June 20, 2026 10:23 pm

ਫਰੀਦਕੋਟ ਵਿਖੇ ਸ਼ੇਖ ਫਰੀਦ ਆਗਮਨ ਪੁਰਬ ਦੀ ਖੁਸ਼ੀ ’ਚ ਰਾਜ ਪੱਧਰੀ ਮੇਲੇ ਦੀ ਸੁਖਮਨੀ ਸਹਿਬ ਜੀ ਦੇ ਪਾਠ ਨਾਲ ਸ਼ੁਰੂਆਤ

Page-1_37 ਫਰੀਦਕੋਟ, 19 ਸਤੰਬਰ (ਗੁਰਜੀਤ ਰੋਮਾਣਾ)- 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ 29ਵੇ ਮੇਲੇ ਦੀ ਸ਼ੁਰੂਆਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਸੁਖਮਨੀ ਸਹਿਬ ਜੀ ਦੇ ਪਾਠ ਨਾਲ ਹੋ ਗਈ ਹੈ, ਇਸ ਉਪਰੰਤ ਕਿਲ੍ਹਾ ਮੁਬਾਰਕ ਫਰੀਦਕੋਟ ਤੋਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਜਿਨ੍ਹਾਂ ਵਿੱਚ ਪੁਰਾਣੇ ਰੱਥ, ਊਠ, ਘੋੜੇ, ਪੁਰਣੇ ਬਜ਼ੁਰਗਾਂ ਦੇ ਰੇਡੀਓ ਕੰਨ੍ਹ ਨਾਲ ਲਾ ਕੇ ਸੁਨਣੇ, ਸਣ ਵੱਟਣਾ, ਤਾਸ਼,ਬਾਰਾਂ ਟੈਣੀ ਖੇਡਣ ਦਾ ਸਥਾਨ ਪੁਰਾਣੀ ਸੱਥ ਤੇ ਖੁੰਢਾਂ ਨੂੰ ਦਰਸਾ ਰਹੀਆਂ ਝਾਕੀਆਂ,ਜਾਗੋ ਕੱਢਣੀ, ਭੰਡ੍ਹ, ਪੁਰਾਣੇ ਗਾਇਕ ਕਲਾਕਾਰ ਤੇ ਤਰ੍ਹਾਂ ਤਰ੍ਹਾਂ ਦੀ ਪੁਰਣੀ ਫਿਤਰਤ ਨੂੰ ਦੁਆਰਾ ਯਾਦ ਕਰਵਾਉਣ ਵਾਲਾ ਇਤਿਹਾਸ ਸ਼ਾਮਲ ਸੀ ਤੇ

ਸਕੂਲੀ ਬੱਚੇ ਤੇ ਬੈਂਡ ਆਦਿ ਨਾਲ ਸ਼ਾਮਲ ਕਾਫਲਾ ਚੱਲ ਕੇ ਭਰੇ ਬਜ਼ਾਰਾਂ ਵਿਚੋਂ ਲੰਘ ਕੇ ਰੈਸਟ ਹਾਊਸ ਦਰਬਾਰ ਗੰਜ਼ ਵਿਖੇ ਪਹੁਚਿਆ ਜਿੱਥੇ ਪੁਰਾਣੇ ਸਮੇਂ ਦੇ ਭਾਡੇ, ਸਿੱਕੇ ਹਲ ਪੰਜਾਲੀਆਂ, ਰੇਡੀਓ, ਘਰ ਦੇ ਬੁਣੇ ਖੇਸ ਚਾਦਰਾਂ ਪੁਰਾਣੇ ਸਮੇਂ ਦਾ ਮਾਲ ਵਿਭਾਗ ਰਿਕਾਡ ਤੇ ਸਭ ਦੀ ਖਿੱਚ ਦਾ ਕੇਂਦਰ ਬਣਿਆ ਚੁਲ੍ਹਾ ਚੌਕਾ, ਰਸੋਈ, ਹਾਰੇ, ਦਾਣੇ ਭੁਨਣ ਵਾਲੀ ਭੱਠੀ, ਤੰਦੂਰ, ਕੁਕੜਾਂ ਦੇ ਖੁੱਡੇ ,ਮਧਾਣੀਆਂ ਰਿੜਕਣੇ ਘੋਟਨੇ ਤੇ ਹਰ ਤਰ੍ਹਾਂ ਦੇ ਪੁਰਾਣੇ ਮਸਾਲੇ ਨਾਲ ਭਰਿਆ ਇਹ ਘਰ ਮੌਜ਼ੂਦ ਸੀ ਜਿੱਥੇ ਵਾਣ ਦੇ ਮੰਜੇ ਤੇ ਬਹਿ ਕੇ ਬੇਬੇ ਵੱਲੋਂ ਫੜ੍ਹਾਈ ਰੋਟੀ ਛੰਨਾਂ ਘਿਓ ਦਾ ਪੀਣ ਤੇ ਮੰਜੇ ਦੀ ਬਾਈ ਤੇ ਰੱਖ ਕੇ ਮੁੱਕੀ ਨਾਲ ਗੰਢਾ ਭੰਨਣਾਂ ਆਦਿ ਦੀ ਸਾਰੀ ਹਕੀਕਤ ਸ਼ਾਮਲ ਸੀ ਜਿਸ ਨੂੰ ਵੇਖਣ ਤੇ ਖੜ੍ਹ ਕੇ ਫੋਟੋ ਖਿੱਚਵਾਉਣ ਲਈ ਦਰਸ਼ਕਾਂ ਦੀ ਭੀੜ ਲੱਗੀ ਹੋਈ ਸੀ।ਪ੍ਰਸਾਸਨ ਦੀ ਅਗਵਾਈ ਹੇਠ ਰੈੱਡ ਕਰਾਸ ਵੱਲੋਂ ਲੱਗੇ ਪੰਡਾਲ ਵਿੱਚ ਦਰਸ਼ਕਾਂ ਦੀ ਹਾਜ਼ਰੀ ਨਾਲ ਗਹਿਗੱਚ ਭਰੀਆਂ ਕੁਰਸੀਆਂ ਤੇ ਮੁੱਖ ਮਹਿਮਾਨਾਂ ਦੇ ਮੰਨੋਰੰਜਨ ਲਈ ਗਾਇਕ ਪੁਰਾਣੇ ਤੇ ਧਾਰਮਿਕ ਵਿਰਸੇ ਦੇ ਗੀਤ ਗਾ ਕੇ ਆਪਣੀ ਹਾਜ਼ਰੀ ਲਵਾ ਰਹੇ ਸਨ ਸਟੇਜ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਜਸਵੀਰ ਜੱਸੀ ਤੇ ਦੇਸਰਾਜ ਸ਼ਰਮਾਂ ਬਖੂਬੀ ਨਿਭਾ ਰਹੇ ਸਨ। ਪਿੰਡ ਰਾਜੂਵਾਲਾ ਤੇ ਤੇ ਸ਼ਕੂਰ ਦੇ ਲੋਕਾਂ ਵੱਲੋਂ ਲਗਾਏ ਲੰਗਰ ਵਿੱਚ ਮਿਸੀਆਂ ਤੇ ਸਾਦੀਆਂ ਰੋਟੀਆਂ ਦਾਲ ਤੇ ਠੰਢੀ ਲੱਸੀ ਖੁਲੇਆਮ ਵਰਤਾ ਕੇ ਤਾਂ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀਆਂ ਲੰਗਰ ਲੱਸੀ ਛਕਣ ਨਾਲ ਲੱਗਦਾ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਚੁਕੀਆਂ ਸਨ, ਕੁੱਲ ਮਿਲਾ ਕੇ ਮੇਲੇ ਦੀ ਸ਼ੁਰੂਆਤ ਧੂਮ-ਧੜੱਕੇ ਤੇ ਮੇਲੇ ਪ੍ਰੇਮੀਆਂ ਦੀ ਵੱਡੀ ਗਿਣਤੀ ਚ ਪਹੁੰਚਣ ਨਾਲ ਸ਼ੁਰੂ ਹੋ ਗਈ ਹੈ।

Send this to a friend