ਪੰਜਾਬ ’ਚ ਨਸ਼ਾਖੋਰੀ ਖਿਲਾਫ ਮੁਹਿੰਮ ਦੀ ਖੁਦ ਅਗਵਾਈ ਕਰਾਂਗਾ : ਰਾਹੁਲ
ਚੰਡੀਗੜ੍ਹ, 16 ਅਕਤੂਬਰ (ਨਾਗਪਾਲ)- ਰਾਹੁਲ ਗਾਂਧੀ ਵਲੋਂ ਅੱਜ ਇਥੇ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਅਤੇ ਐੱਮ ਐਲੱ ਏਜ਼ ਤੇ ਐੱਮ ਪੀਜ਼ ਦੀ ਵੱਖੋ-ਵੱਖਰੀ ਮੀਟਿੰਗ ਕੀਤੀ ਗਈ।ਪਾਰਟੀ ਵਿਧਾਇਕਾਂ ਤੇ ਐਮ ਪੀਜ਼ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਸਾਫ ਤੌਰ ’ਤੇ ਮੱਤ ਦਿੰਦਿਆਂ ਕਿਹਾ ਕਿ ਜੇਕਰ 2017 ’ਚ ਮੁੜ ਸੂਬੇ ’ਚ ਸੱਤਾ ਵਿਚ ਆਉਣਾ ਹੈ ਤਾਂ ਸਭ ਨੂੰ ਇਕੱਠੇ ਹੋ ਕੇ ਚੱਲਣਾ ਪਵੇਗਾ ਅਤੇ ਜੇਕਰ ਅਜਿਹਾ ਨਹੀਂ ਕਰੋਗੇ ਤਾਂ ਇਕ ਵਾਰ ਫੇਰ ਤੋਂ ਵਿਰੋਧੀ ਧਿਰ ’ਚ ਬੈਠਣ ਲਈ ਤਿਆਰ ਹੋ ਜਾਓ। ਰਾਹੁਲ ਦੀ ਇਹ ਨਸੀਹਤ ਸਿੱਧੇ ਤੌਰ ’ਤੇ ਲੋਕ ਸਭਾ ’ਚ ਪਾਰਟੀ ਦੇ ਡਿਪਟੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸੀ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦਾ ਨਾਂਅ ਨਹੀਂ ਲਿਆ। ਕੈਪਟਨ
ਅਮਰਿੰਦਰ ਤੇ ਪ੍ਰਤਾਪ ਬਾਜਵਾ ’ਚ ਚਲਦੀ ਜੰਗ ਤੋਂ ਰਾਹੁਲ ਗਾਂਧੀ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਜੰਗ ਨੂੰ ਠੱਲ੍ਹਣ ਲਈ ਹੀ ਉਨ੍ਹਾਂ ਇਹ ਮੱਤ ਅੱਜ ਪਾਰਟੀ ਦੇ ਦੋਵਾਂ ਦਿੱਗਜਾਂ ਸਮੇਤ ਸਾਰੇ ਐੱਮ ਐੱਲ ਏਜ਼ ਤੇ ਐਮ ਪੀਜ਼ ਨੂੰ ਦੇ ਦਿਤੀ ਹੈ।ਇਸ ਦੌਰਾਨ ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਨਸ਼ਾਖੋਰੀ ਵਿਰੁੱਧ ਮੁਹਿੰਮ ਦੀ ਅਗਵਾਈ ਖੁਦ ਕਰਨਗੇ।
ਮਹਿਲਾ ਕਾਂਗਰਸ ਵੱਲੋਂ ਰਾਹੁਲ ਦੀ ਫੇਰੀ ਵਿੱਚ ਰੋਸ ਵਿਖਾਵਾ- ਪੰਜਾਬ ਮਹਿਲਾ ਕਾਂਗਰਸ ਦੇ ਇਕ ਧੜੇ ਵਲੋਂ ਅੱਜ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਚੰਡੀਗੜ੍ਹ ਹੈਡਕੁਆਰਟਰ ਪਹੁੰਚਣ ਤੋਂ ਠੀਕ ਪਹਿਲਾਂ ਜੰਮਕੇ ਨਾ ਕੇਵਲ ਰੋਸ ਮੁਜ਼ਾਹਰਾ ਤੇ ਨਾਅਰੇਬਾਜ਼ੀ ਕੀਤੀ ਗਈ ਬਲਕਿ ਦਿੱਲੀ ਵਿਖੇ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੇ ਕਰਿੰਦਿਆਂ ਵਲੋਂ ਕਥਿਤ ਤੌਰ ਤੇ 1000-1000 ਦੇ ਨੋਟ ਲੈਣ ਦੇ ਗੰਭੀਰ ਦੋਸ਼ ਵੀ ਲਾਏ। ਇਸ ਪ੍ਰਦਰਸ਼ਨ ਨੂੰ ਦੇਖਦਿਆਂ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਇਨ੍ਹਾਂ ਵਰਕਰਾਂ ਨੂੰ ਮਨਾਉਣ ਆਉਣਾ ਪਿਆ।
ਅੱਜ ਇਥੇ ਬਠਿੰਡਾ, ਲੁਧਿਆਣਾ, ਫਾਜ਼ਿਲਕਾ, ਜਲੰਧਰ ਸਮੇਤ ਪੰਜਾਬ ਦੇ ਕੋਨੇ-ਕੋਨੇ ਤੋਂ ਮਾਲਤੀ ਥਾਪਰ ਧੜੇ ਨਾਲ ਸਬੰਧਤ ਮਹਿਲਾ ਕਾਂਗਰਸ ਵਰਕਰਾਂ ਨੇ ਕਿਹਾ ਕਿ ਉਹ ਅੱਜ ਇਥੇ ਰਾਹੁਲ ਗਾਂਧੀ ਨੂੰ ਮਿਲਣ ਲਈ ਆਈਆਂ ਹਨ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿਤਾ। ਇਨ੍ਹਾਂ ਚੋਂ ਕਈ ਤਾਂ ਰਾਤ ਦੀਆਂ ਚੱਲ ਕੇ ਸਵੇਰ ਦੀਆਂ ਇਥੇ ਬੈਠੀਆਂ ਸਨ ਪਰ ਇਸ ਦੇ ਬਾਵਜੂਦ ਕਿਸੇ ਨੂੰ ਅੰਦਰ ਨਹੀਂ ਜਾਣ ਦਿਤਾ ਗਿਆ।
ਮਹਿਲਾ ਕਾਂਗਰਸ ਵਰਕਰਾਂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਨੁੰ ਮਿਲਕੇ ਇਹ ਦੱਸਣਾ ਚਾਹੁੰਦੀਆਂ ਹਨ ਕਿ ਪੰਜਾਬ ਦੇ ਕਥਿਤ ਲੀਡਰ ਕਾਂਗਰਸ ਦਾ ਨੁਕਸਾਨ ਕਰ ਰਹੇ ਹਨ ਤੇ ਇਹੀ ਉਹ ਇਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ।
ਨਾਅਰੇਬਾਜ਼ੀ ਉਪਰੰਤ ਅੰਦਰੋਂ ਅੰਬਿਕਾ ਸੋਨੀ ਬਾਹਰ ਆਏ ਤੇ ਉਨ੍ਹਾਂ ਮਹਿਲਾ ਆਗੂਆਂ ਨੂੰ ਸਮਝਾਉਂਦਿਆਂ ਕਿਹਾ ਕਿ ਅੱਜ ਇਹ ਮਿਲਣੀ ਨਹੀਂ ਹੋ ਸਕਦੀ ਪਰ ਉਹ ਇਨ੍ਹਾਂ ਦੀ ਗੱਲ ਹਾਈਕਮਾਂਡ ਤਕ ਜ਼ਰੂਰ ਪਹੁੰਚਾ ਦੇਣਗੇ। ਇਸ ਤੇ ਇਹ ਲੀਡਰਾਂ ਸ਼ਾਂਤ ਹੋ ਗਈਆਂ।