ਘੱਗਾ 28 ਸਤੰਬਰ- ਅੱਜ ਸਥਾਨਕ ਕਸਬੇ ਅੰਦਰ ਤੜਕਸਾਰ ਕਰੀਬ 5.00 ਵਜੇ ਪਾਤੜਾਂ-ਪਟਿਆਲਾ ਮੁੱਖ ਮਾਰਗ ਤੇ ਬੂਟਾ ਸਿੰਘ ਵਾਲਾ ਮੋੜ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ 3 ਔਰਤਾਂ ਦੀ ਦੁਖਦਾਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਸਥਾਨਕ ਬੂਟਾ ਸਿੰਘ ਵਾਲਾ ਰੋਡ ਦੇ ਨਜ਼ਦੀਕ ਵਾਰਡ ਨੰਬਰ 3 ਦੀਆਂ ਵਸਨੀਕ ਨਿੰਦਰ ਕੌਰ (38) ਪਤਨੀ ਸੁਖਵਿੰਦਰ ਸਿੰਘ ,ਜਸਵਿੰਦਰ ਕੌਰ (50) ਪਤਨੀ ਜਾਗਰ ਸਿੰਘ ਅਤੇ ਮਨਜੀਤ ਕੌਰ(40)ਪਤਨੀ ਸੁਖਪਾਲ ਸਿੰਘ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5.00 ਕੁ ਵਜੇ ਗੁਰਦੁਅਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਘਰ ਤੋਂ ਥੋੜ੍ਹੀ ਹੀ ਦੂਰੀ ਤੇ ਜਾਣ ਤੇ ਪਿੱਛੋਂ
ਆ ਰਹੀ ਇੱਕ ਤੇਜ਼ ਰਫਤਾਰ ਟੋਇਟਾ ਇਟੀਅਸ ਕਾਰ ਨੰਬਰ ਡੀ ਐਲ 4 ਸੀ ਐਨ ਈ 9841 ਨੇ ਇੱਕਦਮ ਟੱਕਰ ਮਾਰ ਦਿੱਤੀ ਜਿਸ ਦੇ ਨਤੀਜੇ ਵਜੋਂ ਤਿੰਨੋਂ ਹੀ ਔਰਤਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।ਇਹ ਔਰਤਾਂ ਨਿਤਨੇਮ ਅਨੁਸਾਰ ਰੋਜ਼ਾਨਾਂ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਵਿਖੇ ਮੱਥਾ ਟੇਕਣ ਜਾ ਰਹੀਆਂ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਘਰ ਤੋਂ ਕੁੱਝ ਕਦਮ ਚੱਲਣ ਤੇ ਹੀ ਇਹ ਕਹਿਰ ਵਾਪਰ ਜਾਵੇਗਾ।ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਕਾਰ ਕਾਫੀ ਤੇਜ਼ ਸਪੀਡ ਨਾਲ ਔਰਤਾਂ ਵਿੱਚ ਵੱਜ ਕੇ ਸੜਕ ਦੇ ਇੱਕ ਪਾਸੇ ਗੱਡੇ ਹੋਏ ਭਾਰੀ ਪੱਥਰ ਨਾਲ ਟਕਰਾਉਣ ਮਗਰੋਂ ਇੱਕ ਕਿੱਕਰ ਦੇ ਦਰੱਖਤ ਨਾਲ ਜਾ ਟਕਰਾਈ।ਹਾਦਸੇ ਤੋਂ ਬਾਅਦ ਕਾਰ ਚਾਲਕਾਂ ਨੇ ਇਹਨਾਂ ਔਰਤਾਂ ਦੀ ਸੰਭਾਲ ਕਰਨ ਦੀ ਬਜਾਇ ਆਪਣੇ ਸਾਥ ਵਾਲੀਆਂ ਪਿੱਛੇ ਆ ਰਹੀਆਂ ਗੱਡੀਆਂ ਨਾਲ ਸੰਪਰਕ ਕੀਤਾ ਜਿਨਾਂ ਘਟਨਾ ਸਥਾਨ ਤੇ ਪਹੁੰਚ ਕੇ ਕਾਰ ਸਵਾਰਾਂ ’ਚੋਂ ਜ਼ਖਮੀ ਇੱਕ ਵਿਅਕਤੀ ਨੂੰ ਨਾਲ ਲੈ ਕੇ ਪਟਿਆਲਾ ਵਾਲੀ ਸਾਈਡ ਚਲੇ ਗਏ ਤੇ ਬਾਕੀ ਸਵਾਰੀਆਂ ਨੂੰ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਪਾਤੜਾਂ ਰੋਡ ਵੱਲ ਚਲੇ ਗਏ।ਸਥਾਨਕ ਕਸਬੇ ਅੰਦਰ ਇਹ ਦਿਲ-ਕੰਬਾਊ ਸੂਚਨਾ ਮਿਲਣ ਤੇ ਵੱਡੀ ਗਿਣਤੀ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ।ਪਲਾਂ ਵਿੱਚ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਆ ਗਏ ਤੇ ਹਾਹਾਕਾਰ ਮੱਚ ਗਈ।ਇਸ ਅਤਿ ਦੁਖਦਾਈ ਘਟਨਾ ਦੇ ਸੋਗ ਵਜੋਂ ਅੱਜ ਸਾਰਾ ਦਿਨ ਘੱਗਾ ਦੇ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਰੱਖਿਆ ਗਿਆ।ਸੂਚਨਾ ਮਿਲਣ ਤੇ ਐਸ ਐਚ ਓ ਥਾਣਾ ਘੱਗਾ ਰਣਬੀਰ ਸਿੰਘ ਤੁਰੰਤ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਹਨਾਂ ਹਾਦਸਾ ਗ੍ਰਸਤ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਜਿਨਾਂ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ।ਪੁਲਿਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ 304 ਏ ਦੀ ਧਾਰਾ ਅਧੀਨ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



