ਗੁਰਨੈਬ ਸਾਜਨ ਦਿਓਣ
ਸੰਪਰਕ : 98889-55757
ਭਗਤ ਸਿੰਘ ਇੱਕ ਆਦਰਸ਼ ਹੈ, ਇੱਕ ਆਵਾਜ਼ ਹੈ-ਜਮੀਰ ਦੀ ਆਵਾਜ਼, ਝੂਠ ਅਨ੍ਹਿਆਂ ਤੇ ਭ੍ਰਿਸ਼ਟਾਚਾਰ ਨੂੰ ਵੰਗਾਰਨ ਵਾਲੀ ਆਵਾਜ਼। ਸਾਲਾ! ਇਹ ਆਵਾਜ਼ ਹਰ ਦਿਲ ਵਿੱਚ ਹੂਕ ਬਣਕੇ ਵੱਸ ਜਾਵੇ ਤੇ ਜਿੱਥੇ ਕੋਈ ਵਧੀਕੀ, ਬੇਇੰਨਸਾਫੀ, ਅੱਤਿਆਚਾਰ ਹੁੰਦਾ ਵੇਖੇ ਉਥੇ ਜਾਲਮਾਂ ਨੂੰ ਵੰਗਾਰੇ। ਭਗਤ ਸਿੰਘ ਇਕ ਜਜ਼ਬਾ ਹੈ, ਇੱਕ ਰੋਹ ਤੇ ਇੱਕ ਇਨਸਾਫ ਪਸੰਦ ਸਮਾਜ ਬਨਾਉਣ ਲਈ ਜੂਝਦਾ ਹੋਇਆ ਆਤਮਬਲ ਹੈ। ਭਗਤ ਸਿੰਘ ਦਾ ਮਕਸਦ ਤਾਂ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ ਬੰਦ ਕਰਵਾਉਣੀ, ਅਮੀਰ, ਜਾਗੀਰਦਾਰੀ ਸਾਮਰਾਜਵਾਦ ਨਾਲ ਸਿੱਧੀ ਜੰਗ ਦਾ ਐਲਾਨ ਹੈ। ਭਗਤ ਸਿੰਘ ਹੱਥ ਵਿਚ ਪਿਸਤੌਲ ਫੜੀ ਨਿਹੱਥਿਆਂ ਤੇ ਗੋਲੀਆਂ ਚਲਾਉਣ ਵਾਲਾ ਨਹੀਂ। ਸ਼ਹੀਦ ਭਗਤ ਸਿੰਘ ਅਨੁਸਾਰ ਉਸਦਾ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ ਜੋ ਛੋਟੀ ਉਮਰ ਵਿੱਚ ਸ਼ਹੀਦੀ ਦੇਕੇ ਉਸਨੂੰ ਇਨਕਲਾਬ ਦੀ ਚੇਟਕ ਲਾ ਗਿਆ ਸੀ। ਜੇ ਆਜਾਦੀ ਬੰਬਾਂ, ਪਿਸਤੌਲਾਂ ਨਾਲ ਮਿਲਦੀ ਤਾਂ ਅਸੀਂ ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਭੱਜ ਉਠਣਾ ਸੀ, ਪਰ ਸਾਡਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ, ਸਗੋਂ ਬੰਬ ਤਾਂ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸੁੱਟਿਆ ਸੀ। ਅਸੀਂ ਇਨਕਲਾਬੀ ਸੀ ਪਰ ਇਨਕਲਾਬ ਕਿਸੇ ਦਾ ਖੂਨ ਵਹਾਕੇ ਨਹੀਂ ਸਗੋਂ ਸਾਡਾ ਉਦੇਸ਼ ਤਾਂ ਸਮੁੱਚੀ ਮਾਨਵਤਾ ਨੂੰ ਸੁਖੀ ਦੇਖਣਾ ਸੀ। ਮੈਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦਾ ਹਾਂ। ਮੈਂ ਐਸੇ ਉਜਵਲ ਭਵਿੱਖ ਵਿੱਚ ਵਿਸ਼ਵਾਸ ਨਹੀਂ ਰੱਖਦਾ ਹਾਂ ਜਿਸ ਵਿੱਚ ਹਰੇਕ ਵਿਅਕਤੀ ਨੂੰ ਪੂਰਨ ਸ਼ਾਂਤੀ ਅਤੇ ਅਜਾਦੀ ਦਾ ਮੌਕਾ ਮਿਲ ਸਕੇ। ਉਪਰੋਕਤ ਸੱਤਰਾਂ ਸ਼ਹੀਦ ਭਗਤ ਸਿੰਘ ਦੀ ਜੁਝਾਰੂ ਅਤੇ ਇਨਕਲਾਬੀ ਜਿੰਦਗੀ ਦੀਆਂ ਹਨ। ਇੱਥੋਂ ਪਤਾ ਚੱਲਦਾ ਹੈ ਕਿ
ਸ਼ਹੀਦ ਭਗਤ ਸਿੰਘ ਦੀ ਸਖਸ਼ੀਅਤ ਕੀ ਸੀ। ਮਹਿਜ 23 ਸਾਲ 6 ਮਹੀਨੇ 5 ਦਿਨ ਦੀ ਛੋਟੀ ਉਮਰੇ ਦੇਸ਼ ਲਈ ਨਿਛਾਵਰ ਹੋਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਅਸੀਂ 83 ਸਾਲ ਬਾਅਦ ਵੀ ਨਹੀਂ ਸਮਝ ਸਕੇ। ਉਸਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜਿਆਂ ਰਾਹੀਂ ਸਮੇਂ ਦੀਆਂ ਸਰਕਾਰਾਂ ਨੇ ਜਾਪਦੇ ਸ਼ਹੀਦ ਭਗਤ ਸਿੰਘ ਨੂੰ ਅਗਵਾ ਕਰ ਲਿਆ ਹੋਵੇ। ਸਿਆਸਤਦਾਨਾਂ, ਸ਼ਹੀਦ ਭਗਤ ਸਿੰਘ ਦਾ ਬੁੱਤ ਸੰਸਦ ’ਚ ਨਾ ਲਿਆ। ਹਰ ਪਾਸੇ ਸ਼ਹੀਦ ਦੇ ਬੁੱਤ ਉਪਰ ਹਾਰ ਪਾਏ ਜਾ ਰਹੇ ਹਨ ਪਰ ਉਸਦੀ ਵਿਚਾਰਧਾਰਾ ਨਹੀਂ ਅਪਣਾਈ ਜਾ ਰਹੀ। ਅੱਜ ਹਰ ਕੋਈ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਇਨਕਲਾਬ ਜਿੰਦਾਬਾਦ, ਮੇਰਾ ਰੰਗ ਦੇ ਬਸੰਤੀ ਚੋਲਾ ਦੇ ਨਾਅਰੇ ਤਾਂ ਲਾ ਰਿਹਾ ਹੈ ਪਰ ਅੱਜ ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਕਿ ਭਗਤ ਸਿੰਘ ਸਾਡੇ ਘਰ ਜਨਮੇਂ ਸਗੋਂ ਏਹੀ ਚਾਹੁੰਦੇ ਕਿ ਭਗਤ ਸਿੰਘ ਗੁਆਂਢੀਆਂ ਦੇ ਘਰ ਜਨਮੇਂ, ਏਥੋਂ ਸਾਡੀ ਮਾਨਸਿਕਤਾ ਦਾ ਪਤੈ ਚੱਲਦਾ ਕਿ ਅਸੀਂ ਭਗਤ ਸਿੰਘ ਦੇ ਨਾਂਅ ਦਾ ਹੌਕਾ ਤਾਂ ਦਿੰਦੇ ਹਾਂ, ਉਹਦੇ ਜਨਮ ਦਿਨ ਜਾਂ ਸ਼ਹੀਦੀ ਦਿਨ ਤਾਂ ਵੱਧ ਚੜ੍ਹਕੇ ਮਨਾਉਣੇ ਹਾਂ ਪਰ ਜੇਕਰ ਅੱਜ ਭਗਤ ਸਿੰਘ ਜਨਮ ਲਵੇ ਤਾਂ ਸਾਡੇ ਘਰ ਨਹੀਂ ਬਲਕਿ ਗੁਆਂਢੀਆਂ ਦੇ ਘਰ ਲਵੇ। ਘਰ-ਘਰ ਭਗਤ ਸਿੰਘ ਦੀਆਂ ਤਸਵੀਰਾਂ ਟੰਗੀਆਂ ਦਿਖਾਈ ਦਿੰਦੀਆਂ ਹਨ। ਪਰ ਉਸ ਘਰ ਦਾ ਜਾਇਆ ਜਦੋਂ ਮੁੰਡਾ ਜਾਂ ਕੁੜੀ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਰਹਿਤ ਸਮਾਜ ਦੀ ਸਿਰਜਣਾ ਲਈ ਭਗਤ ਸਿੰਘ ਦੁਆਰਾ ਦਰਸਾਏ ਇਨਕਲਾਬ ਦੇ ਰਾਹ ਤੇ ਤੁਰਦਾ ਹੈ ਤਾਂ ਮਾਂ-ਬਾਪ, ਸਭ ਰਿਸ਼ਤੇ ਨਾਤੇਦਾਰ ਉਸ ਨੌਜਵਾਨ ਦੇ ਰਾਹ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੋਕਾਂ ਲਗਾਉਂਦੇ ਹਨ। ਮਾਪੇ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਭਗਤ ਸਿੰਘ ਦੇ ਰਾਹ ’ਤੇ ਚੱਲਣ ਕਿਉਂਕਿ ਉਹ ਜਾਣਦੇ ਹਨ ਕਿ ਭਗਤ ਸਿੰਘ ਨੇ ਆਪਣੇ ਘਰ ਲਈ ਕੁੱਝ ਨਹੀਂ ਕੀਤਾ ਸਗੋਂ ਲੋਕਾਂ ਲਈ ਆਪਣੀ ਸ਼ਹਾਦਤ ਦੇ ਦਿੱਤੀ। ਮਾਪੇ ਡਰਦੇ ਹਨ ਕਿ ਇਨਕਲਾਬੀ ਜੀਵਨ ਖਤਰਿਆਂ ਅਤੇ ਜੋਖਮ ਉਠਾਉਣ ਵਾਲਾ ਹੁੰਦਾ ਹੈ। ਮਾਪੇ ਆਪਣੀ ਔਲਾਦ ਪਾਸੋਂ ਕੁੱਝ ਮੰਗਦੇ ਹਨ, ਉਸਨੂੰ ਪਾਲ ਪੋਸਕੇ ਵੱਡਾ ਕਰਨ ਲਈ, ਉਸਦੀ ਪੜ੍ਹਾਈ-ਲਿਖਾਈ ਉਪਰ ਵਹਾਇਆ ਲੱਖਾਂ ਰੁਪਈਆ, ਮਾਪੇ ਚਾਹੁੰਦੇ ਹਨ ਸਾਡੀ ਔਲਾਦ ਚੰਗਾ ਪੜ੍ਹ-ਲਿਖਕੇ ਉਚ ਅਫਸਰ, ਇੰਜਨੀਅਰ ਜਾਂ ਕਿਸੇ ਵੀ ਸਰਕਾਰੀ ਨੌਕਰੀ ਉਪਰ ਲੱਗਕੇ ਚਾਰ ਪੈਸਾ ਕਮਾਵੇ। ਅੱਜ ਦੇ ਮਾਪੇ ਚਾਹੁੰਦੇ ਹਨ ਕਿ ਸਾਡੀ ਔਲਾਦ ਸਾਡੀਆਂ ਅੱਖਾਂ ਅੱਗੇ ਰਹੇ। ਮਾਪੇ ਚਾਹੁੰਦੇ ਹਨ ਕਿ ਰੋਜ਼ੀ ਰੁਜ਼ਗਾਰ ਅਤੇ ਹੋਰ ਹਰ ਪੱਖੋਂ ਉਹਨਾਂ ਦੀ ਔਲਾਦ ਸੁਰੱਖਿਅਤ ਰਹੇ। ਜੇਕਰ ਕੋਈ ਵੀ ਨੌਜਵਾਨ ਭਗਤ ਸਿੰਘ ਦੇ ਰਾਹ ਤੇ ਤੁਰਦਾ ਹੈ ਤਾਂ ਮਾਪਿਆਂ ਨੂੰ ਆਪਣਾ ਸਰਮਾਇਆ ਡੁੱਬਦਾ ਨਜ਼ਰ ਆਉਂਦਾ ਹੈ। ਮਾਪੇ ਆਪਣੀ ਔਲਾਦ ਨੂੰ ਭਗਤ ਸਿੰਘ ਨਹੀਂ ਬਲਕਿ ਨੌਕਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਉਸਨੂੰ ਨੌਕਰ ਲਵਾਉਣ ਲਈ ਉਸ ਉਪਰ ਲਗਾਈ ਪੂੰਜੀ ਵਿਆਜ ਸਮੇਤ ਮੁੜ ਆਵੇ। ਪਰ ਅਫਸੋਸ ਅੱਜ ਦਾ ਨੌਜਵਾਨ ਪੜ੍ਹ-ਲਿਖਕੇ ਡਿਗਰੀਆਂ ਚੁੱਕੀ ਦਰ-ਦਰ ਭਟਕਦਾ ਗਲਤ ਰਾਸਤੇ ਪੈ ਜਾਂਦਾ ਹੈ। ਸਰਕਾਰੀ ਸਿਸਟਮ ਦੇ ਖਿਲਾਫ ਧੱਕੇਸ਼ਾਹੀ, ਜਲਾਲਤ ਭਰੀ ਜਿੰਦਗੀ, ਜਾਲਮਾਂ ਲੋਕਾਂ ਦੇ ਜੁਲਮ ਤੋਂ ਸਤਾਇਆ ਜਦੋਂ ਹਥਿਆਰ ਉਠਾਉਂਦਾ ਹੈ ਤਾਂ ਮਾਪਿਆਂ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਸ਼ਹੀਦ ਭਗਤ ਸਿੰਘ ਸੱਚੀ ਸੁੱਚੀ ਪਾਕਿ ਪਵਿੱਤਰ ਰੂਹ ਸੀ ਜਿਸਨੇ ਆਪਣੀ ਸਾਰੀ ਜਿੰਦਗੀ ਲੋਕਾਂ ਲਈ ਲਾ ਦਿੱਤੀ। ਪਰ ਅੱਜ ਦਾ ਨੌਜਵਾਨ ਜਦੋਂ ਧੱਕੇਸ਼ਾਹੀ, ਬੇਰੁਜ਼ਗਾਰੀ ਦਾ ਸਤਾਇਆ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦਾ ਹੈ ਤਾਂ ਉਸਨੂੰ ਆਪਣੇ ਬੇਗਾਨੇ ਸਭ ਭੁੱਲ ਜਾਂਦੇ ਹਨ। ਸਿਆਸੀ ਲੋਕ ਉਸਨੂੰ ਆਪਣੇ ਹਿੱਤ ਲਈ ਵਰਤਦੇ ਹਨ। ਫੇਰ ਉਹ ਨੌਜਵਾਨ, ਲੁੱਟ-ਖੋਹ, ਬਲਾਤਕਾਰ, ਕਤਲੋਗਾਰਤ, ਗੁੰਡਾਗਰਦੀ ਕਰਨ ਦੀ ਹੱਦ ਤੱਕ ਪਹੁੰਚ ਜਾਂਦਾ ਹੈ ਕਿਉਂਕਿ ਉਸ ਲਈ ਸਾਰੇ ਰਾਸਤੇ ਬੰਦ ਹੋ ਜਾਂਦੇ ਹਨ ਪਰ ਅੱਜ ਦੇ ਮਾਪੇ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਹੀਦ ਭਗਤ ਸਿੰਘ ਵੀ ਆਪਣੇ ਮਾਂ-ਬਾਪ ਘਰ-ਬਾਰ ਲਈ ਕੁੱਝ ਕਰ ਸਕਦਾ ਸੀ। ਚੰਗੀ ਸੋਚ ਦਾ ਧਾਰਨੀ ਭਗਤ ਸਿੰਘ ਵੀ ਨਸ਼ਿਆਂ ਦੇ ਰਾਹ ਤੁਰ ਸਕਦਾ ਸੀ, ਉਹ ਵੀ ਆਪਣੇ ਘਰ ਤੱਕ ਸੀਮਤ ਰਹਿ ਸਕਦਾ ਸੀ। ਉਹ ਵੀ ਚੰਗੀ ਨੌਕਰੀ ਕਰਕੇ ਅਫਸਰ ਬਣਕੇ ਚੰਗੀਆਂ ਗੱਡੀਆਂ ਵਿੱਚ ਐਸ਼ੋ ਆਰਾਮ ਕਰ ਸਕਦਾ ਸੀ। ਉਸਦੇ ਮਾਪੇ ਵੀ ਉਸਨੂੰ ਇਸ ਪਾਸਿਓਂ ਵਰਜ ਸਕਦੇ ਸਨ ਪਰ ਨਹੀਂ ਸ਼ਹੀਦ ਭਗਤ ਸਿੰਘ ਨੇ ਤਾਂ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਆਪਣੀ ਪੂਰੀ ਜਿੰਦਗੀ ਦੇਸ਼ ਲੇਖੇ ਲਾ ਦਿੱਤੀ।
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੜ੍ਹਿਆ ਲਿਖਿਆ ਤਬਕਾ, ਵੱਖ-ਵੱਖ ਪਾਰਟੀਆਂ ਜੋ ਸ਼ਹੀਦ ਭਗਤ ਸਿੰਘ ਦੀਆਂ ਝੰਡਾ ਬਰਦਾਰ ਅਖਵਾਉਂਦੀਆਂ ਹਨ, ਉਹ ਜਦ ਸਟੇਜ਼ ਉਪਰ ਭਾਸ਼ਣ ਦਿੰਦੀਆਂ ਹਨ ਤਾਂ ਇੰਜ ਜਾਪਦੈ ਜਿਵੇਂ ਇੰਨ੍ਹਾਂ ਨੇ ਆਪਣਾ ਘਰ-ਪਰਿਵਾਰ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਰ ਦਿੱਤਾ ਹੈ ਪਰ ਜਦ ਇੰਨ੍ਹਾਂ ਦੇ ਘਰਾਂ ਵੱਲ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇੰਨ੍ਹਾਂ ਪਾਰਟੀਆਂ ਦੇ ਆਗੂ ਆਪਣੇ ਬੱਚਿਆਂ ਨੂੰ ਇਨਕਲਾਬ ਦੇ ਰਾਹ ਤੋਂ ਮੋੜ੍ਹਕੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜਨੀਅਰ ਏਥੋਂ ਤੱਕ ਕਿ ਵਿਦੇਸ਼ਾਂ ਵਿੱਚ ਦੁਬਾਰਾ ਫੇਰ ਅੰਗਰੇਜ਼ਾਂ ਦੇ ਗੁਲਾਮ ਬਣਾਉਣ ਉਪਰ ਪੂਰਾ ਜੋਰ ਲਾ ਰਹੇ ਹਨ। ਉਨ੍ਹਾਂ ਦੀ ਪੜ੍ਹਾਈ ਕਾਨਵੈਂਟ ਸਕੂਲਾਂ ਵਿੱਚ ਕਰਵਾਕੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਪੂਰਾ ਦਿੱਲ ਲਾ ਰਹੇ ਹਨ। ਉਹ ਆਪਣੇ ਭਾਸ਼ਣਾਂ ਰਾਹੀਂ ਦੂਜਿਆਂ ਦੇ ਬੱਚਿਆਂ ਨੂੰ ਤਾਂ ਭਗਤ ਸਿੰਘ ਬਣਾਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਦੂਰ ਰੱਖਦੇ ਹਨ। ਪੰਜਾਬ ਦੀਆਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਨਾਉਣ ਦੇ ਦਮਗਜੇ ਮਾਰਨ ਵਾਲੇ ਨਹੀਂ ਚਾਹੁੰਦੇ ਕਿ ਭਗਤ ਸਿੰਘ ਸਾਡੇ ਘਰ ਜਨਮੇਂ, ਸਗੋਂ ਚਾਹੁੰਦੇ ਨੇ ਕਿ ਭਗਤ ਸਿੰਘ ਦੀ ਅੱਜ ਦੇ ਸਮੇਂ ਦੀ ਲੋੜ ਤਾਂ ਜਰੂਰ ਹੈ ਪਰ ਜੰਮੇ ਗੁਆਂਢੀਆਂ ਦੇ ਘਰ। ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਸ਼ਹਾਦਤ ਦੇਕੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ’ਚੋਂ ਮੁਕਤ ਕਰਵਾਇਆ ਸੀ ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ ਬਣਵਾਉਣਾ ਚਾਹੁੰਦੇ ਹਾਂ, ਉਨ੍ਹਾਂ ਨੂੰ ਅੰਗਰੇਜੀ ਸਕੂਲਾਂ ਵਿੱਚ ਪੜ੍ਹਾਉਂਦੇ ਹਾਂ ਜਿੱਥੇ ਪੰਜਾਬੀ ਲਿਖਣਾ ਤਾਂ ਕੀ ਬੋਲਣਾ ਵੀ ਸਜਾ ਹੁੰਦੀ ਹੈ। ਐਸੇ ਸਕੂਲਾਂ ਵਿੱਚ ਪੜ੍ਹਕੇ ਉਹ ਆਪਣੀ ਮਾਂ-ਬੋਲੀ ਨੂੰ ਭੁੱਲਕੇ ਅੰਗਰੇਜੀ ਵਿੱਚ ਹੀ ਗੱਲ ਕਰਦੇ ਹਨ, ਅਮੀਰ ਘਰਾਂ ਦੇ ਬੱਚਿਆਂ ਨਾਲ ਰਲਕੇ ਸਰਮਾਏਦਾਰੀ ਦਾ ਹਿੱਸਾ ਬਣਦੇ ਹਨ, ਫੇਰ ਡਾਲਰਾਂ ਦੇ ਢੇਰ ਲਾਉਣ ਲਈ ਆਪਣੇ ਪਰਿਵਾਰ ਨੂੰ ਮਾਲਾਮਾਲ ਕਰਨ ਲਈ ਦੁਬਾਰਾ ਫੇਰ ਅੰਗਰੇਜ਼ਾਂ ਦੇ ਗੁਲਾਮ ਬਣ ਜਾਂਦੇ ਹਨ।
ਸਾਡੇ ਪੰਜਾਬ ਦੀ ਤਰਾਸਦੀ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦਾ ਅਧਿਆਪਕ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹਾਉਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਪੜ੍ਹਾਈ ਪੱਖੋਂ ਕਿੰਨਾ ਕੁ ਇਨਸਾਫ ਕਰ ਰਹੇ ਹਾਂ। ਉਹ ਇੰਨ੍ਹਾਂ ਦੇਸੀ ਸਕੂਲਾਂ ’ਚ ਆਪਣੇ ਬੱਚੇ ਪੜ੍ਹਾਕੇ ਉਹਨਾਂ ਉਪਰ ਦੇਸੀ ਹੋਣ ਦਾ ਲੇਬਲ ਨਹੀਂ ਲਵਾਉਣਾ ਚਾਹੁੰਦੇ ਉਹ ਵੀ ਆਪਣੇ ਬੱਚਿਆਂ ਨੂੰ ਅੰਗਰੇਜ ਬਨਾਉਣਾ ਚਾਹੁੰਦੇ ਹਨ। ਪਰ ਉਹ ਇਹ ਵੀ ਭਲੀ ਭਾਂਤ ਜਾਣਦੇ ਹਨ ਕਿ ਸਾਡਾ ਸਭ ਤੋਂ ਵੱਡਾ ਸਰਮਾਇਆ, ਪੂੰਜੀ ਸਾਡੇ ਬੱਚੇ ਹਨ, ਅੰਗਰੇਜ਼ਾਂ ਦੇ ਕਲਚਰ ਅਤੇ ਸਾਡੇ ਕਲਚਰ ਵਿਚ ਦਿਨਰਾਤ ਦਾ ਫਰਕ ਹੈ, ਉਥੇ ਬੱਚੇ ਆਪਣੇ ਮਾਪਿਆਂ ਤੋਂ ਬਾਗੀ ਹਨ ਪਰ ਅਸੀਂ ਜਨਮ ਤੋਂ ਹੀ ਬੱਚੇ ਨੂੰ ਐਸੇ ਸੰਸਕਾਰ ਦਿੰਦੇ ਹਾਂ ਕਿ ਸਾਡਾ ਬੱਚਾ ਚੰਗਾ ਪੜ੍ਹ-ਲਿਖਕੇ ਚੰਗੀ ਸੋਚ, ਚੰਗੇ ਵਿਚਾਰਾਂ ਦਾ ਧਾਰਨੀ ਬਣੇ। ਸਾਡੇ ਗੁਰੂ ਸਾਹਿਬਾਨ ਸ਼ਹੀਦਾਂ ਸੂਰਮਿਆਂ ਦਾ ਜੀਵਨ ਪੜ੍ਹਕੇ ਉਨ੍ਹਾਂ ਦਾ ਫਲਸਫਾ ਅਪਣਾਏ।
ਪਰ ਇਹ ਸਭ ਕੁੱਝ ਅਸੀਂ ਆਪਣੇ ਬੱਚਿਆਂ ਨੂੰ ਦੇ ਹੀ ਨਹੀਂ ਰਹੇ, ਅਸੀਂ ਕਿਤਾਬਾਂ ਚੋਂ ਤਾਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਦੱਸਦੇ ਹਾਂ ਕਿ ਸ਼ਹੀਦ ਭਗਤ ਸਿੰਘ ਨੇ ਸਾਨੂੰ ਆਜਾਦੀ ਦਿੱਤੀ ਪਰ ਆਪਣੇ ਬੱਚਿਆਂ ਨੂੰ ਐਸੇ ਲਿਟਰੇਚਰ ਤੋਂ ਦੂਰ ਰੱਖਦੇ ਹਾਂ। ਇਸ ਦਾ ਨਤੀਜਾ ਵੀ ਇਹ ਹੈ ਕਿ ਅੱਜ ਪੜ੍ਹਿਆ ਲਿਖਿਆ ਤਬਕਾ ਵੀ ਬਿਰਧ ਆਸ਼ਰਮਾਂ ਵਿੱਚ ਰੁਲ ਰਿਹਾ ਹੈ ਉਨ੍ਹਾਂ ਨੇ ਆਪਣੇ ਬੱਚੇ ਅੰਗਰੇਜ ਤਾਂ ਬਣਾ ਲਏ ਹਨ ਪਰ ਇਹ ਭੁੱਲ ਗਏ ਕਿ ਅੰਗਰੇਜ਼ਾਂ ਦੇ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਉਹ 18 ਸਾਲ ਤੋਂ ਬਾਅਦ ਮਾਪਿਆਂ ਤੋਂ ਬਾਗੀ ਹੋ ਜਾਂਦੇ ਹਨ। ਮੈਂ ਸਮਝਦਾ ਹਾਂ ਕਿ ਜੇਕਰ ਇਕ ਅਧਿਆਪਕ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਸਾਡੇ ਲਈ ਕੀਤੀ ਕੁਰਬਾਨੀ ਬਾਰੇ ਲਿਟਰੇਚਰ ਪੜਾਵੇ ਤਾਂ ਬੱਚੇ ਅੱਗੇ ਜਾਕੇ ਸ਼ਹੀਦਾਂ ਦੀ ਵਿਚਾਰਧਾਰਾ ਅਪਣਾਕੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਦੇ ਹਨ। ਨੌਜਵਾਨ ਪੀੜ੍ਹੀ ਗਾਇਕਾਂ ਜਾਂ ਫਿਲਮਾਂ ਦੇ ਹੀਰੋ ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਥਾਂ ਸ਼ਹੀਦ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਵੇ। ਹਰ ਪੰਜਾਬੀ ਇਹ ਸੋਚ ਬਦਲੇ ਕਿ ਸ਼ਹੀਦ ਭਗਤ ਸਿੰਘ ਵਰਗੀਆਂ ਸ਼ਖਸੀਅਤਾਂ ਦੀ।


