ਚੰਡੀਗੜ੍ਹ, 31 ਅਕਤੂਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਹਰਿਆਣਾ ਦੇ 49ਵੇਂ ਸਥਾਪਨਾ ਦਿਵਸ ’ਤੇ ਵਧਾਈ ਦਿੱਤੀ ਹੈ। ਹਰਿਆਣਾ ਦਿਵਸ ਦੇ ਮੌਕੇ ’ਤੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਭਾਰਤ ਦੇ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਦੀ ਜਯੰਤੀ ਵੀ ਹੈ। ਉਨ੍ਹਾਂ ਮਹਾਨ ਸੁਤੰਤਰਤਾ ਸੈਲਾਨੀ ਅਤੇ ਕੌਮੀ ਏਕਤਾ ਦੇ ਪ੍ਰਤੀਕ ਸਰਦਾਰ ਪਟੇਲ, ਜੋ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੀ ਸਨ, ਨੂੰ ਭਾਵਭਿੰਨੀ ਸ਼ਰਧਾਜਲੀ ਅਰਪਤ ਕੀਤੀ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਆਉਂਦੇ ਹਰਿਆਣਾ ਦਿਵਸ ਮੌਕੇ ਸੂਬਾ ਆਪਣੀ ਸਥਾਪਨਾ ਦੀ ਸਵਰਣ ਜਯੰਤੀ ਸਾਲ ਵਿਚ ਦਾਖਲ ਹੋ ਰਿਹਾ ਹੈ । ਉਨ੍ਹਾਂ ਹਰਿਆਣਾ ਨੂੰ ਖੁਸ਼ਹਾਲ ਭਾਰਤੀ ਸੱਭਿਅਤਾ ਦੀ ਜਨਮ ਥਾਂ ਅਤੇ ਗੀਤਾ ਦੀ ਧਰਾ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਸਖਤ ਮਿਹਨਤ ਨਾਲ ਇਸ ਭੂਮੀ ਨੂੰ ਖੁਸ਼ਹਾਲ ਬਣਾਇਆ, ਉਥੇ ਸੂਬੇ ਦੇ ਵੀਰ ਸੈਨਿਕ ਦੇਸ਼
ਦੀ ਸੁਰੱਖਿਆ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਦੇ ਲਈ ਖੁਦ ਅੱਗੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਿਵਸ ਮੌਕੇ ‘ਆਓ ਬਣਾਏ ਸਵਰਣਿਮ ਹਰਿਆਣਾ’ ਨਾਂਅ ਦੀ ਨਵੀਂ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸਵਰਣਿਮ ਹਰਿਆਣਾ ਵਿਚ ਸ਼ਾਂਤੀ, ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਸਰਕਾਰ ‘ਇਕ ਹਰਿਆਣਾ-ਇਕ ਹਰਿਆਣਵੀਂ’ ਦੀ ਨੀਤੀ ਦਾ ਅਨੁਸਰਣ ਕਰੇਗੀ ਅਤੇ ਖੇਤੀਬਾੜੀ, ਸਿੰਚਾਈ, ਪੇਂਡੂ ਖੇਤਰ, ਬਿਜਲੀ, ਸਿਹਤ, ਉਦਯੋਗ, ਸਿੱਖਿਆ ਦੇ ਖੇਤਰ ਦੇ ਵਿਕਾਸ ਅਤੇ ਨੌਜਵਾਨਾਂ, ਮਹਿਲਾਵਾਂ, ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗ ਦੇ ਕਲਿਆਣ ਨੂੰ ਪਹਿਲਕਦਮੀ ਦੇਵੇਗੀ। ਖੁਦ ਨੂੰ ਕਿਸਾਨ ਦਾ ਬੇਟਾ ਦੱਸਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਹ ਪੇਂਡੂ ਖੇਤਰਾਂ ਵਿਚ ਪਲੇ-ਵੱਡੇ ਹੋਏ ਹਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।



