May 28, 2026 12:47 am

ਸਵੱਛ ਭਾਰਤ ਬਾਰੇ ਲਿਖ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ ਮੀਡੀਆ : ਮੋਦੀ

 01_28 ਨਵੀਂ ਦਿੱਲੀ, 25 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਵੱਛ ਭਾਰਤ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਇਹ ਧਾਰਨਾ ਦੂਰ ਕਰਨ ਵਿਚ ਮਦਦ ਕੀਤੀ ਹੈ ਕਿ ਸਭ ਕੁਝ ਲਈ ਸਰਕਾਰ ਹੀ ਜ਼ਿੰਮੇਵਾਰ ਹੈ। ਪ੍ਰਧਾਨ ਮੰਤਰੀ ਬਣਨ ਪਿੱਛੋਂ ਅਤੇ ਪਿਛਲੇ ਕਈ ਸਾਲਾਂ ‘ਚ ਪਹਿਲੀ ਵਾਰ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੀਡੀਆ ਨਾਲ ਆਪਣੇ ਨਿੱਘੇ ਸਬੰਧਾਂ ਨੂੰ ਚੇਤੇ ਕੀਤਾ ਜਦੋਂ ਉਹ 2001 ਵਿਚ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਾਜਪਾ ਦੇ ਅਹੁਦੇਦਾਰ ਸਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਪਾਰਟੀ ਹੈਡਕੁਆਟਰ ਵਿਖੇ ਕੀਤੇ ਦੀਵਾਲੀ ਮਿਲਨ ਮੌਕੇ ਸ੍ਰੀ ਮੋਦੀ ਚੋਟੀ ਦੇ ਸੰਪਾਦਕਾਂ ਅਤੇ ਪ੍ਰਸਿੱਧ ਪੱਤਰਕਾਰਾਂ ਸਮੇਤ ਸੈਂਕੜੇ ਪੱਤਰਕਾਰਾਂ ਨੂੰ ਖੁਲ੍ਹੇ ਤੌਰ ‘ਤੇ ਮਿਲੇ। ਉਨ੍ਹਾਂ

ਸੰਪਾਦਕਾਂ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਥੇ ਭਾਜਪਾ ਦੇ ਦਫ਼ਤਰ ਵਿਚ ਕੁਰਸੀਆਂ ਦਾ ਪ੍ਰਬੰਧ ਕਰਦੇ ਅਤੇ ਤੁਹਾਡੀ ਉਡੀਕ ਕਰਿਆ ਕਰਦੇ ਸਨ। ਉਹ ਵੱਖਰੇ ਹੀ ਦਿਨ ਸਨ ਜਦੋਂ ਅਸੀਂ ਖੁਲ੍ਹੇਆਮ ਮਿਲਦੇ ਸੀ। ਉਨ੍ਹਾਂ ਦੇ ਤੁਹਾਡੇ ਨਾਲ ਵਧੀਆ ਸਬੰਧ ਰਹੇ ਹਨ ਅਤੇ ਇਨ੍ਹਾਂ ਸਬੰਧਾਂ ਨੇ ਉਨ੍ਹਾਂ ਦੀ ਗੁਜਰਾਤ ਵਿਚ ਮਦਦ ਕੀਤੀ। ਮੀਡੀਆ ਨਾਲ ਆਪਣੇ ਡੂੰਘੇ ਸਬੰਧਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਪੁਰਾਣੇ ਸਬੰਧਾਂ ਨੂੰ ਹੋਰ ਪਕੇਰਾ ਕਰਨ ਅਤੇ ਖੁਲ੍ਹਾ-ਡੁੱਲ੍ਹਾ ਬਣਾਉਣ ਲਈ ਉਤਸਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ਬਰਾਂ ਅਤੇ ਲੇਖਾਂ ਨਾਲੋਂ ਪੱਤਰਕਾਰਾਂ ਨਾਲ ਸਿੱਧੀ ਗੱਲਬਾਤ ਕਰਨੀ ਜ਼ਿਆਦਾ ਮਹੱਤਵਪੂਰਣ ਹੈ।

Send this to a friend