ਨਵੀਂ ਦਿੱਲੀ, 29 ਅਕਤੂਬਰ (ਪੀ. ਟੀ.)- ਸਰਕਾਰ ਦੁਆਰਾ ਰਸੋਈ ਗੈਸ ਡੀਲਰਾਂ ਦਾ ਕਮਿਸ਼ਨ ਵਧਾਏ ਜਾਣ ਤੋਂ ਬਾਅਦ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਤਿੰਨ ਰੁਪਏ ਮਹਿੰਗਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 14.2 ਕਿੱਲੋਗਰਾਮ ਦੇ ਪ੍ਰਤੀ ਸਿਲੰਡਰ ਲਈ ਕਮਿਸ਼ਨ ਤਿੰਨ ਰੁਪਏ ਵਧਾ ਕੇ 43.71 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਪਿਛਲੇ ਹਫ਼ਤੇ ਕੀਤਾ ਗਿਆ। ਇਸ ਦੇ ਚੱਲਦਿਆਂ ਸਬਸਿਡੀ ਪ੍ਰਾਪਤ ਰਸੋਈ ਗੈਸ ਸਿਲੰਡਰ ਦੀ ਕੀਮਤ ਵੀ ਵੱਧ ਗਈ ਹੈ। ਡੀਲਰ ਦੀ ਕਮਿਸ਼ਨ ਇਸ ਤੋਂ ਪਹਿਲਾ ਦਸੰਬਰ 2013 ‘ਚ ਵਧਾਈ ਗਈ ਸੀ। ਉਸ ਸਮੇਂ ਇਸ ਨੂੰ 3.46 ਰੁਪਏ ਪ੍ਰਤੀ ਸਿਲੰਡਰ ਵਧਾ ਕੇ 40.71 ਰੁਪਏ ਕੀਤਾ ਗਿਆ ਸੀ। ਕਮਿਸ਼ਨ ਦੀ ਨਵੀਂ ਦਰ 23 ਅਕਤੂਬਰ ਤੋਂ ਲਾਗੂ ਹੈ।ਜ਼ਿਕਰਯੋਗ ਹੈ ਕਿ ਰਸੋਈ ਗੈਸ ਡੀਲਰ ਪਿਛਲੇ ਕਾਫੀ ਸਮੇਂ ਤੋਂ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ।
ਐੱਲ.ਪੀ.ਜੀ. ਸਿਲੰਡਰ 3 ਰੁਪਏ ਮਹਿੰਗਾ ਹੋਇਆ



