ਰਾਮ ਸਿੰਘ ਧਨੌਲਾ ਦੀ ਵਿਸ਼ੇਸ਼ ਰਿਪੋਰਟ
ਬਰਨਾਲਾ, 30 ਅਕਤੂਬਰ- ਅੱਜ ਟਰੱਕ ਯੂਨੀਅਨ ਬਰਨਾਲਾ ਵਿਖੇ ਡੇਢ ਸੌ ਦੇ ਕਰੀਬ ਟਰੱਕ ਉਪਰੇਟਰਾਂ ਵੱਲੋਂ ਕੀਤੀ ਗਈ ਬਗਾਵਤ ਉਸ ਵੇਲੇ ਅੰਬਰੀਂ ਪੁੱਜ ਗਈ, ਜਦ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਕੰਤਾ ਨੇ ਆਪਣੇ ਸਮਰਥਕਾਂ ਸਮੇਤ ਟਰੱਕ ਯੂਨੀਅਨ ’ਚ ਦਾਖਲ ਹੋ ਕੇ ਪੁਕਾਰ ਕਰਨੀ ਚਾਹੀ। ਵਰਨਣਯੋਗ ਹੈ ਕਿ ਵੱਡੀ ਗਿਣਤੀ ਵਿੱਚ ਟਰੱਕ ਉਪਰੇਟਰਾਂ ਨੇ ਜੋਰਾ ਸਿੰਘ ਵਜੀਦਕੇ ਦੀ ਅਗਵਾਈ ਹੇਠ 29 ਤਾਰੀਖ ਤੋਂ ਟਰੱਕ ਯੂਨੀਅਨ ਦੀਆਂ ਗੱਡੀਆਂ ਕਟਣੀਆਂ ਬੰਦ ਕਰ ਦਿੱਤੀਆਂ ਅਤੇ ਪੁਕਾਰ ਵਾਲੇ ਰਜਿਸਟਰ ਅਲਮਾਰੀ ਵਿੱਚ ਬੰਦ ਕਰ ਦਿੱਤੇ। ਅੱਜ ਸਵੇਰੇ ਜਦ ਕੰਤਾ ਨੇ ਸਮਰਥਕਾਂ ਸਮੇਤ ਅਲਮਾਰੀ ਭੰਨ ਕੇ ਰਜਿਸਟਰ ਬਾਹਰ ਕੱਢ ਲਏ ਅਤੇ ਮੁਨਸ਼ੀਆਂ ਤੋਂ ਪੁਕਾਰ ਕਰਵਾਉਣ ਲੱਗੇ ਤਾਂ ਜੋਰਾ ਸਿੰਘ ਧੜੇ ਦੇ ਵੱਡੀ ਗਿਣਤੀ ਵਿੱਚ ਟਰੱਕ ਯੂਨੀਅਨ ਅੰਦਰ ਦਾਖਲ ਹੋ ਗਏ ਤੇ ਮੁਸ਼ੀਆਂ ਪਾਸੋਂ ਰਜਿਸਟਰ ਫੜ੍ਹ ਲਏ। ਇਸ ਵਧਦੀ ਖਿਚੋਤਾਣ ਨੂੰ ਦੇਖਦਿਆਂ ਐਸ ਪੀ ਐਚ ਨਵਜੋਰ ਸਿੰਘ ਮਾਹਲ
, ਡੀ ਐਸ ਪੀ ਸਰਿੰਦਰ ਸਿੰਘ ਅਤੇ ਡੀ ਐਸ ਪੀ ਪੀਐਸ ਚੀਮਾ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਸਮੇਤ ਟਰੱਕ ਯੂਨੀਅਨ ਅੰਦਰ ਦਾਖਲ ਹੋ ਗਏ ਅਤੇ ਟਕਰਾਅ ਨੂੰ ਰੋਕਿਆ। ਉਪਰੰਤ ਦੋਵੇਂ ਧਿਰਾਂ ਦਫਤਰ ਐਸਐਸਪੀ ਬਰਨਾਲਾ ਪੁੱਜ ਗਈਆਂ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਵੇਂ ਧਿਰਾਂ ਦੇ ਵਧਦੇ ਟਕਰਾਅ ਨੂੰ ਵੇਖਦਿਆਂ ਇਹ ਫੈਸਲਾ ਹੋਇਆ ਕਿ ਕੁਲਵੰਤ ਸਿੰਘ ਧੜੇ ਦੇ ਤਿੰਨ ਮੈਂਬਰ ਅਤੇ ਜ਼ੋਰਾ ਸਿੰਘ ਵਜੀਦਕੇ ਧੜੇ ਦੇ ਤਿੰਨ ਮੈਂਬਰ ਲਏ ਜਾਣ। ਇਸ ਸਹਿਮਤੀ ਅਨੁਸਾਰ ਕੁਲਵੰਤ ਸਿੰਘ ਕੰਤਾ, ਜੁਗਿੰਦਰ ਸਿੰਘ ਜਾਗਲ, ਅਤੇ ਜਰਨੈਲ ਸਿੰਘ ਅਮਲਾਂ ਸਿੰਘ ਵਾਲਾ ਕੰਤਾ ਧੜੇ ਚੋਂ ਲਏ ਗਏ। ਜਦਕਿ ਜੋਰਾ ਸਿੰਘ ਵਜੀਦਕੇ, ਦਰਸ਼ਨ ਸਿੰਘ ਜਾਗਲ ਤੇ ਜਗਦੀਪ ਸਿੰਘ ਸਾਬਕਾ ਹੌਲਦਾਰ ਜੋਰਾ ਸਿੰਘ ਵਜੀਦਕੇ ਦੇ ਧੜੇ ’ਚੋਂ ਲਏ ਗਏ। ਅਧਿਕਾਰੀਆਂ ਨੇ ਦੋਵਾਂ ਧੜਿਆਂ ਦੇ ਟਕਰਾਅ ਨੂੰ ਟਾਲਦਿਆਂ ਟਰੱਕ ਯੂਨੀਅਨ ਨਾਲ ਸਬੰਧਤ ਅਪਰੇਟਰਾਂ ਦਾ ਹਰ ਪ੍ਰਕਾਰ ਦਾ ਭਾੜਾ ਕੁਲਵੰਤ ਸਿੰਘ ਕੰਤਾ ਅਤੇ ਜੋਰਾ ਸਿੰਘ ਵਜੀਦਕੇ ਦੀ ਸਹਿਮਤੀ ਨਾਲ ਦੋਵਾਂ ਦੇ ਚੈੱਕ ਸਾਇਨ ਕਰਕੇ ਕਢਵਾਉਣ ਅਤੇ ਟਰੱਕ ਯੂਨੀਅਨ ’ਚ ਬੈਠ ਕੇ ਵੰਡਣ ਦਾ ਫੈਸਲਾ ਕਰਵਾ ਦਿੱਤਾ। ਜੋਰਾ ਸਿੰਘ ਧੜੇ ਦੇ ਮੈਂਬਰ ਟਰੱਕ ਯੂਨੀਅਨ ਦੀ ਚੋਣ ਕਰਵਾਉਣ ਲਈ ਬਜਿਦ ਸਨ। ਐਸਐਸਪੀ ਸਾਹਿਬ ਨੇ ਬਾਅਦ ਵਿੱਚ ਚੋਣ ਕਰਵਾਏ ਜਾਣ ਦਾ ਵੀ ਭਰੋਸਾ ਦਿਵਾਇਆ। ਅਜਿਹਾ ਹੋਣ ਨਾਲ ਕੁਲਵੰਤ ਸਿੰਘ ਕੰਤਾ ਦੀ ਰਾਜਸੀ ਪਕੜ ਉੱਤੇ ਵੀ ਅਨੇਕਾਂ ਪ੍ਰਕਾਰ ਦੇ ਚਿੰਨ੍ਹ ਲਗ ਗਏ ਹਨ। ਲੋਕਾਂ ’ਚ ਇਹ ਚਰਚਾ ਵੀ ਸੁਣੀ ਗਈ ਕਿ ਜਦ ਸ. ਕੰਤਾ ਟਰੱਕ ਯੂਨੀਅਨ ਦੀ ਵਾਗਡੋਰ ਵੀ ਸਲਾਮਤ ਨਾ ਰੱਖ ਸਕੇ ਤਾਂ ਹਲਕਾ ਇੰਚਾਰਜੀ ਦਾ ਕੀ ਬਣੇਗਾ।



