ਚੰਡੀਗੜ੍ਹ, 13 ਸਤੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਚੋਣ ਖੇਤਰ ਵਿਚ ਇਸ ਵਾਰ ਏਕਲ ਖਿੜਕੀ ਵਿਵਸਥਾ ਲਾਗੂ ਕੀਤੀ ਜਾਵੇਗੀ ਜਿੱਥੇ ਉਮੀਦਵਾਰ ਚੋਣ ਨਾਲ ਸਬੰਧਤ ਸਾਰੇ ਤਰ੍ਹਾਂ ਦੀ ਪ੍ਰਕ੍ਰਿਆਵਾਂ ਅਤੇ ਸਬੰਧਤ ਕਾਰਵਾਈਆਂ ਪੂਰੀਆਂ ਕਰ ਸਕਣਗੇ। ਸ੍ਰੀ ਵਾਲਗਦ ਨੇ ਇਹ ਜਾਣਕਾਰੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰੇ ਜਿਲ੍ਹਿਆਂ ਦੇ ਚੋਣ ਅਧਿਕਾਰੀਆਂ ਅਤੇ ਸਾਰੇ ਵਿਧਾਨ ਸਭਾ ਖੇਤਰਾਂ ਦੇ ਰਿਟਰਨਿੰਗ ਅਧਿਕਾਰੀਆਂ ਦੇ ਨਾਲ ਆਯੋਜਿਤ ਮੀਟਿੰਗ ਦੇ ਬਾਅਦ ਦਿੱਤੀ। ਉਨ੍ਹਾਂ ਹਰਿਆਣਾ ਦੇ ਚੋਣ ਪ੍ਰੋਗਰਾਮ ਦੇ ਐਲਾਨ ਬਾਅਦ ਸੂਬੇ ਵਿਚ ਸ਼ਾਂਤੀ ਪੂਰਨ ਅਤੇ ਸੰਚਾਰੂ ਢੰਗ ਨਾਲ ਚੋਣ ਕਰਵਾਉਣ ਦੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਸਾਰੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜਬਤੇ ਨੂੰ ਸਖਤੀ ਨਾਲ ਲਾਗੂ ਦੇ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਸਾਰੇ
ਰਾਜਨੀਤਕ ਦਲਾਂ ਦੇ ਨਾਲ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਜਾਬਤੇ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਮੀਡੀਏ ਨੂੰ ਵੀ ਚੋਣ ਜਬਤੇ ਸਬੰਧੀ ਜਾਣਕਾਰੀ ਦੇਣ ਦੇ ਲਈ ਪ੍ਰੈਸ ਕਾਨਫਰੰਸ ਬੁਲਾਉਣ ਦੇ ਵੀ ਨਿਰਦੇਸ਼ ਦਿੱਤੇ। ਸ੍ਰੀ ਵਾਲਗਦ ਨੇ ਸਾਰੇ ਦਲਾਂ ਦੇ ਪ੍ਰਚਾਰ ਸਾਧਨਾਂ ’ਤੇ ਵਿਸ਼ੇਸ਼ ਨਜਰ ਰੱਖਣ ਦੇ ਲਈ ਵੀ ਆਦੇਸ਼ ਦਿੱਤੇ।ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਹਰਿਆਣਾ ਵਿਚ ਪਹਿਲੀ ਵਾਰ ਵਰਤੋਂ ਦੇ ਤੌਰ ’ਤੇ 6 ਵਿਧਾਨ ਸਭਾ ਚੋਣ ਖੇਤਰਾਂ ਸੋਨੀਪਤ, ਪਾਨੀਪਤ, ਕਰਨਾਲ, ਥਾਨੇਸਰ, ਗੁੜਗਾਉਂ ਅਤੇ ਰੋਹਤਕ ਵਿਚ ਇਲੈਕ੍ਰਨਿਕ ਵੋਟਿੰਗ ਮਸ਼ੀਨ ਦੇ ਨਾਲ ਪ੍ਰਿੰਟਰ ਵੀ ਲਗਾਇਆ ਜਾਵੇਗਾ ਜਿਸ ਨਾਲ ਵੋਟ ਤੋਂ ਬਾਅਦ ਵੋਟਰ ਨੂੰ ਇਕ ਸਿਲਪ ਮਿਲੇਗੀ ਜਿਸ ਵਿਚ ਉਸਦੀ ਵੋਟ ਦੀ ਜਾਣਕਾਰੀ ਹੋਵੇਗੀ।