Skip to content
Independent perspectives. Global stories.
BREAKING

ਕੋਈ ਮਰਦ ਤਾਂ ਹੈ ਨਾ!

Share this story

ਬੀ.ਐੱਸ.ਬੀਰ
ਸੰਪਾਦਕ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਨਾਭਾ
ਸੰਪਰਕ : 99888-86364
ਸਤਾਹਠ ਸਾਲਾ ਸ਼ਕੁੰਤਲਾ ਆਪਣੇ ਆਪ ਵਿੱਚ ਬੁੜਬੁੜਾਉਂਦੀ ਹੈ-‘ਮੈਂ ਕਿਹੜੇ ਕਿਹੜੇ ਪਾਸੇ ਮਰਾਂ? ਡੋਹੇਂ ਆਪ ਨੌਕਰੀ ’ਤੇ ਟੁਰ ਵੇਂਦੇ ਹਨ-ਘੋਟ ਕੁਆਰ (ਪਤੀ-ਪਤਨੀ)। ਘਰ ਦੀ ਝਾੜ-ਪੂੰਝ ਵੀ ਮੈਂ ਕਰਾਂ.. ਟਿਕੜ ਵੀ ਸਵੇਰੇ ਡੁਪਹਿਰ ਦੇ ਮੈਂ ਬਣਾਾਂ.. ਡੋਹੇਂ ਬਾਲੜੀਆਂ ਕੂੰ ਵੀ ਸਾਂਭਾਂ..!.. ਨੌਕਰਰਾਣੀ ਤਾਂ ਬਸ ਟੋਰੇ ਫੇਰੇ ’ਤੇ ਆਂਦੀ ਹੇ। ਚਾਰ ਲੀਕਾਂ ਝਾੜੂ ਨਾਲ ਮਾਰੀਆਂ, ਮਸ਼ੀਨ ਵਿਚ ਕੱਪੜੇ ਤੁੰਨੇਸੀ ਤੇ ਫਿਰ ਆਖੇਸੀ-‘ਬੀਜੀ ਮੈਂ ਵੇਂਦੀ ਪਈ ਹਾਂ.. ਮਸ਼ੀਨ ’ਚੋਂ ਕੱਪੜੇ ਕੱਢ ਕੇ ਤਾਰ ’ਤੇ ਪਾ ਡੇਵਣੇ।’ ਦੁੱਧ ਵਿੱਚ ਪੱਤੀ ਮਿੱਠਾ ਠੋਕ, ਪੂਰਾ ਕੱਪ ਨਿਘਾਰ, ਉਹ ਗਈ, ਉਹ ਗਈ… ਡੂ ਵਜੇ ਡੋਹੇਂ ਬਾਲੜੀਆਂ ਕੂ ਲੈਣ, ਸੜਕ ਤੇ ਖਲੋ ਅੱਧਾ ਮੁੰਨਾ ਘੰਟਾ ਸੂਲੀ ’ਤੇ ਟੰਗੇ ਰਹੋ!… ਬਸ ’ਚੋਂ ਡੋਹੇਂ ਉਤਰਸਣ, ਹੁਕਮ ਚਲੇਂਸਣ-ਦਾਦੀ !ਸਾਡੇ ਬੈਗ ਚੁੱਕੋ। ਖੋਤੇ ਵਾਂਗ ਬੈਗ ਚੁੱਕ ਘਰ ਪਹੁੰਚ, ਡੂਹਾਂ ਦੀ ਸਕੂਲ ਡਰੈਸ ਲੁਹਾ ਘਰ ਕੇ ਕੱਪੜੇ ਪੁਆਓ। ਡੂਹੇਂ ਹਿੱਕ ਡੂਝੇ ਤੋਂ ਵੱਧ.. ਆਖਾ ਮੰਨਣ ਦਾ ਨਾਂ ਹੀ ਨਹੀਂ ਲੈਂਦੀਆਂ। ਫਿਰ ਪਰੌਂਠੀਆਂ ਪਕਾ ਇਨ੍ਹਾਂ ਸਹਿਜ਼ਾਦੀਆਂ ਦੇ ਅੱਗ ਪਿੱਛੇ ਘੁੰਮੋ.. ਨਖਰੇ ਨਹੀਂ ਮਾਣ ਡੋਂਹਾਂ ਦੇ। ਮੇਮ ਸਾਹਿਬ ਆਂਦੀ ਏ.. ਤਰਾਏ ਵਜੇ। ਪਾਣੀ ਦਾ ਗਿਲਾਸ ਪੀ ਸੀ ਤੇ ਅਖੇ ਸੀ, ਬਹੁਤ ਥਕ ਗਈ ਹਾਂ. ਮਲੂਕ ਜਾਂਦੀ। ਕਾਰ ਵਿਚ ਵੇਂਦੀ ਏ, ਕਾਰ ਵਿਚ ਆਂਦੀ ਏ। ਰੋਜ਼ ਸਵੇਰੇ ਦੇਸੀ ਘਿਓ ਦੇ ਡੂ ਪਰਾਂਠੇ ਮੈਂ ਡੱਬੇ ਵਿੱਚ ਪਾ ਕੇ ਡੇਂਦੀ ਹਾਂ..ਤੇ ਡੁਪਹਿਰ ਦੀ ਰੋਟੀ ਹੀਕੂੰ ਪੱਕੀ ਪਕਾਈ ਮਿਲ ਵੇਂਦੀ ਹੈ। ਰੋਟੀ ਖਾ ਕੇ ਆਖੇ ਸੀ.. ਮੰਮੀ ਮੈਂ ਲੱਗੀ ਆਂ ਸੌਣ.. ਘਰ ਦਾ ਧਿਆਨ ਰੱਖਣਾ। ਤਿੰਨੇ ਮਾਵਾਂ ਧੀਆਂ ਆਪਣੇ ਬੈਡਰੂਮ ਵਿਚ ਪਸਰ ਵੇਸਣ। ਕਾਈ ਵੰਝੈ ਕਾਈ ਆਵੇ.. ਇਹ ਰਾਣੀ ਤਾਂ ਘੋੜੇ ਵੇਚ ਕੇ ਸੁੰਮਸੀ..! ਬਾਹਰ ਘੰਟੀ ਵੱਜੇ.. ਤਾਂ ਭੱਜੋ ਝੂਠ ਸੱਚ ਬੋਲੋ! ਸੁਭਾਸ਼ ਦੇ ਲਾਲੇ (ਪਿਤਾ)-‘ਤੈਂ ਚੰਗੇ ਨਹੀਂ ਕੀਤਾ.. ਟੁਰ ਗਿਐਂ.. ਮੈਕੂੰ ਵੀ ਨਾਲ ਲੈ ਵੇਂਦੋਂ!..’

ਸ਼ਕੁੰਤਲਾ  ਲੌਬੀ ’ਚ ਬੈਠੀ ਆਪਣੇ ਆਪ ਨੂੰ ਬੋਲੀ ਜਾ ਰਹੀ ਹੈ। ਪਤੀ ਘਨਸ਼ਾਮ ਦਾਸ ਦੀ ਟੰਗ ਫੋਟੋ ਨੂੰ ਵੇਖਦੀ ਹੈ। ਕੁਝ ਭਾਵੁਕ ਹੋ ਜਾਂਦੀ ਹੈ। ਦੁਪੱਟੇ ਨਾਲ ਆਪਣਾ ਚਿਹਰਾ ਪਹਿਲਾਂ ਸਾਫ ਕਰਦੀ ਹੈ ਤੇ ਫਿਰ ਆਪਣੀਆਂ ਅੱਖਾਂ। ਉਹ ਮਹਿਸੂਸ ਕਰਦੀ ਹੈ ਕਿ ਹੁਣ ਉਸ ਦੀਆਂ ਅੱਖਾਂ ਵਿੱਚ ਹੰਝੂ ਵੀ ਸੁੱਕ ਗਏ ਹਨ। ਅੱਖਾਂ ਵਿੱਚ ਆਇਆ ਸਲਾਬ ਵੀ ਸੁਕ ਗਿਆ ਹੈ।
ਉਹ ਪਤੀ ਦੀ ਫੋਟੋ ਨੂੰ ਸੰਬੋਧਨ ਕਰਦੀ ਕਹਿੰਦੀ ਹੈ-‘ਡੇਖਦਾ ਪਿਐਂ ਨਾ, ਨੌਕਰਰਾਣੀ ਤੋਂ ਵੀ ਘਟੀਆ ਸਮਝਦੇ ਹੇਨ, ਤ੍ਰੈ ਤ੍ਰੇੈ ਕੰਮ ਕਰਨੇ ਪੈਂਦੇ-ਨੌਕਰਰਾਣੀ, ਚੌਂਕੀਦਾਰਨੀ, ਬੱਚਿਆਂ ਦੀ ਸਾਂਭ ਸੰਭਾਲ ਕਰਨ ਵਾਲੀ ਆਯਾ ਵੀ।. ਪੰਜ ਟਿਕੜਾਂ ਖਾਤਰ ਤ੍ਰੈ ਤ੍ਰੈ ਕੰਮ ਕਰਨੇ ਪੈਂਦੇ ਹੇਨ..। ਫਿਰ ਇੱਜਤ ਧੇਲੇ ਦੀ ਕਾਏ ਨੀ।’ ਛੋਟਾ ਸਤੀਸ਼, ਉਹਦੀ ਜਾਲ (ਘਰਵਾਲੀ) ਵੀ ਘੱਟ ਕਾਏ ਨ੍ਹੀਂ। ਇਨ੍ਹਾਂ ਤੋਂ ਵੀ ਡੂ ਕਦਮ ਅੱਗੇ ਹੈਨ..। ਸੁਭਾਸ਼ ਦੇ ਲਾਲਾ.. ਡੋਹਾਂ ਪੁੱਤਰਾਂ ਦੇ ਘਰ ਧੀਆਂ ਦੀ ਧਾੜ। ਕਿਸੇ ਦੇ ਘਰ ਹਿੱਕ ਲਾਲ ਆ ਵੰਝੈ ਮੈਂ ਤਾਂ ਧੰਨ ਥੀਂ ਤੈਡੇ ਪੁੱਤਰਾਂ ਨੂੰ.. ਨਾ ਤੈਡੀਆਂ ਨੂੰਹਾਂ ਨੂੰ ਟੇਮ ਹੈ ਸੋਚ ਵਿਚਾਰ ਰਨਾ ਦਾ..।’
ਅਚਾਨਕ ਦਰਵਾਜ਼ੇ ਦੀ ਬੈਲ ਵੱਜਦੀ ਹੈ। ਉਹ ਬਾਹਰ ਜਾਂਦੀ ਹੈ। ਡਾਕੀਆ ਖਲੋਤਾ ਹੈ। ਦੋ ਲਿਫਾਫੇ ਉਸ ਤੋਂ ਫੜ ਉਹ ਸੈਂਟਰਲ ਟੇਬਲ ਵਿੱਚ ਰੱਖ ਦਿੰਦੀ ਹੈ। ਕਲਾਕ ਵਲ ਧਿਆਨ ਜਾਂਦਾ ਹੈ। ਪੰਜ ਵਜਣ ਵਾਲੇ ਹਨ। ਸੋਚਦੀ ਹੈ ਸੁਭਾਸ਼ ਨੇ ਵੀ ਛੇ ਸਾਢੇ ਛੇ ਪਹੁੰਚਣਾ ਹੈ। ਰਸੋਈ ਵੱਲ ਜਾਂਦੀ ਹੈ। ਸ਼ਕੁੰਤਲਾ ਰਾਤ ਲਈ ਛੋਲਿਆਂ ਦੀ ਦਾਲ ਪਲੇਟ ਵਿਚ ਪਾ ਕੇ ਕੋਰੜੂ ਚੁਣਨ ਬੈਠ ਜਾਂਦੀ ਹੈ। ਸੋਚਦੀ ਹੈ ਕਿ ਸੁਭਾਸ਼ ਦੇ ਲਾਲੇ ਨੂੰ ਛੋਲਿਆਂ ਦੀ ਦਾਲ ਬਹੁਤ ਪਸੰਦ ਸੀ। ਉਹ ਛੋਲਿਆਂ ਦੀ ਦਾਲ ਵਿਚ ਪੰਜਵਾਂ ਹਿੱਸਾ ਮਾਂਹ ਦੀ ਦਾਲ ਦਾ ਵੀ ਰਲਾਉਂਦੀ ਹੈ। ਉਹ ਯਾਦ ਕਰਦੀ ਹੈ-ਛੋਲਿਆਂ ਤੇ ਮਾਂਹ ਦੀ ਦਾਲ ਰਲਾ ਕੇ ਉਹ ਤੰਦੂਰ ਵਿਚ ਕਈ ਵਾਰ ਤੌੜੀ ਵਿਚ ਪਾ ਰਿੱਝਣ ਲਈ ਰੱਖ ਦਿੰਦੀ ਹੁੰਦੀ ਸੀ। ਮਿੱਸੀਆਂ ਤੇ ਪਿਆਜ਼ ਵਾਲੀਆਂ ਰੋਟੀਆਂ ਤੰਦੂਰ ਵਿਚ ਲਾਹ ਕੇ ਤਿਆਰ ਕਰਦੀ ਹੈ ਤੇ ਸਾਰਾ ਪਰਿਵਾਰ ਚਾਓ ਨਾਲ ਖਾਂਦਾ ਸੀ । ਉਸ ਦੇ ਸੱਸ-ਸਹੁਰਾ ਵੀ। ਫਿਰ ਉਹ ਸੋਚਦੀ ਹੈ ਕਿ ਨਾ ਹੁਣ ਤੋੜੀ ਰਹਿ ਗਈ ਹੈ ਤੇ ਨਾ ਹੀ ਤੰਦੂਰ। ਹੁਣ ਗੈਸੀ ਚੁੱਲੇ ਤੇ ਕੁੱਕਰ ਆ ਗਏ ਹਨ। ਉਹ ਹੁਣ ਛੋਲਿਆਂ ਤੇ ਮਾਂਹ ਦੀ ਦਾਲ ਕੁੱਕਰ ਵਿੱਚ ਪਾ ਕੇ ਕੁਝ ਚਿਰ ਲਈ ਭਿਉਂ ਕੇ ਰੱਖ ਦਿੰਦੀ ਹੈ।  ਦਾਲ ਲਈ ਅਦਰਕ, ਪਿਆਜ਼, ਲਾਲ ਟਮਾਟਰ ਬਰੀਕ-ਬਰੀਕ ਚੀਰਦੀ ਹੈ। ਨਾਲ ਹੀ ਜੀਰੇ ਦੀ ਡੱਬੀ ਵੀ ਕੱਢ ਕੇ ਰੱਖਦੀ ਹੈ। ਉਂਜ ਕੰਚਨ ਲੱਗਭੱਗ ਪੰਜ ਵਜੇ ਉਠ ਖਲੋਂਦੀ ਹੈ ਪਰ ਹੁਣ ਸਾਢੇ ਪੰਜ ਵੱਜਣ ਵਾਲੇ ਹੋ ਗਏ ਹਨ। ਉਹ ਕਲਾਕ ਵੱਲ ਵੇਖਿਆ ਹੈ। ਉਹ ਰਸੋਈ ਵਿਚ ਖਲੋਤੀ ਖਲੋਤੀ ਕਹਿੰਦੀ ਹੈ ‘‘ਕੰਚਨ. ਉਠੋ! ਸੁਭਾਸ਼ ਵੀ ਆਵਣ ਵਾਲੇ। ਬਾਲੜੀਆਂ ਨੂੰ ਹੋਮ ਵਰਕ ਵੀ ਕਰਵਾਉਣਾ  ਹੋਸੀ। ਕੰਚਨ ਪਹਿਲਾਂ ਹੀ ਉਠ ਖਲੋਤੀ ਹੈ ਤੇ ਉਹ ਖਿਝਦੀ ਹੈ ਤੇ ਆਪਣੇ ਆਪ ਨੂੰ ਕਹਿੰਦੀ ਹੈ ਇਹਨੂੰ ਅਜੇ ਤੱਕ ਬੋਲਣ ਦੀ ਜਾਂਚ ਨਹੀਂ ਆਈ। ਬਹਾਵਲ ਪੁਰੀ ਬੋਲਣੋ ਬਾਜ਼ ਹੀ ਨਹੀਂ ਆਉਂਦੀ। ਕਿੰਨੀ ਵਾਰੀ ਸਮਝਾ ਬੈਠੀ ਹਾਂ।’
ਕੰਚਨ ਦੋਵੇਂ ਬੱਚੀਆਂ ਨੂੰ ਉਠਾ, ਸਕੂਲ ਵੱਲੋਂ ਦਿੱਤਾ ਹੋਮ ਵਰਕ ਉਨ੍ਹਾਂ ਨੂੰ ਦੇ ਕੇ, ਰਸੋਈ ਵਿੱਚ ਆਉਂਦੀ ਹੈ-
‘‘ਮਾਤਾ ਸ਼੍ਰੀ-ਕੀ ਬਾਲੜੀ ਬਾਲੜੀ ਲਾਈ ਹੋਈ ਹੈ.. ਬੇਟੀਆਂ ਆਖ ਕੇ ਬੁਲਾ ਲਵੋ. ਜਾਂ ਨਾਂ ਤੋਂ ਬੁਲਾਓ.. ਨਿਸ਼ਠਾ ਤੇ ਸ੍ਰਿਸ਼ਠੀ?’’
‘‘ਧੀਏ! ਮੈਨੂੰ ਡੁਹਾਂ ਦੇ ਨਾਂ ਯਾਦ ਨਹੀਂ ਰਹਿੰਦੇ. ਅੱਗੇ ਤੋਂ ਧਿਆਨ ਰਖੇਸਾਂ..। ਮੈਡੇ ਮੂੰਹ ’ਤੇ ਉਹੋ ਬੋਲੀ ਚੜ੍ਹੀ ਹੋਈ ਹੈ ਜੋ ਆਪਣੇ ਮਾਂ ਪਿਓ ਤੋਂ ਸਿਖੀ ਹੇ। ਕੋਸ਼ਿਸ਼ ਬਹੂੰ ਕਰੇਂਦੀ ਹਾਂ ਤੈਡੇ ਆਲੀ ਸਿਖਣ ਦੀ। ਮਾਂਹ ਛੋਲਿਆਂ ਦੀ ਦਾਲ ਕੁੱਕਰ ਵਿੱਚ ਰੱਖਣ ਲੱਗੀ ਹਾਂ। ਤੈਡੇ ਲਈ ਚਾਹ ਬਣਾਵਾਂ. ਕਿ ਸੁਭਾਸ਼ ਨਾਲ ਪੀਸੇਂ?’’
‘‘ਉਹ ਤਾਂ ਸੱਜ ਵਜੇ ਆਉਂਦੇ ਨੇ.. ਮੈਂ ਬੈਠੀ ਰਹਾਂ ਉਨ੍ਹਾਂ ਦੇ ਆਉਣ ਤੱਕ। ਜੇ ਤੁਹਾਡੇ ਕੋਲ ਨਹੀਂ ਬਣਦੀ ਤਾਂ ਮੈਂ ਆਪ ਬਣਾ ਲੈਂਦੀ ਹਾਂ।’’
ਕੰਚਨ ਭਿਉਂ ਕੇ ਰੱਖੀ ਦਾਲ ਵੱਲ ਵੱਧਦੀ ਤੇ ਚਾਹ ਵਾਲਾ ਫਰਾਈ-ਪੈਨ ਚੁਕਣ ਲੱਗਦੀ ਹੈ। ਪਰ ਸ਼ਕੁੰਤਲਾ ਆਪ ਹੀ ਫਰਾਈ ਪੈਨ ਚੁੱਕਦੇ ਹੋਏ ਕਹਿੰਦੀ ਹੈ-
‘‘ਨਹੀਂ ਤੂੰ ਜਾ ਕੇ ਡੁਹਾਂ ਕੂੰ ਪੜ੍ਹਾ..ਚਾਹ ਮੈਂ ਲੈ ਕੇ ਆਈ। ਇਨ੍ਹਾਂ ਡੁਹਾਂ ਲਈ ਡੁੱਧ ਲਿਆਵਾਂ? ’’
‘‘ਕਿੰਨੀ ਵਾਰੀ ਦਸਣਾ ਪੈਣੇ?’ ਕੰਚਨ ਮੱਥੇ ’ਤੇ ਤਿਉੜੀਆਂ ਪਾਉਂਦੀ ਰਸੋਈ ਵਿੱਚੋਂ ਨਿਕਲ ਜਾਂਦੀ ਹੈ। ਸ਼ਕੁੰਤਲਾ ਪਹਿਲਾਂ ਪੋਤੀਆਂ ਲਈ ਦੁੱਧ ਤਿਆਰ ਕਰਦੀ ਹੈ ਤੇ ਫਿਰ ਚਾਹ ਬਣਾ ਤਿੰਨ ਮਗਾਂ ਨੂੰ ਟਰੇਅ ਵਿੱਚ ਰੱਖ ਬਿਸਕੁੱਟ ਦੀ ਡੱਬੀ ਦੇ ਨਾਲ ਲੈ.. ਦੂਜੇ ਕਮਰੇ ਵਿੱਚ ਦੇਣ ਚਲੀ ਜਾਂਦੀ ਹੈ।
ਜਦੋਂ ਸ਼ਕੁੰਤਲਾ ਟਰੇਅ ਰੱਖ ਕੇ ਰਸੋਈ ਵੱਲ ਮੁੜਨ ਲੱਗਦੀ ਹੈ ਤਾਂ ਕੰਚਨ ਕਹਿੰਦੀ ਹੈ-‘ਅੱਜ ਸੁਭਾਸ਼ ਜੀ ਨਹੀਂ ਆ ਰਹੇ.. ਉਨ੍ਹਾਂ ਨੂੰ ਦੋ ਦਿਨਾਂ ਲਈ ਸ਼ਹਿਰ ਤੋਂ ਬਾਹਰ ਬਾਸ ਨਾਲ ਜਾਣਾ ਪੈ ਰਿਹੈ।. ਚਾਹ ਪੀ ਕੇ, ਮੈਂ ਉਨ੍ਹਾਂ ਦਾ ਟਰੈਵਲਿੰਗ ਬੈਗ ਤਿਆਰ ਕਰਦੀ ਹਾਂ। ਡਰਾਈਵਰ ਕਿਸੇ ਵੇਲੇ ਵੀ ਲੈਣ ਆ ਸਕਦੈ ਲੈਣ।’ ਸ਼ਕੁੰਤਲਾ ਸੋਚੀਂ ਪੈ ਜਾਂਦੀ ਹੈ। ਕੁਝ ਕਹਿਣਾ ਚਾਹੁੰਦੇ ਹੋਏ ਵੀ ਨਹੀਂ ਕਹਿ ਸਕਦੀ। ਛੱਤ ਵੱਲ ਵੇਖਦੇ, ਸੋਚਦੀ ਕਹਿੰਦੀ ਹੈ।
‘‘ਹੁਣ.. ਕੀ ਸੋਚੀਂ ਪੈ ਗਈ ਹੋ? ’’ ਕੰਚਨ ਪੁੱਛਦੀ ਹੈ। ‘‘ਬ..ਬਸ. ਇਵੇਂ ਹੀ! ਕੁਝ ਖਾਸ ਨਹੀਂ।’’ ਸ਼ਕੁੰਤਲਾ ਕਹਿੰਦੀ। ‘‘ਆਮ ਕੀ ਹੈ?’’ ਕੰਚਨ ਪੁੱਛਣਾ ਚਾਹੁੰਦੀ ਹੈ। ਅਚਾਨਕ ਡੋਰ ਬੈਲ ਵੱਜਦੀ ਹੈ। ਕੰਚਨ ਜਾ ਕੇ ਦਰਵਾਜ਼ਾ ਖੋਲਦੀ ਹੈ। ਉਸ ਦਾ ਪਤੀ ਸ਼ੁਭਾਸ਼ ਅਨੇਜਾ ਖਲੋਤਾ ਹੈ।‘‘ਸਰਪ੍ਰਾਈਜ਼! ਪਰ ਤੁਸੀਂ ਤਾਂ ਕਿਹਾ ਸੀ ਬਾਹਰ ਜਾ ਰਹੇ ਹੋ ਤੇ ਡਰਾਈਵਰ ਆ ਰਿਹੈ।’’
‘‘ਮੈਂ ਸੋਚਿਆ । ਦੋ ਤਿੰਨਾਂ ਦਿਨਾਂ ਤੇ ਤਿੰਨ ਰਾਤਾਂ ਲਈ ਬਾਹਰ ਜਾ ਰਿਹਾਂ। ਮੈਡਮ ਨੂੰ ਵਿਸ਼ ਕਰ ਆਵਾਂ.. ਨਿਸ਼ਠਾ ਤੇ ਸ੍ਰਿਸ਼ਠੀ ਨੂੰ ਹਾਏ ਹੈਲੋ ਕਰ ਆਵਾਂ।
‘‘.. ਮੋਸਟ ਵੈਲਕਮ!’’
ਦੋਹੇਂ ਬੈਡਰੂਮ ਵਿਚ ਪਹੁੰਚਦੇ ਨੇ। ਦੋਹੇਂ ਬੱਚੀਆਂ ਉਠ ਕੇ ਡੈਡੀ ਡੈਡੀ ਕਰਦੀਆਂ ਉਸਨੂੰ ਲਿਪਟ ਜਾਂਦੀਆਂ ਨੇ। ਸ਼ਕੁੰਤਲਾ ਰਸੋਈ ਵਿੱਚ ਬਾਹਰ ਆਉਂਦੀ ਹੈ ਤੇ ਪੁੱਛਦੀ ਹੈ ‘‘ਕੌਣ ਏ? ’’ ‘‘ਕਾਲਾ ਚੋਰ! ਸੁਭਾਸ਼ ਹਸ ਕੇ ਕਹਿੰਦਾ ਹੈ ਤੇ ਥੋੜਾ ਜਿਹਾ ਝੁਕ, ਮਾਂ ਦੇ ਪੈਰੀਂ ਪੈਣਾ ਕਰਦਾ ਹੈ। ਉਹ ਸਿਰ ਪਲੋਸਦੀ ਹੈ ਤੇ ਕਹਿੰਦੀ ਹੈ-‘ਜੀਉਂਦਾ ਵੱਤੇਂ.. ਜੁਆਨੀਆਂ ਮਾਣੇ… ਪੋਤਰੇ ਤੇ ਡੋਹਤਰੇ ਖਿਡਾਵੇਂ।’’ ‘‘ਨੌਕਰੀ ਛੱਡ ਕੇ ਇਹੋ ਕੰਮ ਸ਼ੁਰੂ ਕਰ ਦਿੰਦਾ? ’’ ਉਹ ਮੁਸਕਰਾਉਂਦਿਆਂ ਕਹਿੰਦਾ ਹੈ।
‘‘.. ਪ .ਪਪ ਤੈਕੂੰ ਹਿਕ ਗੱਲ ਪੁਛਣੀ ਹਾਈ? ’’ ‘‘ਪੁੱਛੋਂ ਮਾਤਾ ਸ੍ਰੀ?’’
‘‘ਤੂੰ ਬਾਹਰ ਵੇਂਦਾ ਪਿਐਂ। ..ਜੁਗ ਜੁਗ ਵੰਜ. ਤਰੱਕੀਆ ਮਾਣੈ.. ਪਰ ਪਿਛੂੰ? ’’ ਸ਼ਕੁੰਤਲਾ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਜਾਂਦੀਆਂ ਹਨ। ‘ਪਿੱਛੋਂ ਕੀ? ਕੰਚਨ ਹੈ.. ਨਿਸ਼ਠਾ ਸ੍ਰਿਸ਼ਠੀ ਤੁਹਾਡੇ ਨਾਲ ਨੇ। ਫਿਕਰ ਕਾਹਦੀ।’’ ‘ਪੁੱਤਰ ਜੀ ! ਅੱਜਕੱਲ੍ਹ ਜਮਾਨਾ ਡਾਢਾ ਭੈੜੇ.. ਰੋਜ਼ ਟੀਵੀ ਤੇ ਖਬਰਾਂ ਸੁਣ ਸੁਣ ਕੇ ਕਲੇਜਾ ਮੂੰਹ ਨੂੰ ਆਂਦੇ। ਸੰਨ ਲਾ ਕੇ.. ਕੁੰਡੀ ਤਰੋੜ, ਕੰਧਾਂ ਟੱਪ ਕੇ ਚੋਰ ਉਚ ਕੇ ਆ ਵੇਂਦੇ ਨੇ ਘਰ ਵਿੱਚ। ਉਨ੍ਹਾਂ ਨੂੰ ਪਤਾ ਲੱਗੇ ਸਹੀ ਕਿਘਰ ਵਿਚ ਕਾਈ ਮਰਦ ਕਾਇਨੀ।’’
‘‘ਕੰਚਨ ਨੂੰ ਕਹਿੰਦਾਂ ਹਾਂ ਉਹ ਮੇਰਾ ਨਾਈਟ ਸੂਟ ਪਾ ਲੈਂਦੀ ਹੈ ਤੇ ਮੇਰਾ ਵੇਸ ਧਾਰ ਲੈਂਦੀ ਹੈ.. ਉਸ ਨੂੰ ਮਰਦ ਸਮਝ ਲੈਣਾ..।’’
‘ਤੈਨੂੰ ਪੁੱਤਰ ਮਖੌਲ ਆਂਦੇ ਨੇ। ਕੰਚਨ ਤ੍ਰੀਮਤ ਹੇ? .. ਸਫ ਨੂੰ ਪਤੈ। ਤੇਰੇ ਪਿਛੋਂ ਅਸੀਂ ਚਾਰ ਜਨਾਨੀਆਂ ਕੇ ਕਰੇਂਸੂੰ.. ਜੇ ਕੋਈ ਮਾੜਾ ਬੰਦਾ, ਰੱਬ ਨਾ ਕਰੇ, ਆ ਵੰਝੈ? ’’ ਸ਼ਕੁੰਤਲਾ ਦਾ ਚਿਹਰਾ ਡਰ ਤੇ ਸਹਿਮ ਨਾਲ ਪੋਤਿਆ ਹੋਇਆ ਹੈ।
‘‘ਮਾਤਾ ਜੀ ਤੁਸੀਂ ਤਾਂ ਦਲੇਰ ਹੋ। ਬਹਾਦਰ ਹੋ.. ਸ਼ੇਰਨੀ ਹੋ? ਮੈਨੂੰ ਯਾਦ ਹੈ ਜਦੋਂ ਮੈਂ ਅੱਠ ਸਾਲ ਦਾ ਸੀ। ਇਕ ਵਾਰ ਰਾਤ ਨੂੰ ਚੋਰ ਵੜ ਆਇਆ ਸੀ ਸੰਨ੍ਹ ਲਾ ਕੇ। ਤੁਸੀਂ ਚੋਰ ਨੂੰ ਵਾਲਾਂ ਤੋਂ ਧਰੂਹ ਕੇ ਉਸ ਦੀ ਉਹ ਦੁਰਗਤੀ ਬਣਾਈ ਸੀ ਕਿ ਪੁਲਸ ਨੇ ਵੀ ਅਜਿਹਾ ਨਹੀਂ ਸੀ ਕਰ ਸਕਣਾ।’’ ‘..ਠ…ਠੀਕ ਹੈ ਹੁਣ ਮੈਂ ਚਲਾਂ?’ ਕੰਚਨ ਟਰੈਵਲਿੰਗ ਬੈਗ ਤਿਆਰ ਕਰਕੇ ਲੈ ਆਈ ਹੈ। ਅਚਾਨਕ ਦਰਵਾਜ਼ੇ ’ਤੇ ਬੈਲ ਹੁੰਦੀ ਹੈ। ਸੁਭਾਸ ਬਾਹਰ ਜਾਂਦਾ ਹੈ। ਉਸ ਦੀ ਛੋਟੀ ਭੈਣ ਮੰਜੂ ਆਪਣੇ ਤਿੰਨ ਮਹੀਨਿਆਂ ਦੇ ਬੇਟੇ ਨੂੰ ਗੋਦ ਵਿਚ ਲਈ ਖਲੋਤੀ ਹੈ। ਨਾਲ ਹੀ ਉਸ ਦਾ ਪਤੀ ਖਲੋਤਾ ਹੈ। ‘ਵਾਓ! ਵੈਲਕਮ… ਮੋਸਟ ਵੈਲਕਮ! ਤੁਸੀਂ ਬੈਠੋ! ਮੈਨੂੰ ਜਾਣਾ ਪੈ ਰਿਹੈ.. ਬਾਸ ਮੇਰੀ ਇੰਤਜ਼ਾਰ ਕਰ ਰਿਹੈ। ਨੀਚੇ ਗੱਡੀ ਖੜੀ ਹੈ।’ ‘ਨੋ ਪ੍ਰਾਬਲਮ! ਮੰਜੂ ਘਰ ਵਿਚ ਕੱਲੀ ਨਾ ਰਹੇ। ਇਸ ਲਈ ਛੱਡਣ ਆਇਆ ਹਾਂ।’ ਮੈਨੂੰ ਵੀ ਦੋ ਤਿੰਨਾਂ ਤੇ ਤਿੰਨ ਰਾਤਾਂ ਲਈ ਬਾਹਰ ਜਾਣਾ ਪੈ ਰਿਹੈ। ਮੰਨੂ ਦਾ ਪਤੀ ਕਹਿੰਦਾ ਹੈ।
ਕੰਚਨ, ਸ਼ਕੁੰਤਲਾ ਤੇ ਦੋਹੇ ਬੱਚਿਆਂ ਨੇ ਮੰਜੂ ਤੇ ਫੂਫਾ ਜੀ ਨੂੰ ਘੇਰ ਲਿਆ ਹੈ। ਕੰਚਨ ਮੰਜੂ ਦੇ ਬੇਟੇ ਨੂੰ ਗੋਦ ਵਿਚ ਲੈ ਕੇ ਵੇਖ ਚਾਖ ਪਿਆਰ ਦੇ ਕੇ, ਤਿੰਨ ਮਹੀਨਿਆਂ ਦੇ ਦੋਹਤੇ ਨੂੰ ਆਪਣੀ ਸੱਸ ਨੂੰ ਸੌਂਪਦੀ ਹੈ। ਸ਼ਕੁੰਤਲਾ ਦੋਹਤੇ ਨੂੰ ਗੋਦ ਵਿਚ ਲੈ , ਸੱਤਵੇਂ ਆਸਮਾਨ ’ਤੇ ਚਲੀ ਜਾਂਦੀ ਹੈ ਤੇ ਚੁੰਮਣਾਂ ਨਾਲ ਉਹ ਤਿੰਨ ਮਹੀਨੇ ਦੇ ਦੋਹਤੇ ਦਾ ਮੂੰਹ ਧੋ ਦਿੰਦੀ ਹੈ।
ਸ਼ੁਭਾਸ਼ ਤੇ ਉਸਦਾ ਜੀਜੂ ਨੀਚੇ ਉਤਰਣ ਲੱਗਦੇ ਹਨ। ਅਚਨਚੇਤ ਸ਼ਕੁੰਤਲਾ ਸੁਭਾਸ਼ ਨੂੰ ਸੰਬੋਧਨ ਕਰਦੀ-‘ਸੁਭਾਸ਼ ਪੁੱਤਰ ਹੁਣ ਬੇਫਿਕਰ ਹੋ ਕੇ ਵੰਝ। ਮੈਂਡਾ ਗੋਲੂ ਆ ਗਿਐ ਘਰ.. ਹੁਣ ਸਾਨੂੰ ਪੰਜਾਂ ਨੂੰ ਕੋਈ ਕਿਸੇ ਦਾ ਡਰ ਕਾਈ ਨ੍ਹੀਂ। ਵਜੇ ਤਾਂ ਸਹੀ ਘਰ ਵਿੱਚ.. ਚਮੜੀ ਉਧੇੜ ਕੇ ਰੱਖ ਡੇਸਾਂ।.. ਟੰਗਾਂ ਕੂੰ ਭੰਨ ਕੇ, ਹੱਥਾਂ ਵਿੱਚ ਡੇ ਡੇਸਾਂ।’ ਸੁਭਾਸ਼, ਉਸ ਦਾ ਜੀਜੂ, ਮੰਜੂ ਤੇ ਪਤਨੀ ਕੰਚਨ ਸਭ ਮੁਸਕਰਾਉਂਦੇ ਹਨ। ਦੋਵੇਂ ਬੱਚੀਆਂ ਗੋਲੂ ਨੂੰ ਚੁੱਕਣ ਲਈ ਕਾਹਲੀਆਂ ਪੈ ਗਈਆਂ ਹਨ।
(ਬੀ.ਐਸ.ਬੀਰ ਦੀ ਨਵੀਂ ਕਿਤਾਬ ਗੁਲਾਨਾਰੀ ਰੰਗ ’ਚੋਂ ਧੰਨਵਾਦ ਸਹਿਤ)

WRITTEN BY