May 27, 2026 5:07 am

ਦੋ ਮਾਵਾਂ ਦਾ ਪੁੱਤਰ

ਬਲਵਿੰਦਰ ਸਿੰਘ ਚਾਹਲ
ਸੰਪਰਕ : 0039 320 217 6490
(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ)
ਦੀਪ ਨੂੰ ਦੇਸਾ ਸਿੰਘ ਦੀ ਗੱਲ ਸੁਣ ਕੇ ਇੱਕ ਧਰਵਾਸ ਜਿਹਾ ਬੱਝਾ ਤੇ ਕਹਿਣ ਲੱਗਾ ‘ਅਸੀਂ ਜੋ ਰੇਟ ਹੁਣ ਹੈਗਾ, ਉਹੀ ਦੇਵਾਂਗੇ। ਤੁਸੀਂ ਉਸਦੀ ਚਿੰਤਾ ਨਾ ਕਰੋ। ਅਸੀਂ ਤਾਂ ਤੁਹਾਡੇ ਅਹਿਸਾਨ ਮੰਦ ਹਾਂ ਜੋ ਤੁਸੀਂ ਸਾਡਾ ਔਖੇ ਵੇਲੇ ਸਾਥ ਦਿੱਤਾ।’‘ਆਹੋ ਵੀਰਾ ਤੂੰ ਹੀ ਸੀ ਉਦੋਂ ਜੀਹਨੇ ਸਾਡੀ ਡੁੱਬਦੀ ਬੇੜੀ ਨੂੰ ਕੰਢੇ ਲਾਇਆ।’ ਨਸੀਬ ਕੌਰ ਵੀ ਦੇਸਾ ਸਿੰਘ ਦੀ ਗੱਲ ਸੁਣ ਕੇ ਲੱਖਾਂ ਦੀ ਹੋ ਗਈ ਜਾਪਦੀ ਸੀ। ਉਹਨਾਂ ਨੇ ਉਸੇ ਵਕਤ ਦੇਸਾ ਸਿੰਘ ਨਾਲ ਜਦੋਂ ਰੇਟ ਦੀ ਗੱਲ ਕੀਤੀ ਤਾਂ ਦੇਸਾ ਸਿੰਘ ਨੇ ਇਲਾਕੇ ਦੇ ਰੇਟ ਨਾਲੋਂ ਲੱਖ ਡੇਢ ਲੱਖ ਵਧਾ ਕੇ ਦੱਿਸਆ। ਉਹ ਜਾਣਦਾ ਸੀ ਹੁਣ ਜੋ ਵੀ ਮੰਗ ਲਿਆ ਮਿਲ ਜਾਣਾ। ਉਹ ਬੰਦੇ ਦੀ ਚਾਲ ਦੇਖ ਕੇ ਸਮਝ ਲੈਂਦਾ ਸੀ ਕਿ ਸਾਹਮਣੇ ਵਾਲਾ ਕੀ ਕਹਿਣਾ ਚਾਹੁੰਦਾ ਤੇ ਕੀ ਕਰਨਾ ਚਾਹੁੰਦਾ। ਉਹ ਦੀਪ ਦੇ ਚਿਹਰੇ ਨੂੰ ਪੜ ਚੁੱਕਾ ਸੀ ਕਿ ਦੀਪ ਹਰ ਹਾਲ ਵਿੱਚ ਜ਼ਮੀਨ ਲੈਣੀ ਚਾਹੁੰਦਾ। ਇਸੇ ਲਈ ਉਸਨੇ ਬਹੁਤੀਆਂ ਗੱਲਾਂ ਨਾਲੋਂ ਇੱਕੋ ਗੱਲ ਕਰਕੇ ਆਪਣੇ ਦਿਲ ਦੀ ਕਹਿ ਦਿੱਤੀ। ਸੱਚ ਹੀ ਦੀਪ ਲਈ ਜ਼ਮੀਨ ਜਰੂਰੀ ਸੀ। ਉਸਨੇ ਨੋਟਾਂ ਦੀਆਂ ਤਿੰਨ ਚਾਰ ਦੱਥੀਆਂ ਕੱਢ ਕੇ ਨਸੀਬ ਕੌਰ ਨੂੰ ਪਕੜਾਉਂਦੇ ਹੋਏ ਕਿਹਾ ‘ਬੇਬੇਆਹ ਲੈ ਦੇਹ ਸਾਈ। ਆਪਾਂ ਵਾਰੀਆਂ ਨੀ ਲੈਣੀਆ। ਜੋ ਇਹਨਾਂ ਮੰਗਿਆ ਉਹੀ ਠੀਕ ਆ। ਅੱਗੇ ਬੜਾ ਅਹਿਸਾਨ ਆ ਸਾਡੇ ਉੱਪਰ ਇਹਨਾਂ ਦਾ ਹੋਰ ਕਹਿੰਦਿਆਂ ਮੈਨੂੰ ਸ਼ਰਮ ਆਉਂਦੀ ਆ।’ ਦੀਪ ਕਿਸੇ ਵੀ ਹਾਲਤ ਵਿੱਚ ਦੇਸਾ ਸਿੰਘ ਨੂੰ ਭੱਜਣ ਨਹੀਂ ਦੇਣਾ ਚਾਹੁੰਦਾ ਸੀ। ਕਿਉਂਕਿ ਉਹ ਜਾਣਦਾ ਸੀ ਜੇ ਇੱਕ ਵਾਰ ਦੇਸਾ ਸਿੰਘ ਨੇ ਸਾਈ ਫੜ ਲਈ ਫਿਰ ਸਭ ਠੀਕ ਈ ਠੀਕ ਆ। ਜ਼ਮੀਨ ਲੈਣੀ ਆ ਲੱਖ ਵੱਧ ਕੀ ਤੇ ਘੱਟ ਕੀ।

ਨਸੀਬ ਕੌਰ ਨੇ ਵਾਗਰੂ ਕਹਿ ਕੇ ਨੋਟ ਦੀਪ ਤੋਂ ਫੜੇ ਤੇ ਨਾਲ ਹੀ ਉਹਦੀ ਸੋਚ ਕਿਤੇ ਦੂਰ ਜਾ ਪੁੱਜੀ ਕਿ ਕਦੇ ਇੱਥੇ ਹੀ ਦੇਸਾ ਸਿੰਘ ਕੋਲੋਂ ਆਹੀ ਨੋਟ ਲੈ ਕੇ ਜ਼ਮੀਨ ਬੈਅ ਕੀਤੀ ਸੀ। ਅੱਜ ਬੜਾ ਭਾਗਾਂ ਵਾਲਾ ਦਿਨ ਜੋ ਫਿਰ ਉਹ ਜ਼ਮੀਨ ਅਸੀਂ ਖਰੀਦ ਰਹੇਂ ਹਾਂ। ਉਸ ਨੇ ਦੇਸਾ ਸਿੰਘ ਨੂੰ ਨੋਟਾਂ ਦੀਆਂ ਦੱਥੀਆਂ ਫੜਾਉਂਦੇ ਕਿਹਾ ‘ਲੈ ਵੀਰਾ ਮੇਰੇ ਪੁੱਤ ਨੇ ਤੇਰੇ ਬੋਲਾਂ ਤੇ ਫੁੱਲ ਚਾੜਤੇ। ਤਸੀਲ ਵਾਲਾ ਦਿਨ ਤੂੰ ਹੀ ਦੱਸਦੀਂ ਜਿੱਦਣ ਕਹੇਂ ਅਸੀਂ ਆਜਾਂਗੇ। ਪਰ ਬਹੁਤੀ ਦੇਰ ਨਾ ਕਰੀਂ ਦੀਪ ਦਾ ਵਿਆਹ ਵੀ ਕਰਨਾ ਤੇ ਇਹਨੇ ਮੁੜਨਾ ਵੀ ਆ।’
‘ਤੁਸੀਂ ਭਾਂਵੇ ਕੱਲ ਨੂੰ ਆਜੋ ਤੇ ਰਜਿਸਟਰੀ ਕਰਾ ਲਉ। ਬਿਆਨੇ ਦੀ ਵੀ ਲੋੜ ਨੀ, ਦੀਪ ਦੇ ਵਿਆਹ ਦੇ ਕਾਰਜ ਕਰੋ ਜਾ ਕੇ ਖੁਸ਼ੀਆਂ ਮਨਾਉ।’  ਦੇਸਾ ਸਿੰਘ ਅੰਦਰੋ ਅੰਦਰੀ ਆਪ ਖੁਸ਼ੀ ਮਨਾ ਰਿਹਾ ਤੇ ਦਿਲ ਵਿੱਚ ਲੱਡੂ ਭੋਰ ਰਿਹਾ ਸੀ। ਉਸਨੂੰ ਉਸਦੀ ਸੋਚੀ ਹੋਈ ਕੀਮਤ ਨਾਲੋਂ ਵੀ ਵੱਧ ਭਾਅ ਮਿਲ ਗਿਆ। ਉਹ ਵੀ ਜਲਦੀ ਨਾਲ ਰਜਿਸਟਰੀ ਕਰਕੇ ਪੈਸੇ ਹੱਥ ਕਰਨਾ ਚਾਹੁੰਦਾ ਸੀ।
ਦੀਪ ਤੇ ਨਸੀਬ ਕੌਰ ਨੇ ਤੁਰਨ ਲੱਗਿਆਂ ਦੇਸਾ ਸਿੰਘ ਨੂੰ ਫਤਹਿ ਬੁਲਾਈ ਤੇ ਉਸਦੀ ਦੁਕਾਨੋਂ ਬਾਹਰ ਆ ਗਏ। ਫਿਰ ਨਸੀਬ ਕੌਰ ਨੇ ਲੱਡੂਆਂ ਦਾ ਡੱਬਾ ਲਿਆ ਜੋ ਉਹ ਗੁਰਦਵਾਰਾ ਸਾਹਿਬ ਜਾ ਕੇ ਮੱਥਾ ਟੇਕਣਾ ਤੇ ਰੱਬ ਦਾ ਸ਼ੁਕਰਾਨਾ  ਕਰਨਾ ਚਾਹੁੰਦੀ ਸੀ। ਉਹ ਵਾਰ ਵਾਰ ਦੀਪ ਦੀ ਪਿੱਠ ਥਾਪੜਦੇ ਹੋਏ ਕਹਿ ਰਹੀ ਸੀ, ‘ਪੁੱਤਰਾ ਅੱਜ ਮੈਨੂੰ ਸੁੱਖ ਨਾਲ ਮਰਨ ਜੋਗੀ ਕਰਤਾ, ਸ਼ਾਬਾਸ਼ੇ ਮੇਰੇ ਸ਼ੇਰ ਦੇ ਪੁੱਤ ਦੇ। ਤੇਰੇ ਪਿਉ ਨੂੰ ਮੈਂ ਹੁਣ ਮਰ ਕੇ ਮੂੰਹ ਦਿਖਾ ਸਕਦੀ ਆਂ। ਉਹ ਮੈਨੂੰ ਕਹਿ ਨੀ ਸਕਦਾ ਕਿ ਮੈਂ ਉਹਦੇ ਮਗਰੋਂ ਜ਼ਮੀਨ ਵੇਚਤੀ।’
ਦੀਪ ਸ਼ਹਿਰੋਂ ਸਿੱਧਾ ਆਪਣੀ ਸੜਕ ਵਾਲੀ ਜ਼ਮੀਨ ਵਿੱਚ ਆ ਕੇ ਰੁਕਿਆ। ਉਸਨੇ ਝੁਕ ਕੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ ਤੇ ਫਿਰ ਜ਼ਮੀਨ ਨੂੰ ਮੱਥਾ ਟੇਕਦੇ ਹੋਏ ਰੱਬ ਦਾ ਸ਼ੁਕਰ ਮਨਾਇਆ।ਫਿਰ ਉਹ ਜਾ ਕੇ ਸਵੇਰ ਵਾਲੀ ਵੱਟ ਤੇ ਬਹਿ ਗਿਆ। ਉਸਦੇ ਨਾਲ ਨਸੀਬ ਕੌਰ ਵੀ ਬਹਿ ਗਈ ਜੋ ਅਜੇ ਵੀ ਕਦੇ ਦੀਪ ਦੀ ਪਿੱਠ  ਅਤੇ ਕਦੇ ਦੀਪ ਦਾ ਸਿਰ ਪਲੋਸ ਰਹੀ ਸੀ। ਦੀਪ ਆਪਣੇ ਆਪ ਨੂੰ ਦੁਨੀਆ ਸਭ ਤੋਂ ਖੁਸ਼ਕਿਸਮਤ ਪੁੱਤਰ ਸਮਝ ਰਿਹਾ ਸੀ। ਉਹ ਆਪਣੀ ਵਿਕ ਚੁੱਕੀ ਜ਼ਮੀਨ ਨੂੰ ਦੁਬਾਰਾ ਖਰੀਦ ਕੇ ਜਿੱਥੇ ਬਹੁਤ ਖੁਸ਼ ਸੀ। ਉੱਥੇ ਉਹ ਵੱਟ ‘ਤੇ ਬੈਠਾ ਬੈਠਾ ਇੰਝ ਮਹਿਸੂਸ ਕਰਦਾ ਸੀ ਜਿਵੇਂ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਹੋਵੇ।  ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ‘ਦੀਪ ਤੂੰ ਕਿੰਨਾ ਖੁਸ਼ ਕਿਸਮਤ ਹੈਂ ਜੋ ਦੋ ਦੋ ਮਾਵਾਂ ਦਾ ਪੁੱਤਰ ਹੈ। ਇੱਕ ਮਾਂ ਦੀ ਗੋਦ ਵਿੱਚ ਬੈਠਾਂ ਤੇ ਦੂਜੀ ਤੇਰੇ ਸਿਰ ਤੇ ਹੱਥ ਫੇਰ ਰਹੀ ਹੈ। ਉਹ ਕਿਸੇ ਵਿਸਮਾਦ ਵਿੱਚ ਖੁੱਭਾਹੋਇਆ ਸਵਰਗਾਂ ਦੇ ਝੂਟੇ ਲੈ ਰਿਹਾ ਸੀ।’
(ਸਮਾਪਤ)

Send this to a friend