ਨਵੀਂ ਦਿੱਲੀ 22 ਸਤੰਬਰ (ਪੀ. ਟੀ.)- ਸੀ.ਬੀ.ਆਈ ਨੇ ਅੱਜ ਏਅਰਸੈੱਲ-ਮੈਕਸਿਸ ਸੌਦੇ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਤਤਕਾਲ ਵਿੱਤ ਮੰਤਰੀ ਪੀ ਚਿਦੰਬਰਮ ਵੱਲੋਂ ਦਿੱਤੀ ਗਈ ਵਿਦੇਸ਼ੀ ਨਿਵੇਸ਼ ਪ੍ਰੋਮੋਸ਼ਨ ਬੋਰਡ (ਐਫ.ਆਈ.ਪੀ.ਬੀ) ਦੀ ਪ੍ਰਵਾਨਗੀ ਇੱਕ ਗ਼ਲਤੀ ਸੀ। ਜਾਂਚ ਅਧਿਕਾਰੀ ਨੇ ਵਿਸ਼ੇਸ਼ ਜੱਜ ਓ.ਪੀ ਸੋਨੀ ਨੂੰ ਦੱਸਿਆ ਕਿ ਨਿਵੇਸ਼ 80 ਕਰੋੜ ਅਮਰੀਕੀ ਡਾਲਰ (ਅਨੁਮਾਨਤ 3500 ਕਰੋੜ ਰੁਪਏ) ਦਾ ਸੀ। ਤਤਕਾਲ ਵਿੱਤ ਮੰਤਰੀ ਵੱਲੋਂ ਦਿੱਤੀ ਗਈ ਐਫ.ਆਈ.ਪੀ.ਬੀ ਪ੍ਰਵਾਨਗੀ ਇੱਕ ਗ਼ਲਤੀ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਵਿੱਤ ਮੰਤਰੀ 600 ਕਰੋੜ ਰੁਪਏ ਤੱਕ ਪ੍ਰਵਾਨਗੀ ਦੇਣ ਦੇ ਸਮਰੱਥ ਸੀ ਪਰੰਤੂ ਚਿਦੰਬਰਮ ਨੇ ਤਕਰੀਬਨ 3500 ਕਰੋੜ ਰੁਪਏ ਦੇ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ। ਉਸ ਨੇ ਕਿਹਾ ਕਿ
ਮਾਮਲਾ ਆਰਥਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੂੰ ਭੇਜਿਆ ਗਿਆ ਹੈ ਜੋ ਇਹ ਜਾਂਚ ਕਰ ਰਹੀ ਹੈ ਕਿ ਚਿਦੰਬਰਮ ਨੇ ਕਿਸ ਤਰਾਂ ਇਹ ਪ੍ਰਵਾਨਗੀ ਦਿੱਤੀ। 600 ਕਰੋੜ ਰੁਪਏ ਤੋਂ ਵਧ ਨਿਵੇਸ਼ ਦੀ ਪ੍ਰਵਾਨਗੀ ਆਰਥਕ ਮਾਮਲਿਆਂ ਬਾਰੇ ਕਮੇਟੀ ਦੇ ਸਕਦੀ ਹੈ। ਸੀ.ਬੀ.ਆਈ ਦੇ ਵਕੀਲ ਕੇ.ਕੇ ਗੋਇਲ ਨੇ ਕਿਹਾ ਕਿ ਇਹ ਮਾਮਲਾ ਜਾਂਚ ਤਹਿਤ ਹੈ ਤੇ ਇਸ ਬਾਰੇ ਏਜੰਸੀ ਅਜੇ ਕਿਸੇ ਸਿੱਟੇ ‘ਤੇ ਨਹੀਂ ਪੁੱਜੀ।



