Skip to content
Independent perspectives. Global stories.
BREAKING

ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਸਕੂਲ ਪ੍ਰਿੰਸੀਪਲ ਵੱਲੋਂ ਹਿਸਟਰੀ ਦੀ ਜਗ੍ਹਾ ਧੱਕੇ ਨਾਲ ਪੜ੍ਹਾਈ ਜਾ ਰਹੀ ਹੈ ਇਕਨੋਮਿਕਸ

Share this story

ਬਰਨਾਲਾ, 26 ਸਤੰਬਰ- ਪੰਜਾਬ ਦੀ ਸੱਤਾ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰਦੀ ਨਹੀਂ ਥਕਦੀ, ਇਨ੍ਹਾਂ ਫੋਕੇ ਦਾਅਵਿਆਂ ’ਚ ਕਿੰਨੀ ਕੁ ਸੱਚਾਈ ਹੈ, ਇਸ ਦੀ ਤਾਜ਼ਾ ਮਿਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਨੌਲਾ ਤੋਂ ਮਿਲਦੀ ਹੈ। ਜਿਥੇ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਕਰੀਬ ਦੋ ਸੌ ਤੋਂ ਉਪਰ ਵਿਦਿਆਰਥਣਾਂ ਪੜ੍ਹਾਈ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਵਿਦਿਆਰਥਣਾਂ ਇਕਨੋਮਿਕਸ ਵਿਸ਼ੇ ਦੀਆਂ ਚਾਹਵਾਨ ਹਨ ਅਤੇ ਬਾਕੀ ਦੀਆਂ ਸਾਰੀਆਂ ਲੜਕੀਆਂ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਤਰਜੀਹ ਦੇ ਰਹੀਆਂ ਹਨ। ਹਿਸਟਰੀ ਵਿਸ਼ੇ ਦਾ ਅਧਿਆਪਕ ਨਾ ਹੋਣ ਕਰਕੇ ਵਿਦਿਆਰਥਣਾਂ ਵੱਲੋਂ ਪ੍ਰਾਈਵੇਟ ਅਧਿਆਪਕ ਦੀ ਮੰਗ ਕੀਤੀ ਗਈ ਸੀ ਅਤੇ ਉਸ ਨੂੰ 50 ਰੁਪਏ ਪ੍ਰਤੀ ਮਹੀਨਾ ਦੇਣ ਲਈ ਵੀ ਤਿਆਰ ਸਨ। ਸਕੂਲ ਪ੍ਰਿੰਸੀਪਲ ਵੱਲੋਂ ਹੁਣ ਤੱਕ ਇਹ ਗੱਲ ਸਵੀਕਾਰੀ ਨਹੀਂ ਗਈ। ਪਿਛਲੇ ਦਿਨੀਂ ਇਸ

ਪੱਤਰਕਾਰ ਵੱਲੋਂ ਵਿਦਿਆਰਥਣਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ 10 ਸਤੰਬਰ ਨੂੰ ‘‘ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਰੱਬ ਰਾਖਾ’’ ਹੈਡਿੰਗ ਨਾਲ ਖਬਰ ਛਾਪੀ ਗਈ ਸੀ ਤੇ ਇਸ ਖਬਰ ਨੂੰ ਪੜ੍ਹਦਿਆਂ ਹੀ ਸਕੂਲ ਪ੍ਰਿੰਸੀਪਲ ਦੇ ਵਿਦਿਆਰਥਣਾਂ ਦੀ ਗਰਮਜੋਸ਼ੀ ਨਾਲ ਕਲਾਸ ਲਾਈ ਤੇ ਕਿਹਾ ਕਿ ਦੱਸੋ ਇਹ ਖਬਰ ਕਿਸ ਨੇ ਛਪਵਾਈ ਹੈ। ਸਕੂਲ ਦੀ ‘ਸੀਕਰੇਸੀ’ ਦੱਸਣ ਵਾਲੀ ਕਿਸੇ ਵੀ ਵਿਦਿਆਰਥਣਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਦਿਆਰਥਣਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ  ਦੱਸਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਇਸ ਖਬਰ ਨੂੰ ਲੈ ਕੇ ਸਾਡੇ ਨਾਲ ਝਾੜ-ਝੰਬ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਪੱਤਰਕਾਰ ਨਾਲ ਆਪੇ ਸਮਝ ਲੈਣਗੇ। ਵਿਦਿਆਰਥਣਾਂ ਤੋਂ 150-150 ਰੁਪਏ ਦੀ ਮੰਗ ਕੀਤੀ ਗਈ ਅਤੇ ਪ੍ਰਾਪਤ ਵੀ ਕਰ ਲਏ ਗਏ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਨਾ ਤਾਂ ਸਮਾਜਿਕ ਸਿੱਖਿਆ ਦਾ ਅਧਿਆਪਕ ਦਿੱਤਾ ਗਿਆ ਅਤੇ ਨਾ ਹੀ ਇਸ ਮਸਲੇ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ। ਵਿਦਿਆਰਥਣਾਂ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਖਬਰ ਨੂੰ ਲੈ ਕੇ ਸਾਨੂੰ ਕਥਿਤ ਤੌਰ ’ਤੇ ਹਰ ਰੋਜ਼ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਦੇ ਡਰੋਂ ਅਸੀਂ ਸਮਾਜਿਕ ਸਿੱਖਿਆ ਦਾ ਵਿਸ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਸਕੂਲ ਪ੍ਰਿੰਸੀਪਲ ਵੱਲੋਂ ਕਥਿਤ ਤੌਰ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਣਾ ਹੈ ਤਾਂ ਦੂਸਰੇ ਵਿਸ਼ੇ ਵੀ ਆਪ ਹੀ ਪੜ੍ਹ ਲਓ। ਪੇਪਰਾਂ ਦੇ ਦਿਨਾਂ ਵਿੱਚ ਅਸੈਸਮੈਂਟ ਦੇ ਨੰਬਰ ਤਾਂ ਅਸੀਂ ਹੀ ਲਾਉਣੇ ਨੇ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਭਾਵੇਂ ਸਾਨੂੰ ਧੱਕੇ ਨਾਲ ਇਕਨੋਮਿਕਸ ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਪ੍ਰੰਤੂ ਸਾਡੀ ਇਸ ਵਿਸ਼ੇ ’ਚ ਕੋਈ ਰੁਚੀ ਨਹੀਂ ਹੈ। ਸਾਡੇ ਇਸ ਪੱਤਰਕਾਰ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਸੀ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਵਿਦਿਆਰਥਣਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੌਕੇ ’ਤੇ ਹੀ ਡੀ. ਈ. ਓ. ਬਰਨਾਲਾ ਨੂੰ ਇਹ ਸਮੱਸਿਆ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਡੀ. ਈ. ਓ. ਬਰਨਾਲਾ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਸਕੂਲ ਪ੍ਰਿੰਸੀਪਲ ਨੂੰ ਇਹ ਸਮੱਸਿਆ ਹੱਲ ਕਰਨ ਲਈ ਕਿਹਾ ਗਿਆ। ਪ੍ਰੰਤੂ ਸਕੂਲ ਪ੍ਰਿੰਸੀਪਲ ਵੱਲੋਂ ਕਥਿਤ ਤੌਰ ’ਤੇ ਵਿਦਿਆਰਥਣਾਂ ਨੂੰ ਡਰਾ ਧਮਕਾ ਕੇ ਇਹ ਸਮੱਸਿਆ ਹੱਲ ਕਰ ਦਿੱਤੀ ਗਈ ਸੀ ਅਤੇ ਵਿਦਿਆਰਥਣਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਉਹ ਇਕਨੋਮਿਕਸ ਦਾ ਵਿਸ਼ਾ ਹੀ ਪੜ੍ਹਣਗੀਆਂ। ਅਚੰਬਾ ਤਾਂ ਇਸ ਗੱਲ ਦਾ ਹੈ ਕਿ ਜਦੋਂ ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਿਆ ਜਾਂਦਾ ਹੈ ਤਾਂ ਵਿਦਿਆਰਥਣਾਂ ਦਾ ਭਵਿੱਖ ’ਚ ਕੀ ਬਣੇਗਾ।ਇਥੇ ਇਹ ਗੱਲ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਕਨੋਮਿਕਸ ਦੇ ਅਧਿਆਪਕ ਦੀ ਪੋਸਟ ਨੂੰ ਬਚਾਉਣ ਵਾਸਤੇ +1 ਦੀਆਂ 108 ਅਤੇ +2 ਦੀਆਂ 102 ਵਿਦਿਆਰਥਣਾਂ ਦਾ ਭਵਿੱਖ ਖਤਰੇ ’ਚ ਪਾਇਆ ਜਾ ਰਿਹਾ ਹੈ ਅਤੇ ਵਿਦਿਆਰਥਣਾਂ ਅੰਦਰੋ-ਅੰਦਰੀ ਇਸ ਸਮੱਸਿਆ ਨਾਲ ਲੜ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸੂਬਾ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵੱਲ ਕੋਈ ਧਿਆਨ ਦਿੰਦੀ ਹੈ ਜਾਂ ਨਹੀਂ।

WRITTEN BY