ਹਰਿਆਣਾ ਦੇ ਲੋਕ ਇੰਡੀਅਨ ਨੈਸ਼ਨਲ ਲੋਕ ਦਲ ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ
ਨਵੀਂ ਦਿੱਲੀ, 13 ਸਤੰਬਰ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਭਾਈਚਾਰੇ ਨੂੰ ਵੰਡਣ ਵਾਲੀ ਗੰਦੀ ਰਾਜਨੀਤੀ ਕੀਤੀ ਹੈ। ਅੱਜ ਇੱਥੇ ਪੰਜਾਬ ਭਵਨ ਵਿਖੇ ਸੰਗਤ ਦਰਸ਼ਨ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਮੁਲਾਕਾਤ ਪਿੱਛੋਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਕਰੋੜਾਂ ਰੁਪੈ ਖਰਚ ਕਰਕੇ ਪੰਜਾਬ ਵਿਚੋਂ ਨਹਿਰਾਂ ਕੱਢੀਆਂ ਜਦਕਿ ਇਨ੍ਹਾਂ ਤੋਂ ਅੱਧੇ ਪੈਸੇ ਖਰਚ ਕਰਕੇ ਹੀ ਦੋਹਾਂ ਰਾਜਾਂ ਨੂੰ ਸਿੰਚਾਈ ਦੌਰਾਨ ਪਾਣੀ ਦੀ ਬਚਤ ਵਾਲੇ ਪ੍ਰਾਜੈਕਟ ਵੱਡੀ ਪੱਧਰ ’ਤੇ ਸ਼ੁਰੂ ਕੀਤੇ ਜਾ ਸਕਦੇ ਸਨ। ਉੁਨ੍ਹਾਂ ਕਿਹਾ ਕਿ ਕਾਂਗਰਸ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸੀ ਕਿ ਹਰੀ ਕ੍ਰਾਂਤੀ ਦਾ ਜ਼ਮੀਨ ਹੇਠਲੇ ਪਾਣੀ ’ਤੇ
ਮਾੜਾ ਅਸਰ ਪੈਣਾ ਹੈ ਪਰ ਉਸਨੇ ਇਸਦੇ ਹੱਲ ਦੀ ਥਾਂ ਦੋਹਾਂ ਰਾਜ੍ਯਾਂ ਦੇ ਕਿਸਾਨਾਂ ਨੂੰ ਲੜਾਕੇ ਆਪਣੇ ਹਿੱਤਾਂ ਦੀ ਪੂਰਤੀ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਜ਼ਰਾਇਲ ਵਰਗਾ ਦੇਸ਼ ਤੁਪਕਾ ਪ੍ਰਣਾਲੀ ਰਾਹੀਂ ਅੰਨ੍ਹ ਦੇ ਮਾਮਲੇ ਵਿਚ ਆਤਮ ਨਿਰਭਰ ਹੋ ਸਕਦਾ ਹੈ ਤਾਂ ਕਾਂਗਰਸ ਨੇ ਆਪਣੇ 65 ਸਾਲ ਦੇ ਸ਼ਾਸ਼ਨ ਦੌਰਾਨ ਅਜਿਹਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਇੰਡੀਅਨ ਨੈਸ਼ਨਲ ਲੋਕ ਦਲ ਤੇ ਅਕਾਲੀ ਦਲ ਦੇ ਗਠਜੋੜ ਨੂੰ ਪੰਜਾਬ ਦੇ ਹਰਿਆਣਾ ਦੇ ਲੋਕਾਂ ਦੀ ਸਾਂਝ ਦਾ ਆਧਾਰ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਹਰਿਆਣਾ ਦੇ ਲੋਕ ਆਈ.ਐਨ.ਐਲ.ਡੀ. ਤੇ ਅਕਾਲੀ ਦਲ ਦੀ ਸਰਕਾਰ ਬਣਾਕੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਗਠਜੋੜ ਵਲੋਂ ਕਾਂਗਰਸ ਦਾ ਪੰਜਾਬ ਤੋਂ ਦਿੱਲੀ ਤੱਕ ਸਫਾਇਆ ਕਰ ਦਿੱਤਾ ਜਾਵੇਗਾ। ਘੱਟੋ ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨ ਦੇ ਮੁਦੇ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਾਰੇ ਇਕਮਤ ਹਨ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਤੇ ਅਕਾਲੀ ਦਲ ਦੇ ਏਜੰਡੇ ’ਤੇ ਕਿਸਾਨਾਂ ਦੀ ਭਲਾਈ ਸਭ ਤੋਂ ਉੱਪਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਵਾਂਗ ਹਰਿਆਣਾ ਵਿਚ ਵੀ ਵਿਕਾਸ ਸਭ ਤੋਂ ਵੱਡਾ ਮੁੱਦਾ ਹੋਵੇਗਾ। ਸੰਗਤ ਦਰਸ਼ਨ ਦੌਰਾਨ ਕੁੱਲ 317 ਵਿਅਕਤੀਆਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੱਲ ਕੀਤਾ ਗਿਆ। ਸ. ਬਾਦਲ ਨੇ ਲੋਕਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਹ ਬਦਲੀਆਂ ਤੇ ਨੌਕਰੀਆਂ ਪ੍ਰਾਪਤ ਕਰਨ ਲਈ ਸਿਫਾਰਸ਼ ਵਾਸਤੇ ਅਰਜ਼ੀਆਂ ਨਾ ਲੈ ਕੇ ਆਉਣ ਕਿਉਂਕਿ ਪੰਜਾਬ ਸਰਕਾਰ ਵਲੋਂ ਸਾਰੀਆਂ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਸ਼ਵਨੀ ਕੁਮਾਰ ਹਾਜ਼ਰ ਸਨ।