ਪਟਿਆਲਾ, 7 ਅਕਤੂਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਮਦਦ ਵਿਚ ਅੱਜ ਹੋਰ ਇਜ਼ਾਫਾ ਕੀਤਾ ਗਿਆ ਹੈ। ਇਸ ਸਬੰਧੀ ਰਾਹਤ ਸਮੱਗਰੀ ਦਾ ਇੱਕ ਟਰੱਕ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਸ.ਐੱਸ.ਪੀ. ਸਿੰਘ ਓਬਰਾਏ ਨੇ ਸਾਂਝੇ ਤੌਰ ’ਤੇ ਝੰਡੀ ਦੇ ਕੇ ਰਵਾਨਾ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਕੰਮਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਵਿਚ ਆਈ ਆਪਦਾ ਨੂੰ ਵੇਲੇ ਸਿਰ ਮਦਦ ਭੇਜ ਕੇ ਟਰੱਸਟ ਨੇ ਬਹੁਤ ਹੀ ਸਰਾਹਨਾਪੂਰਵਕ ਕਦਮ ਚੁਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸਰਾਹਨਾ ਕੀਤੀ। ਅੱਜ ਦੀ ਇਸ ਖੇਪ ਵਿਚ ਵਿਚ 1000 ਕੰਬਲ, ਗਰਮ ਜੈਕਟਾਂ ਅਤੇ ਸਵੈਟਰ, ਦਵਾਈਆਂ, ਬਿਸਕੁਟ ਦੇ ਪੈਕਟ ਆਦਿ ਸ਼ਾਮਲ ਹਨ।। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਕੱਤਰ ਕੀਤੀ ਗਈ ਰਾਹਤ ਸਮੱਗਰੀ ਵੀ ਇਸ ਟਰੱਕ ਰਾਹੀਂ ਭੇਜੀ ਗਈ ਹੈ। ਇਥੇ ਇਹ ਗੱਲ ਦਸਣਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 2 ਲੱਖ ਰੁ: ਦੀਆਂ ਦਵਾਈਆਂ ਵੀ ਭੇਜੀਆਂ ਗਈਆਂ ਹਨ। ਸ. ਓਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਰਾਹਤ ਸਮੱਗਰੀ ਜੰਮੂ-ਕਸ਼ਮੀਰ ’ਚ ਸਰਬਤ ਦਾ ਭਲਾ ਟਰੱਸਟ ਵੱਲੋਂ ਭੇਜੀ ਗਈ ਸੀ। ਸ. ਓਬਰਾਏ ਨੇ ਦਸਿਆ ਕਿ ਸਰਬਤ ਦਾ ਭਲਾ ਟਰੱਸਟ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਹੁਣ ਤੱਕ ਰਾਹਤ ਸਮੱਗਰੀ ਜਿਸ ਵਿਚ ਤਕਰੀਬਨ 4000 ਕੰਬਲ, ਸੁੱਕਾ ਦੁੱਧ, ਦਵਾਈਆਂ, ਮਿਨਰਲ ਵਾਟਰ ਆਦਿ ਹੋਰ ਸਮੱਗਰੀ ਤੁਰੰਤ ਹੀ ਭੇਜੀ ਗਈ ਹੈ।
ਸ. ਓਬਰਾਏ ਨੇ ਦਸਿਆ ਕਿ ਟਰੱਸਟ ਵੱਲੋਂ ਹੁਣ ਪੁਣਛ ਤੇ ਰਾਜੌਰੀ ਖੇਤਰਾਂ ਵਿਚ ਰਾਹਤ ਸਮੱਗਰੀ ਭੇਜੀ ਜਾਵੇਗੀ। ਸ. ਓਬਰਾਏ ਨੇ ਦਸਿਆ ਕਿ ਸਰਬੱਤ ਦਾ ਭਲਾ ਟਰਸਟ ਦੇ 250 ਵਾਲੰਟੀਅਰ ਕਸ਼ਮੀਰ ਦੇ ਪ੍ਰਧਾਨ ਸ. ਬਲਦੇਵ ਸਿੰਘ ਦੀ ਅਗਵਾਈ ਵਿਚ ਰਾਹਤ ਕਾਰਜਾਂ ਲਈ ਦਿਨ-ਰਾਤ ਲਗੇ ਹੋਏ ਹਨ।
ਸ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਇਸ ਤੋਂ ਪਹਿਲਾਂ ਵੀ ਸ੍ਰੀਨਗਰ, ਬਾਰਾਮੂਲਾ ਅਤੇ ਜੰਮੂ-ਕਸ਼ਮੀਰ ਦੇ ਹੋਰ ਸ਼ਹਿਰਾਂ ਵਿਚ ਚਾਵਲ ਅਤੇ ਹੋਰ ਰਾਸ਼ਨ ਸਮੱਗਰੀ ਦੇ ਤਿੰਨ ਟਰੱਕਾਂ ਤੋਂ ਇਲਾਵਾ 1200 ਕੰਬਲ ਵੀ ਲੋੜਵੰਦਾਂ ਵਿਚ ਵੰਡੇ ਗਏ ਹਨ। ਇਸ ਦੇ ਨਾਲ ਹੀ ਕਸ਼ਮੀਰ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤਿੰਨ ਮਫੁਤ ਅੱਖਾਂ ਦੇ ਅਪ੍ਰੇਸ਼ਨ ਕੈਂਪ ਲਗਾਏ ਜਾ ਚੁੱਕੇ ਹਨ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਡਾਇਰੈਕਟਰ ਮਦਨ ਲਾਲ ਹਸੀਜਾ, ਹਰਵਿੰਦਰ ਸਿੰਘ ਕੁੱਕੂ, ਨੀਰਜ ਗੁਲਾਟੀ, ਮਨਦੀਪ ਕੁਮਾਰ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।



