ਜ¦ਧਰ, 31 ਅਕਤੂਬਰ (ਮਨਦੀਪ ਸਿੰਘ)- ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਮੁੱਖ ਪ੍ਰਸ਼ਾਸਕ ਸ. ਮਨਵੇਸ਼ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਕਿ ਪੁੱਡਾ ਵੱਲੋਂ ਜਲੰਧਰ ਵਿਖੇ ਉਸਾਰੇ ਜਾਣ ਵਾਲੇ ਸਪਲੈਂਡਿਡ ਹਾਈਟਸ ਰਿਹਾਇਸ਼ੀ ਅਪਾਰਟਮੈਂਟ ਘੱਟ ਜ਼ਮੀਨ ’ਤੇ ਵਧੀਆ ਰਿਹਾਇਸ਼ੀ ਯੋਜਨਾਵਾਂ ਪ੍ਰਤੀ ਲੋਕਾਂ ਦੀ ਸੋਚ ਨੂੰ ਉਸਾਰੂ ਮੋੜ ਦੇਣ ਲਈ ਨਵੀਂ ਪੁਲਾਂਘ ਦਾ ਕੰਮ ਕਰਨਗੇ। ਵਿਸ਼ਵ ਪੱਧਰੀ ਅਤੇ ਅਤਿ ਆਧੁਨਿਕ ਸਹੂਲਤਾਂ ਵਾਲੇ ਇਸ ਅਪਾਰਟਮੈਂਟ ਪ੍ਰਾਜੈਕਟ ਸਬੰਧੀ ਸ਼ਹਿਰ ਦੇ ਰੀਅਲ ਅਸਟੇਟ ਨਾਲ ਜੁੜੇ ਵਿਅਕਤੀਆਂ, ਵਕੀਲਾਂ, ਉਦਯੋਗਪਤੀਆਂ, ਵਪਾਰੀਆਂ, ਵਿੱਦਿਅਕ ਖੇਤਰ ਦੀਆਂ ਸ਼ਖਸੀਅਤਾਂ, ਬੈਂਕਰਜ ਅਤੇ ਹੋਰ ਵਰਗਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਦੌਰਾਨ ਸ੍ਰੀ ਸਿੱਧੂ ਨੇ ਦੱਸਿਆ ਕਿ ਪੁਰਾਣੀ ਜੀ.ਟੀ. ਰੋਡ ਜਲੰਧਰ ਵਿਖੇ ਬਣਨ ਵਾਲੇ ਇਹ ਅਪਾਰਟਮੈਂਟ ਆਪਣੇ-ਆਪ ਵਿੱਚ ਵੱਖਰੀ ਮਿਸਾਲ ਬਣਨਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ 108 ਚਾਰ ਬੈੱਡ ਰੂਮ ਵਾਲੇ ਅਤੇ
382 ਤਿੰਨ ਬੈੱਡ ਰੂਮ ਵਾਲੇ ਅਪਾਰਟਮੈਂਟ ਉਸਾਰੇ ਜਾਣਗੇ। ਇਸ ਪ੍ਰਾਜੈਕਟ ਦੇ ਕੁੱਲ ਖੇਤਰ ਦਾ 83 ਫੀਸਦੀ ਦੇ ਕਰੀਬ ਗਰੀਨ ਖੇਤਰ ਹੋਵੇਗਾ। ਇਸ ਤੋਂ ਇਲਾਵਾ ਇਥੇ ਸਵਿਮਿੰਗ ਪੂਲ, ਕਮਿਊਨਿਟੀ ਤੇ ਪਾਰਟੀ ਹਾਲ, ਯੋਗਾ ਕੇਂਦਰ, ਖੇਡ ਸਹੂਲਤਾਂ, 24 ਘੰਟੇ ਬਿਜਲੀ ਅਤੇ ਵਾਟਰ ਸਪਲਾਈ, ਸੁਰੱਖਿਆ ਲਈ ਪਬਲਿਕ ਥਾਵਾਂ ’ਤੇ ਸੀ.ਸੀ.ਟੀ.ਵੀ ਕੈਮਰਿਆਂ ਸਮੇਤ ਹੋਰ ਅਹਿਮ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਾਰਟਮੈਂਟਾਂ ਦੀ 10 ਸਾਲ ਲਈ ਮੇਨਟੀਨੈਂਸ ਉਸਾਰੀ ਕੰਪਨੀ ਵੱਲੋਂ ਹੀ ਕੀਤੀ ਜਾਵੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਜਲੰਧਰ ਸ਼ਹਿਰ ਦਾ ਇਹ ਆਪਣੇ ਆਪ ਵਿੱਚ ਪਹਿਲਾ ਅਜਿਹਾ ਨਿਵੇਕਲਾ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਤਰੱਕੀਨੁਮਾ ਸੋਚ ਸਦਕਾ ਹੀ ਇਹ ਨਿਵੇਕਲਾ ਪ੍ਰਾਜੈਕਟ ਹੋਂਦ ਵਿੱਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਹੁਤ ਹੀ ਕੇਂਦਰੀ ਹਿੱਸੇ ਵਿੱਚ ਬਣ ਰਹੇ ਇਨ੍ਹਾਂ ਅਪਰਾਟਮੈਂਟਾਂ ਲਈ ਅਪਲਾਈ ਕਰਨ ਲਈ 7 ਅਕਤੂਬਰ 2014 ਤੋਂ 7 ਨਵੰਬਰ 2014 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਾਰਟਮੈਂਟਾਂ ਦੀ ਉਸਾਰੀ ਜਨਵਰੀ 2015 ਤੋਂ ਸ਼ੁਰੂ ਹੋਵੇਗੀ ਅਤੇ ਤਿੰਨ ਸਾਲਾਂ ਦੇ ਅੰਦਰ-ਅੰਦਰ ਇਹ ਫਲੈਟ ਅਲਾਟੀਆਂ ਦੇ ਸਪੁਰਦ ਕਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਜਲੰਧਰ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਵਿੱਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ।



