ਚੰਡੀਗੜ•, 26 ਸਤੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਖ-ਵੱਖ ਕੰਪਨੀਆਂ ਵਲੋਂ ਤਿਆਰ ਕੀਤੀਆਂ ਜਾਂਦੀਆਂ ਸਮਾਨ ਤੱਤ (ਸਾਲਟ) ਵਾਲੀਆਂ ਦਵਾਈਆਂ ਦੀ ਕੀਮਤ ਵਿਚ ਵਖਰੇਵੇਂ ਦਾ ਮੁੱਦਾ ਜਲਦ ਹੀ ਕੇਂਦਰੀ ਸਿਹਤ ਤੇ ਪੈਟਰੌਲੀਅਮ ਤੇ ਕੈਮੀਕਲ ਮੰਤਰਾਲੇ ਕੋਲ ਉਠਾਵੇਗੀ ਤਾਂ ਜੋ ਇਕੋ ਸਾਲਟ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਇਕ ਭਾਅ ’ਤੇ ਮਿਲ ਸਕਣ। ਅੱਜ ਇੱਥੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਸ੍ਰੀ ਜੀ.ਐਸ. ਗਰੇਵਾਲ ਵਲੋਂ ਵਫਦ ਸਮੇਤ ਉਪ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਸ. ਬਾਦਲ ਨੇ ਕਿਹਾ ਕਿ ਉਹ ਇਸ ਬਾਰੇ ਕੇਂਦਰੀ ਸਿਹਤ ਮੰਤਰੀ ਨਾਲ ਸ੍ਰੀ ਹਰਸ਼ ਵਰਧਨ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਵਫਦ ਦੀ ਮੰਗ ’ਤੇ ਸ. ਬਾਦਲ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਸਥਾਪਿਤ ਨਰਸਿੰਗ ਹੋਮਜ਼ ਦੀ ਮੈਡੀਕਲ ਕੌਂਸਲ ਆਫ ਇੰਡੀਆ ਵਲੋਂ ਜਾਂਚ ਸਮੇਂ ਪੰਜਾਬ ਮੈਡੀਕਲ ਕੌਂਸਲ ਨੂੰ ਵੀ
ਭਾਗੀਦਾਰ ਬਣਾਉਣ ਬਾਰੇ ਵੀ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਸ. ਬਾਦਲ ਨੇ ਵਫਦ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਪੈਰਾਮੈਡੀਕਲ ਸਟਾਫ ਜਿਵੇਂ ਕਿ ਲੈਬ ਟੈਕਨੀਸ਼ੀਅਨ, ਐਕਸ ਰੇ ਟੈਕਨੀਸ਼ੀਅਨ ਤੇ ਆਪਰੇਸ਼ਨ ਥੀਏਟਰ ਟੈਕਨੀਸ਼ੀਅਨਾਂ ਨੂੰ ਵੀ ਮੈਡੀਕਲ ਫੈਕਲਟੀ ਦਾ ਹਿੱਸਾ ਬਣਾਉਣ ਸਬੰਧੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ।



