ਲੁਧਿਆਣਾ, 19 ਸਤੰਬਰ (ਜਸਮੀਤ ਕੌਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਅੱਜ ਸਵੇਰੇ ਇੱਥੋਂ ਦੇ ਡੀ ਐਮ ਸੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਹਸਪਤਾਲ ’ਚ ਜ਼ੇਰੇ ਇਲਾਜ ਸਨ।ਜਥੇਦਾਰ ਤਲਵੰਡੀ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਉਹ 86 ਸਾਲ ਦੇ ਸਨ। ਜਥੇਦਾਰ ਤਲਵੰਡੀ ਆਪਣੇ ਪਿੱਛੇ 2 ਪੁੱਤਰ ਅਤੇ 2 ਧੀਆਂ ਛੱਡ ਗਏ ਹਨ। ਜਥੇਦਾਰ ਤਲਵੰਡੀ 2 ਵਾਰ ਪੰਜਾਬ ਦੇ ਮੰਤਰੀ ਅਤੇ 1967,1969 ਤੇ 1972 ਵਿੱਚ ਵਿਧਾਨ ਸਭਾ ਲਈ ਚੁਣੇ ਗਏ। ਉਹ 1977 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ, ਰਾਏਕੋਟ ਵਿਖੇ ਕੀਤਾ ਜਾਵੇਗਾ।ਮੁੱਖ ਮੰਤਰੀ
ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਜਥੇਦਾਰ ਤਲਵੰਡੀ ਦੇ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।