June 19, 2026 6:08 pm

ਬਾਦਲ ਵੱਲੋਂ ਕੇਂਦਰ ਤੋਂ ਪੰਜਾਬ ਲਈ ਮੁੜ ਵਿਸ਼ੇਸ਼ ਸਨਅਤੀ ਪੈਕੇਜ ਦੀ ਮੰਗ

ਗਵਾਂਢੀ ਸੂਬਿਆਂ ਨੂੰ ਦਿੱਤੀਆਂ ਗਈਆਂ ਟੈਕਸ ਰਿਆਇਤਾਂ ਦਾ ਜਾਇਜ਼ਾ ਲੈਣ ਦੀ ਪੰਜਾਬ ਮੰਗ ਕਰੇਗਾ 
Page-1_03 ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕਜਲੰਧਰ/ਤਲਵੰਡੀ ਸਾਬੋ, 12 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿਘ ਬਾਦਲ ਨੇ ਕਿਹਾ ਕਿ ਗਵਾਂਢੀ ਸੂਬਿਆਂ ਨੂੰ ਉਦਯੋਗ ਦੇ ਖੇਤਰ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਕੇਂਦਰ ‘ਤੇ ਜ਼ੋਰ ਪਾਵੇਗੀ ਕਿਉਂਕਿ ਇਹ ਰਿਆਇਤਾਂ ਸੂਬੇ ਦੇ ਸਨਅਤੀ ਵਿਕਾਸ ’ਤੇ ਅਸਰ ਪਾ ਰਹੀਆਂ ਹਨ।  ਉਨ੍ਹਾਂ ਨੇ ਇਹ ਵਿਚਾਰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਅੱਜ ਆਖਰੀ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਛੇਤੀ ਹੀ ਕੇਂਦਰ ਕੋਲ ਉਦਯੋਗਾਂ ਦੇ ਵਿਕਾਸ ਦਾ ਮੁੱਦਾ ਉਠਾਵੇਗਾ ਅਤੇ ਇਸ ਦੇ ਨਾਲ ਹੀ ਗਵਾਂਢੀ ਰਾਜਾਂ ਨੂੰ ਉਦਯੋਗ ਦੇ ਖੇਤਰ ਵਿੱਚ ਦਿੱਤੀਆਂ

ਗਈਆਂ ਵਿਸ਼ੇਸ਼ ਸਹੂਲਤਾਂ ਦਾ ਜਾਇਜ਼ਾ ਲੈਣ ਦੀ ਵੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਕੋਲ ਸੂਬੇ ਦੇ ਸਨਅਤੀ ਸੈਕਟਰ ਲਈ ਵਿਸ਼ੇਸ਼ ਮੰਗ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਐਨ.ਡੀ.ਏ. ਦੀ ਸਰਕਾਰ ਬਣੀ ਨੂੁੰ ਕੇਵਲ ਤਿੰਨ ਮਹੀਨੇ ਹੋਏ ਹਨ ਅਤੇ ਇਸ ਨੂੰ ਬੁਰੀਤਰ੍ਹਾਂ ਤਬਾਹ ਹੋਈ ਆਰਥਿਕਤਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇਸ਼ ਨੂੰ ਮੁੜ ਵਿਕਾਸ ਦੀ ਲੀਹ ਪਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਜਦ ਕਿ ਕਾਂਗਰਸ ਇਸ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਈ। ਗੋਹਲੇਵਾਲ ਪਿੰਡ ਦੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਤੀ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨਾਂ ਨੂੰ ਪੇਸ਼ੇਵਰ ਹੁਨਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਉਦਯੋਗ ਲਈ ਪੂਰੀ ਤਰ੍ਹਾਂ ਤਿਆਰ ਪੇਸ਼ੇਵਰ ਨੌਜਵਾਨ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਨੇ ਨੌਜਵਾਨਾਂ ਨੂੰ ਡੇਅਰੀ ਅਤੇ ਸਬੰਧਤ ਧੰਦੇ ਅਪਣਾਉਣ ਅਤੇ ਸਵੈ ਰੋਜ਼ਗਾਰ ਉਤੇ ਧਿਆਨ ਕੇਂਦਰਤ ਕਰਨ ਲਈ ਆਖਿਆ। ਬੱਚਿਆਂ ਲਈ ਬੱਚਿਆਂ ਦੀ ਸੰਭਾਲ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਵਲੋਂ ਸ਼ੁਰੂ ਕੀਤੇ ਸ਼ਾਨੇਮੱਤੇ ਪ੍ਰੋਗਰਾਮ ਦੀ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰੇਕ ਪਿੰਡ ਵਿੱਚ ਘੱਟੋ ਘੱਟ ਇੱਕ ਆਂਗਨਵਾੜੀ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਤਕਰੀਬਨ 13000 ਪਿੰਡਾਂ ਵਿੱਚ ਆਂਗਨਵਾੜੀ ਸਥਾਪਤ ਕਰਨ ਵਾਸਤੇ ਫੰਡ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਢੁਕਵਾਂ ਪੋਸ਼ਨ ਅਤੇ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਪਿੰਡ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਜਿਸ ਵਾਸਤੇ ਜੰਗੀ ਪੱਧਰ ਉਤੇ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਦੇਖਦੇ ਹੋਏ ਕੰਮ ਕਰੇ ਅਤੇ ਪੀਣ ਵਾਲੇ ਸਾਫ਼ ਪਾਣੀ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰੇ। ਉਨ੍ਹਾਂ ਨੇ ਲੋਕਾਂ ਨੂੰ ਸੰਗਤ ਦਰਸ਼ਨ ਪ੍ਰੋਗਰਾਮ ਆਪਣੀਆਂ ਸ਼ਿਕਾਇਤਾਂ ਬੇਝਿਜਕ ਉਨ੍ਹਾਂ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਪ੍ਰਧਾਨ ਮੰਤਰੀ ਜਨਧਨ ਯੋਜਨਾ ਨੂੰ ਸਫ਼ਲਤਾ ਪੂਰਬਕ ਲਾਗੂ ਕਰਨ ਵਾਸਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਹਰੇਕ ਵਿਅਕਤੀ ਦਾ ਬੈਂਕ ਖਾਤਾ ਖੋਲ੍ਹੇ ਜਾਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅੱਜ ਜਿਨ੍ਹਾਂ ਪਿੰਡਾਂ ਵਿੱਚ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕੀਤਾ ਉਨ੍ਹਾਂ ਵਿੱਚ ਮਾਨੂੰਆਣਾ, ਮੀਰਜੀਆਣਾ, ਕੌਰੇਆਣਾ, ਕਲਾਲਵਾਲਾ, ਫੱਤਾ ਬਾਲੂ, ਗੋਹਲੇਵਾਲ ਆਦਿ ਸ਼ਾਮਲ ਸਨ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਤੋਂ ਇਲਾਵਾ ਹਲਕੇ ਦੇ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ. ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਹਾਜ਼ਰ ਸਨ।

Send this to a friend