ਪੰਜਾਬ ਅੰਦਰ ਪਹਿਲ ਦੇ ਆਧਾਰ ’ਤੇ ਕੰਪਨੀ ਦਾ ਵਿਸਥਾਰ ਯਕੀਨੀ ਬਨਾਉਣ ਲਈ ਜੀ.ਵੀ.ਕੇ. ਗਰੁੱਪ ਦੇ ਚੇਅਰਮੈਨ ਨੂੰ ਮਿਲੇ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ-ਜਲੰਧਰ/ਹੈਦਰਾਬਾਦ, 20 ਸਤੰਬਰ-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਰਾਜ ਦੇ ਸਾਰੇ ਬਲਾਕਾਂ ਅੰਦਰ ਅਗਲੇ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੂਜ਼ੀਵੀਡੂ ਸੀਡਜ਼ ਕੰਪਨੀ ਨਾਲ ਸਾਂਝਾ ਪ੍ਰੋਜੈਕਟ ਸ਼ੁਰੂ ਕਰੇਗੀ।ਉਪ ਮੁੱਖ ਮੰਤਰੀ ਨੇ ਨੂਜ਼ੀਵੀਡੂ ਸੀਡਜ਼ ਕੰਪਨੀ ਦੇ ਚੇਅਰਮੈਨ ਸ੍ਰੀ ਪ੍ਰਭਾਕਰ ਰਾਓ ਸਮੇਤ ਮੈਨੇਜਮੈਂਟ ਦੇ ਹੋਰ ਮੈਂਬਰਾਂ ਨਾਲ ਇਸ ਮੁੱਦੇ ’ਤੇ
ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਕਿ ਪੰਜਾਬ ਆਉਂਦੇ ਸਾਲ ਤੋਂ ਰਾਜ ਦੇ ਹਰੇਕ ਬਲਾਕ ਦੀ 5 ਏਕੜ ਜ਼ਮੀਨ ’ਚ ਕੰਪਨੀ ਨਾਲ ਸਾਂਝਾ ਪ੍ਰੋਜੈਕਟ ਸ਼ੁਰੂ ਕਰੇਗੀ। ਸ. ਬਾਦਲ ਨੇ ਕਿਹਾ ਕਿ ਇਸ ਤਕਨੀਕ ਦੇ ਵਧੀਆ
ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਕਿਸਾਨਾਂ ਨੂੰ ਇਹ ਤਕਨੀਕ ਅਪਨਾਉਣ ਲਈ ਉਤਸ਼ਾਹਿਤ ਕਰੇਗੀ।
ਇਸ ਤੋਂ ਪਹਿਲਾਂ ਸ੍ਰੀ ਪ੍ਰਭਾਕਰ ਰਾਓ ਨੇ ਰਵਾਇਤੀ ਪ੍ਰਕ੍ਰਿਆ ਦੇ ਮੁਕਾਬਲੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਤੁਲਨਾਤਮਕ ਅਧਿਅਨ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਸਹੀ ਬੀਜ਼ ਅਤੇ ਖੇਤੀ ਤਕਨੀਕ ਵਰਤ ਕੇ ਦੋਵਾਂ ਪ੍ਰਕ੍ਰਿਆਵਾਂ ਰਾਹੀਂ ਇੱਕੋ ਜਿੰਨ੍ਹਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਅਧਿਅਨ ਨੂੰ ਗੌਰ ਨਾਲ ਸਮਝਣ ਉਪਰੰਤ ਸ. ਬਾਦਲ ਨੇ ਕਿਹਾ ਕਿ ਸਿੱਧੀ ਬਿਜਾਈ ਦੀ ਤਕਨੀਕ ਪੰਜਾਬ ’ਚ ਵੱਡੀ ਤਬਦੀਲੀ ਲਿਆ ਸਕਦੀ ਹੈ ਅਤੇ ਵਾਅਦਾ ਕੀਤਾ ਕਿ ਇਸ ਤਕਨੀਕ ਨੂੰ ਕਾਮਯਾਬ ਬਨਾਉਣ ਲਈ ਪੰਜਾਬ ਸਰਕਾਰ ਕਿਸਾਨਾਂ ਅਤੇ ਕੰਪਨੀ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰੇਗੀ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ਦੀ ਇਹ ਤਕਨੀਕ ਅਪਨਾਉਣ ਨਾਲ ਪਾਣੀ ਦੀ ਵਰਤੋਂ ਘਟੇਗੀ ਜਿਸ ਨਾਲ ਪੰਜਾਬ ਦੇ ਧਰਤੀ ਹੇਠਲੇ ਡਿੱਗਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਝੋਨੇ ਦੀ ਸੀਜਨ ’ਚ ਬਿਜਲੀ ਦੀ ਵਰਤੋਂ ਵੀ ਘਟੇਗੀ। ਨੂਜ਼ੀਵੀਡੂ ਸੀਡਜ਼ ਕੰਪਨੀ ਵੱਲੋਂ ਕਪਾਹ ਦਾ ਵਧੇਰੇ ਉਤਪਾਦਨ ਲੈਣ ਲਈ ਕਪਾਹ ਦੀ ਸੰਘਣੀ ਖੇਤੀ ਅਤੇ ਨਵੇਂ ਬੀਜ਼ਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਵੀ ਪੈਰਵੀ ਕੀਤੀ ਗਈ। ਉਪ ਮੁੱਖ ਮੰਤਰੀ ਨੇ ਕੰਪਨੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਖੇਤਰ ਵਿੱਚ ਵੀ ਉਨ੍ਹਾਂ ਦੀ ਪੂਰੀ ਮਦਦ ਕਰਨਗੇ ਅਤੇ ਕੰਪਨੀ ਨੂੰ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਕਪਾਹ ਦੀ ਬਿਜਾਈ ਅਤੇ ਝਾੜ ਲਈ ਮਸ਼ੀਨਰੀ ਵਿਕਸਤ ਕਰਨ, ਜਿਸ ’ਤੇ ਕੰਪਨੀ ਵੱਲੋਂ ਤਰੁੰਤ ਹਾਮੀ ਭਰ ਦਿੱਤੀ ਗਈ। ਨਿਵੇਸ਼ ਪ੍ਰੋਤਸਾਹਨ ਦੌਰੇ ਦੇ ਆਖਰੀ ਦਿਨ ਅੱਜ ਸ. ਬਾਦਲ ਵਲੋਂ ਜੀ.ਵੀ. ਕੇ. ਗਰੁੱਪ ਦੇ ਚੇਅਰਮੈਨ ਸ੍ਰੀ ਜੀ.ਵੀ.ਕੇ. ਰੈਡੀ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਸ. ਬਾਦਲ ਨੂੰ ਕੰਪਨੀ ਦੀਆਂ ਬਾਇਓ ਸਾਇੰਸ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕੰਪਨੀ ਨੇ ਜੀਨੌਮ ਵੈਲੀ ਜੀਵ ਵਿਗਿਆਨ ਪਾਰਕ ਵਿਖੇ ਇਨਕੁਬੇਸ਼ਨ ਤੋਂ ਉਤਪਾਦਨ ਖੇਤਰ ਵੱਲ ਆਪਣੇ ਆਪ ਨੂੰ ਤਬਦੀਲ ਕੀਤਾ।
ਉਪ ਮੁੱਖ ਮੰਤਰੀ ਨੇ ਸ੍ਰੀ ਰੈਡੀ ਨੂੰ ਕਿਹਾ ਕਿ ਉਹ ਮੁਹਾਲੀ ਦੇ ਪ੍ਰਸਤਾਵਿਤ ਬਾਇਓਟੈਕ ਪਾਰਕ ਵਿਖੇ ਨਿਵੇਸ਼ ਕਰਨ ਕਿਉਂਕਿ ਮੁਹਾਲੀ ਵਿਖੇ ਜਿੱਥੇ ਮਨੁੱਖੀ ਸ੍ਰੋਤ ਵੱਡੀ ਪੱਧਰ’ਤੇ ਮੌਜੂਦ ਹਨ ਉੱਥੇ 11 ਵਿਸ਼ਵ ਪੱਧਰੀ ਸੰਸਥਾਵਾਂ ਵੀ ਮੌਜੂਦ ਹਨ, ਜਿਨ੍ਹਾਂ ਵਿਚ ਆਈ.ਆਈ.ਐਸ.ਈ.ਆਰ. ਐਨ. ਆਈ. ਪੀ. ਈ. ਆਰ, ਐਨ. ਏ. ਬੀ. ਆਈ., ਆਈ. ਐਨ. ਐਸ. ਟੀ., ਆਈ. ਆਈ. ਟੀ. ਰੋਪੜ, ਇੰਡੀਅਨ ਸਕੂਲ ਆਫ ਬਿਜਨਸ, ਪੰਜਾਬ ਯੂਨੀਵਰਸਿਟੀ, ਪੀ. ਜੀ. ਆਈ. ਮੁੱਖ ਹਨ। ਸ੍ਰੀ ਰੈਡੀ ਨੇ ਕਿਹਾ ਕਿ ਕੰਪਨੀ ਦਾ ਪੰਜਾਬ ਵਿਚ ਨਿਵੇਸ਼ ਦਾ ਤਜਰਬਾ ਬਹੁਤ ਸੁਖਾਵਾਂ ਰਿਹਾ ਹੈ ਤੇ ਭਵਿੱਖ ਵਿਚ ਨਿਵੇਸ਼ ਵੇਲੇ ਕੰਪਨੀ ਆਪਣੇ ਪੰਜਾਬ ਵਿਚਲੇ ਯੂਨਿਟਾਂ ਦਾ ਵਿਸਥਾਰ ਕਰੇਗੀ। ਇਸ ਮੌੋਕੇ ਮੁੱਖ ਤੌਰ ’ਤੇ ਸ੍ਰੀ ਉਤਕਰਸ਼ ਪਾਲ ਨਿਤਕਰ ਤੋਂ ਇਲਾਵਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਅਨੁਰਿੱਧ ਤਿਵਾੜੀ, ਕਰਨ ਅਵਤਾਰ ਸਿੰਘ, ਡੀ.ਕੇ. ਰੈਡੀ., ਮਨਵੇਸ਼ ਸਿੰਘ ਸਿੱਧੂ ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਵੀ ਹਾਜ਼ਰ ਸਨ।



