ਚੰਡੀਗੜ੍ਹ, 7 ਅਕਤੂਬਰ (ਪੀ. ਟੀ.)- ਅਗਾਮੀ ਦਿਵਾਲੀ ਅਤੇ ਹੋਰ ਤਿਓਹਾਰਾਂ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਮਿਲਾਵਟ ਰਹਿਤ ਮਿਠਾਈਆਂ ਅਤੇ ਹੋਰ ਖਾਣਪੀਣ ਵਾਲੀਆਂ ਵਸਤਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੱਤੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਤਿਓਹਾਰਾਂ ਦੇ ਮੱਦੇਨਜ਼ਰ ਮਿਲਾਵਟੀ ਮਿਠਾਈਆਂ ਦੀ ਵਿਕਰੀ ਨੂੰ ਸਹਿਣ ਨਹੀਂ ਕਰੇਗੀ। ਇਸ ਲਈ ਜ਼ਿਲ੍ਹਾ ਸਿਹਤ ਅਫ਼ਸਰਾਂ ਅਤੇ ਫੂਡ ਇੰਸਪੈਕਟਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ਭਰ ਵਿਚ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜਾਂ ਵਿਚ ਮਿਲਾਵਟ ਤੇ ਪੂਰੀ ਤਰਾਂ ਨਾਲ
ਠੱਲ ਪਾਉਣ ਲਈ ਪੂਰੀ ਸਖਤੀ ਵਰਤਣ ਅਤੇ ਸੂਬੇ ਭਰ ਵਿਚ ਚੈਕਿੰਗ ਮੁਹਿੰਮ ਚਲਾਉਣ ਦਾ ਫੈਸਲਾ ਪਹਿਲਾਂ ਹੀ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ ਆਪਣੇ ਸੂਬੇ ਦੇ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਹੈ ਅਤੇ ਲੋਕਾਂ ਦੇ ਜੀਵਨ ਨਾਲ ਖਿਲਾਵਾੜ ਕਰਨ ਵਾਲਿਆਂ ਨਾਲ ਸਰਕਾਰ ਵੱਲੋਂ ਕਰੜੇ ਹੱਥੀ ਨਿਪਟਿਆ ਜਾਵੇਗਾ। ਨਾਲ ਹੀ ਉਨ੍ਹਾਂ ਸਪਸਟ ਕੀਤਾ ਕਿ ਇਸ ਕਾਰਵਾਈ ਵਿਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਪਰ ਮਿਲਾਵਟ ਪਾਏ ਜਾਣ ਤੇ ਦੋਸ਼ੀ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਜਿਆਣੀ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਿਠਾਈਆਂ, ਪਨੀਰ ਅਤੇ ਹੋਰ ਖਾਣ ਵਾਲੀਆਂ ਚੀਜਾਂ ਦੀ ਬਜਾਰਾਂ ਵਿਚ ਪੂਰੀ ਨਿਗਰਾਨੀ ਕੀਤੀ ਜਾਵੇ ਅਤੇ ਨਿਰੰਤਰ ਸੈਂਪਲ ਭਰੇ ਜਾਣ। ਸ੍ਰੀ ਜਿਆਣੀ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਇੰਸਪੈਕਟਰ ਦੇ ਅਧਿਕਾਰ ਖੇਤਰ ਵਿਚ ਨਕਲੀ ਭੋਜਨ ਪਦਾਰਥਾਂ ਦੀ ਵਿਕਰੀ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਤਾ ਸਬੰਧਤ ਅਧਿਕਾਰੀ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ ਅਤੇ ਉਸਦੇ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ੍ਰੀ ਸਰਜੀਤ ਕੁਮਾਰ ਜਿਆਣੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਖਾਸ ਕਰਕੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਆਦਿ ਤੋਂ ਵੀ ਤਿਓਹਾਰਾਂ ਦੇ ਦਿਨਾਂ ਵਿਚ ਦੁੱਧ ਤੋਂ ਬਣੇ ਉਤਪਾਦ ਜਿਵੇਂ ਖੋਆ, ਪਨੀਰ ਆਦਿ ਵਪਾਰੀਆਂ ਵੱਲੋਂ ਲਿਆਂਦੇ ਜਾਂਦੇ ਹਨ। ਇਸ ਸਬੰਧੀ ਵੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਖਾਣ ਵਾਲੀਆਂ ਇੰਨ੍ਹਾਂ ਵਸਤਾਂ ਦੇ ਅੰਤਰਰਾਜੀ ਵਪਾਰ ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਕਿ ਹੈ। ਇਸੇ ਤਰਾਂ ਕੋਲਡ ਸਟੋਰਾਂ ਵਿਚ ਵੀ ਨਿਗਰਾਨੀ ਰੱਖਣ ਦੇ ਹੁਕਮ ਸਿਹਤ ਮੰਤਰੀ ਨੇ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਵਾਸੀ ਭੋਜਨ ਪਦਾਰਥ ਨਾ ਵਿਕਣ। ਸਿਹਤ ਮੰਤਰੀ ਨੇ ਇਸ ਮੌਕੇ ਆਮ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਪਹਿਚਾਣਦਿਆਂ ਮਿਲਾਵਟਖੋਰਾਂ ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸੂਬੇ ਦੇ ਜਾਗਰੂਕ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਜੇਕਰ ਕਿੱਧਰੇ ਮਿਲਾਵਟ ਖੋਰੀ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਇਸ ਸਬੰਧੀ ਜ਼ਿਲ੍ਹੇ ਦੇ ਸਿਹਤ ਅਫ਼ਸਰ ਨੂੰ ਸੁਚਿਤ ਕੀਤਾ ਜਾਵੇ ਜਾਂ ਸਿੱਧੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਮਿਲਾਵਟਖੋਰਾ ਖਿਲਾਫ ਫੁਰਤੀ ਨਾਲ ਕਾਰਵਾਈ ਕਰਕੇ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।



