾਂ ਨੂੰ ਇਸ ਮੁਹਿੰਮ ਬਾਰੇ ਜਾਣੂ ਕਰਵਾਇਆ ਜਾ ਸਕੇ। ਅੱਜ ਹਲਕਾ ਪੱਟੀ ਦੇ 15 ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦੇ ਨਾਲ ਜੁੜ ਕੇ ਸਾਡਾ ਸਾਥ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਸੋਨੇ ਦੀ ਚਿੜੀ ਸੀ ਜੋ ਹੁਣ ਨਸ਼ਿਆਂ ਵਿਚ ਗਿਣਿਆ ਜਾ ਰਿਹਾ ਹੈ। ਨੌਜਵਾਨ ਨਸ਼ਿਆਂ ਵਿੱਚ ਰੁੜ੍ਹਦਾ ਹੀ
ਜਾ ਰਿਹਾ ਹੈ। ਇਸ ਨੂੰ ਬਚਾਉਣ ਲਈ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਉਣ ਤੇ ਇਸ ਮੁਹਿੰਮ ਵਿਚ ਆਣ ਕੇ ਜੁੜਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਪਾਸੋਂ ਜੋ ਦੰਗਾ ਪੀੜਤਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਕਿਹਾ ਗਿਆ ਕਿ ਅਸੀਂ ਕੋਈ ਐਲਾਨ ਨਹੀਂ ਕੀਤਾ। ਇਸ ਗੱਲ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ ਕਿ ਪਹਿਲਾਂ ਕਿਹਾ ਤੇ ਫਿਰ ਮੁਕਰ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਕੀਤਾ, ਕਦੇ ਵੀ ਮੁਕਰੀ ਨਹੀਂ। ਮੋਦੀ ਆਪਣੀ ਜੁਬਾਨ ਤੋਂ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਜਾਦੂਗਰ ਹੈ, ਜਿਸ ਤਰ੍ਹਾਂ ਇਕ ਜਾਦੂਗਰ ਕਈ ਤਰ੍ਹਾਂ ਦੇ ਜਾਦੂ ਕਰ ਕੇ ਦਿਖਾਉਂਦਾ ਹੈ ਤੇ ਹੁੰਦਾ ਕੁਝ ਨਹੀਂ, ਉਸੇ ਤਰ੍ਹਾਂ ਇਹ ਵੀ ਜਾਦੂਗਰ ਕਹਿੰਦਾ ਹੈ ਪਰ ਵਿੱਚੋਂ ਨਿਕਲਦਾ ਕੁਝ ਨਹੀਂ। ਸ. ਬਾਜਵਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ 1984 ਦੇ ਵਿੱਚ ਜੋ ਦੰਗੇ ਹੋਏ ਤੇ ਦੋਸ਼ੀ ਜੋ ਵੀ ਹਨ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦਵਾਉਣ ਵਿੱਚ ਪਿੱਛੇ ਨਾ ਹਟਿਓ, ਕਿਉਂਕਿ ਥੱਲੇ ਵੀ ਸਰਕਾਰ ਤੁਹਾਡੀ ਹੈ ਤੇ ਉਪਰ ਵੀ ਸਰਕਾਰ ਤੁਹਾਡੀ ਹੈ। ਫਿਰ ਨਾ ਕਿਹੋ ਕਿ ਕਾਂਗਰਸ ਪਾਰਟੀ ਨੇ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਜਿੰਨਾ ਝੂਠ ਅਤੇ ਕੁਫਰ ਤੋਲਦੇ ਹਨ ਓਨਾ ਕੁਫਰ ਕੋਈ ਨਹੀਂ ਤੋਲਦਾ। ਵੋਟਾਂ ਲੈਣ ਸਮੇਂ ਬਾਦਲ ਵੱਲੋਂ ਚੋਣ ਮਨੋਰਥ ਬਣਾਇਆ ਗਿਆ ਸੀ, ਜਿਸ ਵਿੱਚ ਸਾਫ ਕਿਹਾ ਗਿਆ ਸੀ ਕਿ ਸਕੂਲ ਦੇ ਬੱਚਿਆਂ ਨੂੰ ਲੈਪਟਾਪ ਲੈ ਕੇ ਦਿੱਤੇ ਜਾਣਗੇ, ਸ਼ਗਨ ਸਕੀਮ ਦੇ ਚੈੱਕ ਦਿੱਤੇ ਜਾਣਗੇ, ਨਾ ਲੈਪਟਾਪ ਦਿੱਤੇ ਤੇ ਨਾ ਹੀ ਸ਼ਗਨ ਸਕੀਮ ਦੇ ਚੈੱਕ ਦਿੱਤੇ। ਏਨਾ ਹੀ ਨਹੀਂ ਬਜ਼ੁਰਗਾਂ ਨੂੰ ਤਾਂ ਪੈਨਸ਼ਨ ਵੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਬਾਦਲ ਕਿਉਂ ਨਹੀਂ ਸ਼ੁਰੂ ਕਰਵਾ ਰਿਹਾ, ਕਿਉਂਕਿ ਉਸ ਕੋਲ ਕੋਈ ਮੁਦਾ ਨਹੀਂ ਰਿਹਾ, ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕਰ ਸਕਿਆ ਤੇ ਨਗਰ ਕੌਂਸਲ ਦੀਆਂ ਚੋਣਾਂ ਕਿਸ ਮੁਦੇ ਉਤੇ ਲੜਨਗੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਪੱਟੀ ਇੰਚਾਰਜ ਹਰਮਿੰਦਰ ਸਿੰਘ ਗਿੱਲ, ਜ਼ਿਲ੍ਹਾ ਤਰਨ ਤਾਰਨ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਭੁੱਲਰ, ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਗੁਰਮਿੰਦਰ ਸਿੰਘ ਰਟੋਲ, ਸੁਖਰਾਜ ਸਿੰਘ, ਨਵਨੀਤ ਸਿੰਘ ਚੀਮਾ ਆਦਿ।



