June 19, 2026 11:00 pm

ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ 14 ਬੱਚਿਆਂ ਸਮੇਤ 43 ਹੋਰ ਲਾਸ਼ਾਂ ਮਿਲੀਆਂ

ਫੌਜੀ ਜਵਾਨਾਂ ਨੇ ਹੁਣ ਤੱਕ 1 ਲੱਖ 42 ਹਜ਼ਾਰ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ
Page3_06 ਸ੍ਰੀਨਗਰ 13 ਸਤੰਬਰ (ਪੀ. ਟੀ. ਲਾਇਵ)- ਕਸ਼ਮੀਰ ਵਾਦੀ ਵਿਚ ਪਾਣੀ ਘਟਣ ਤੋਂ ਬਾਅਦ 43 ਲਾਸ਼ਾਂ ਹੋਰ ਬਰਾਮਦ ਹੋਈਆਂ ਹਨ ਜਿਨ੍ਹਾਂ ਵਿਚ 14 ਲਾਸ਼ਾਂ ਬੱਚਿਆਂ ਦੀਆਂ ਹਨ। ਉਧਰ ਫੌਜ ਦੇ ਜਵਾਨ ਹੁਣ ਤੱਕ ਰਾਜ ਦੇ ਹੜ੍ਹ ਮਾਰੇ ਖੇਤਰਾਂ ਵਿਚੋਂ 1,42000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ‘ਚ ਸਫਲ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੀ.ਬੀ ਪੰਤ ਹਸਪਤਾਲ ਵਿਚੋਂ 14 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸ੍ਰੀਨਗਰ ਦੇ ਸ੍ਰੀ ਮਹਾਰਾਜ ਹਰੀ ਸਿੰਘ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸਮੇਤ ਸਾਰੇ ਮੁੱਖ ਹਸਪਤਾਲ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਸਨ। ਸ਼ਿਵਪੁਰਾ, ਰਾਜਬਾਗ, ਜਵਾਹਰ ਨਗਰ, ਵਜੀਰਬਾਗ, ਕਰਨ ਨਗਰ ਆਦਿ ਸਮੇਤ ਹੋਰ ਕਈ ਰਿਹਾਇਸ਼ੀ ਖੇਤਰਾਂ ਵਿਚ 10-10 ਫੁੱਟ ਤੱਕ ਪਾਣੀ ਭਰ ਗਿਆ ਸੀ ਜੋ ਹੁਣ

ਘਟਿਆ ਹੈ। ਸ੍ਰੀਨਗਰ ਦੇ ਪੁਰਾਣੇ ਇਲਾਕਿਆਂ ਵਿਚ ਭਾਵੇਂ ਹੜ੍ਹ ਦਾ ਪਾਣੀ ਨਹੀਂ ਪੁੱਜਾ ਪਰ ਬਾਜ਼ਾਰਾਂ ਵਿਚ ਸਮਾਨ ਨਾ ਆਉਣ ਕਾਰਨ ਦੁਕਾਨਾਂ ਪਿਛਲੇ 6 ਦਿਨਾਂ ਤੋਂ ਬੰਦ ਹਨ। ਜੰਮੂ ਵਿਚ ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਥਿਆਰਬੰਦ ਫੋਰਸਾਂ ਤੇ ਐਨ.ਡੀ.ਆਰ.ਐਫ ਦੇ ਜਵਾਨ ਹੁਣ ਤੱਕ 1,42000 ਤੋਂ ਵਧ ਲੋਕਾਂ ਨੂੰ ਹੜ੍ਹ ਦੇ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢ ਚੁੱਕੇ ਹਨ। ਉਸ ਨੇ ਦੱਸਿਆ ਕਿ ਪਾਣੀ ਸਾਫ ਕਰਨ ਵਾਲੀਆਂ 38 ਟਨ ਗੋਲੀਆਂ ਤੇ ਪਾਣੀ ਸਾਫ ਕਰਨ ਵਾਲੇ 6 ਪਲਾਂਟ ਪਹਿਲਾਂ ਹੀ ਸ੍ਰੀਨਗਰ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ ਹਰੇਕ ਪਲਾਂਟ ਦੀ ਪਾਣੀ ਸਾਫ ਕਰਨ ਦੀ ਸਮਰੱਥਾ ਪ੍ਰਤੀ ਦਿਨ 1.2 ਲੱਖ ਬੋਤਲਾਂ ਹੈ। ਬੁਲਾਰੇ ਅਨੁਸਾਰ ਸ੍ਰੀਨਗਰ ਵਿਚ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ 13 ਜਨਰੇਟਰ ਸੈੱਟ ਭੇਜੇ ਗਏ ਹਨ। ਇਸ ਤੋਂ ਇਲਾਵਾ ਕੰਬਲ ਤੇ ਟੈਂਟ ਵੰਡੇ ਗਏ ਹਨ। ਫੌਜ ਦੀਆਂ 80 ਡਾਕਟਰੀ ਟੀਮਾਂ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਅਵਾਂਤੀਪੁਰ, ਪਟਨ, ਆਨੰਤਨਾਗ ਤੇ ਪੁਰਾਣੇ ਏਅਰਫੀਲਡ ਵਿਚ 4 ਹਸਪਤਾਲ ਬਣਾਏ ਗਏ ਹਨ ਜਿਥੇ ਬਿਮਾਰ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।
ਕੁਦਰਤੀ ਆਫ਼ਤ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੀ। ਹੜ੍ਹ ਨੇ ਆਮ ਲੋਕਾਂ ਤੋਂ ਇਲਾਵਾ ਰਾਹਤ ਕਾਰਜਾਂ ਵਿਚ ਦਿਨ ਰਾਤ ਲੱਗੀ ਫੌਜ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਕਸ਼ਮੀਰ ਵਾਦੀ ਵਿਚ ਫੌਜ ਦੇ ਕੈਂਪਾਂ ਵਿਚ ਪਾਣੀ ਦਾਖਲ ਹੋਣ ਨਾਲ ਜਵਾਨਾਂ ਦਾ ਸਮਾਨ ਤਬਾਹ ਹੋ ਗਿਆ ਹੈ ਤੇ ਹਥਿਆਰ ਤਬਾਹ ਜਾਂ ਨਕਾਰਾ ਹੋ ਗਏ ਹਨ। ਸੈਂਕੜੇ ਏ.ਕੇ ਰਾਈਫਲਾਂ ਤੇ ਐਸ.ਐਲ.ਆਰ ਰਾਈਫਲਾਂ ਸਮੇਤ ਗੋਲੀ ਸਿੱਕਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਇਹ ਹੀ ਹਾਲ ਬੰਬਾਂ ਤੇ ਹੱਥ ਗੋਲਿਆਂ ਦਾ ਹੈ। ਹੜ੍ਹ ਦਾ ਪਾਣੀ ਆਉਣ ਉਪਰੰਤ ਫੌਜੀਆਂ ਨੂੰ ਹੁਕਮ ਹੋਇਆ ਸੀ ਕਿ ਉਹ ਤੁਰੰਤ ਆਪਣੀਆਂ ਜਾਨਾਂ ਬਚਾਉਣ ਲਈ ਕੈਂਪਾਂ ਵਿਚੋਂ ਨਿਕਲ ਆਉਣ।ਕਸ਼ਮੀਰ ਵਾਦੀ ਲਈ ਜੀਵਨ ਰੇਖਾ ਸਮਝੇ ਜਾਂਦੇ ਦਰਿਆ ਜੇਹਲਮ ਨੇ ਪਿਛਲੇ 15 ਦਿਨਾਂ ਦੌਰਾਨ ਆਪਣਾ ਸਭ ਤੋਂ ਵਧ ਭਿਆਨਕ ਰੂਪ ਵਿਖਾਇਆ ਹੈ ਜੋ ਕਈ ਪੀੜੀਆਂ ਨੇ ਨਹੀਂ ਵੇਖਿਆ। ਮਾਹਿਰਾਂ ਦਾ ਵਿਚਾਰ ਹੈ ਕਿ ਨਜਾਇਜ਼ ਕਬਜ਼ੇ, ਗੈਰ ਯੋਜਨਾਬੱਧ ਸ਼ਹਿਰੀ ਵਿਕਾਸ ਤੇ ਪਿਛਲੇ ਸਾਲਾਂ ਦੌਰਾਨ ਹੜ੍ਹ ਨਿਯੰਤਰਨ ਸਬੰਧੀ ਪ੍ਰਭਾਵੀ ਕਦਮ ਚੁੱਕਣ ‘ਚ ਅਸਫਲ ਰਹਿਣ ਕਾਰਨ ਇਸ ਕੁਦਰਤੀ ਆਫ਼ਤ ਨੇ ਵੱਡੀ ਪੱਧਰ ‘ਤੇ ਨੁਕਸਾਨ ਕੀਤਾ ਹੈ।

Send this to a friend