ਫਰੀਦਕੋਟ, 27 ਅਕਤੂਬਰ (ਸਹੋਤਾ, ਗੁਰਜੀਤ ਰੋਮਾਣਾ)- ਫਰੀਦਕੋਟ ਸ਼ਹਿਰ ਵਿਚ ਅੱਜ ਸਵੇਰੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਪਿੰਡ ਬੀਹਲੇ ਵਾਲਾ ਦੇ ਅਕਾਲੀ ਸਰਪੰਚ ਬਲਦੇਵ ਸਿੰਘ ਨੂੰ ਦੋ ਅਣਪਛਾਤੇ ਨੌਜੁਆਨਾਂ ਨੇ ਸ਼ਰੇਆਮ ਰਾਹ ਵਿੱਚ ਰੋਕ ਕੇ ਗੋਲੀਆਂ ਨਾਲ ਭੁੰਨ ਦਿੱਤਾ, ਉਸ ਸਮੇਂ ਮ੍ਰਿਤਕ ਦੀ ਪਤਨੀ ਵੀ ਉਸ ਦੇ ਨਾਲ ਸੀ। ਸ਼ਹਿਰ ਵਿੱਚ ਦੋ ਮਹੀਨਿਆਂ ਦੌਰਾਨ ਸ਼ਰੇਆਮ ਫਾਇਰਿੰਗ ਦੀ ਇਹ ਪੰਜਵੀਂ ਘਟਨਾ ਹੈ ਅਤੇ ਪਿਛਲੇ ਗੋਲੀਕਾਂਡਾਂ ਦੇ ਕਈ ਮਾਮਲਿਆਂ ਦੇ ਦੋਸ਼ੀਆਂ ਨੂੰ ਪੁਲਿਸ ਹੁਣ ਤੱਕ ਫੜ੍ਹਨ ਵਿੱਚ ਨਾਕਾਮ ਰਹੀ ਹੈ। ਸ਼ਹਿਰ ਵਿੱਚ ਇਨ੍ਹੀਂ ਦਿਨੀਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਿਡਨੈਪਿੰਗ, ਨਜਾਇਜ਼ ਅਸਲਾ, ਚੋਰੀ, ਲੁੱਟਖੋਹ, ਕਤਲ ਅਤੇ ਸ਼ਰੇਆਮ ਫਾਇਰਿੰਗ ਵਰਗੀਆਂ ਘਟਨਾਵਾਂ ਆਮ ਹੋ
ਰਹੀਆਂ ਹਨ । ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਏਨੀ ਨਾਜ਼ੁਕ ਹੈ ਕਿ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਪਿੰਡ ਬੀਹਲੇਵਾਲਾ ਦੇ ਸਰਪੰਚ ਬਲਦੇਵ ਸਿੰਘ ਉਰਫ ਟੈਣੀ ਦੀ ਦੋ ਨੌਜੁਆਨਾਂ ਵੱਲੋਂ ਸ਼ਰੇਆਮ ਗੋਲੀ ਮਾਰ ਕੇ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਆਪਣੀ ਪਤਨੀ ਨਾਲ ਮੋਟਰਸਾਇਕਲ ’ਤੇ ਸਵਾਰ ਹੋਕੇ ਬਾਜ਼ਾਰ ਜਾ ਰਿਹਾ ਸੀ। ਹਮਲਾਵਰਾਂ ਨੇ ਐਨ ਨੇੜਿਓਂ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਬਲਦੇਵ ਸਿੰਘ ਦੇ ਸਿਰ ਵਿਚ ਵੱਜੀਆਂ। ਹਮਲਾਵਰ ਮੌਕੇ ਤੋਂ ਭੱਜ ਗਏ ਅਤੇ ਬਲਦੇਵ ਸਿੰਘ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਮੈਡੀਕਲ ਹਸਪਤਾਲ ਵਿੱਚ ਦਮ ਤੋੜ ਗਿਆ।
ਇਸ ਸਮੇਂ ਮੌਕੇ ’ਤੇ ਮੌਜੂਦ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪਤੀ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਬਾਜ਼ਾਰ ਜਾ ਰਹੀ ਸੀ ਤਾਂ ਗਲੀ ਦੇ ਮੋੜ ’ਤੇ ਮੋਟਰਸਾਇਕਲ ਸਵਾਰ ਦੋ ਮੋਨੇ ਨੌਜੁਆਨਾਂ (ਜੋ ਪਹਿਲਾਂ ਹੀ ਘਾਤ ਲਗਾਈ ਬੈਠੇ ਸਨ) ਨੇ ਮੇਰੇ ਪਤੀ ਨੂੰ ਰੁਕਣ ਲਈ ਕਿਹਾ ਜਦ ਮੋਟਰਸਾਇਕਲ ਰੁਕਿਆ ਤਾਂ ਉਨ੍ਹਾਂ ਨੌਜੁਆਨਾਂ ਵਿੱਚੋਂ ਇੱਕ ਨੇ ਉਸ ਦੇ ਪਤੀ ’ਤੇ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ ਅਤੇ ਕੋਟਕਪੂਰਾ ਵੱਲ ਨੂੰ ਦੌੜ ਗਏ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ- ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਮੌਜੂਦ ਲੋਕਾਂ ਮਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐ¤ਸਪੀ ਫਰੀਦਕੋਟ ਸ. ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਦ ਉਨ੍ਹਾਂ ਤੋਂ ਇਹ ਪੁਛਿਆ ਗਿਆ ਕਿ ਦੋ ਮਹੀਨਿਆਂ ਦੌਰਾਨ ਸ਼ਰੇਆਮ ਗੋਲੀਕਾਂਡ ਦੀ ਇਹ ਪੰਜਵੀਂ ਘਟਨਾ ਹੈ ਤਾਂ ਉਨ੍ਹਾਂ ਇਹ ਕਹਿੰਦੇ ਹੋਏ ਆਪਣਾ ਪੱਲਾ ਛੁਡਾਇਆ ਕਿ ਜਲਦ ਹੀ ਇਸ ’ਤੇ ਨੱਥ ਪਾ ਲਈ ਜਾਵੇਗੀ। ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ- ਇਸ ਗੋਲੀ ਕਾਂਡ ਦੇ ਵਾਪਰਨ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸ਼ਹਿਰ ਵਾਸੀ ਇਸ ਸਭ ਨੂੰ ਫਰੀਦਕੋਟ ਪੁਲਿਸ ਦੀ ਮਿਲੀਭੁਗਤ ਅਤੇ ਨਲਾਇਕੀ ਕਰਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਸ਼ਰੇਆਮ ਗੋਲੀ ਚੱਲਣ ਦੀ ਇਹ ਪੰਜਵੀਂ ਘਟਨਾ ਹੈ ਪਰ ਪੁਲਿਸ ਪਹਿਲੇ ਦੋਸ਼ੀਆਂ ਨੂੰ ਵੀ ਹਾਲੇ ਤੱਕ ਨਹੀਂ ਫੜ੍ਹ ਸਕੀ। ਉਨ੍ਹਾਂ ਕਿਹਾ ਕਿ ਫਰੀਦਕੋਟ ਪੁਲਿਸ ਬਿਲਕੁੱਲ ਨਕੰਮੀ ਹੋ ਚੁੱਕੀ ਹੈ ਅਤੇ ਪੁਲਿਸ ਦੇ ਹੱਥ ਪੱਲੇ ਕੁਝ ਨਹੀਂ ਹੈ।



