ਸ਼ੁਤਰਾਣਾ, 7 ਸਤੰਬਰ (ਮਨਜੀਤ ਸਿੰਘ)- ਨੇੜਲੇ ਪਿੰਡ ਗੋਬਿੰਦਪੁਰਾ ਪੈਂਦ ਵਿਖੇ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਸ਼ਹੀਦ ਬਾਬੇ ਦੀ ਯਾਦ ਵਿਚ ਹਰ ਸਾਲ ਲੱਗਣ ਵਾਲੇ ਸਾਲਾਨਾ ਜੋੜ ਮੇਲੇ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਦਿਨ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਸ਼ਬਦ ਗਾਇਨ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ ਅਤੇ ਬਾਅਦ ਦੁਪਹਿਰ ਕਬੱਡੀ ਦੇ ਮੈਚ ਤੇ ਪਹਿਲਵਾਨਾਂ ਦੇ ਦੰਗਲ ਵੀ ਕਰਵਾਏ ਗਏ। ਇਸ ਦੌਰਾਨ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਮੇਤ ਵੱਖ-ਵੱਖ ਥਾਵਾਂ ’ਤੇ ਗੋਲਕਾਂ ਰੱਖੀਆਂ ਗਈਆਂ ਸਨ ਅਤੇ ਸ਼ਰਧਾਲੂਆਂ ਵੱਲੋਂ ਗੁਰੂ ਕੀਆਂ ਗੋਲਕਾਂ ਵਿਚ
ਸ਼ਰਧਾ ਅਨੁਸਾਰ ਮਾਇਆ ਆਦਿ ਪਾ ਕੇ ਮੱਥਾ ਟੇਕਿਆ ਜਾ ਰਿਹਾ ਸੀ ਤੇ ਸ਼ਾਮ ਨੂੰ ਮੇਲੇ ਦੀ ਸਮਾਪਤੀ ਉਪਰੰਤ ਕਮੇਟੀ ਪ੍ਰਬੰਧਕਾਂ ਵੱਲੋਂ ਜਦੋਂ ਗੋਲਕਾਂ ਖੋਲ੍ਹ ਕੇ ਮਾਇਆ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਉ¤ਥੇ ਉਸ ਸਮੇਂ ਹੈਰਾਨੀ ਦੀ ਕੋਈ ਥਾਂ ਨਹੀਂ ਰਹੀ ਜਦੋਂ ਪ੍ਰਬੰਧਕਾਂ ਨੇ ਮਰਿਆਦਾ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਨੰਗੇ ਸਿਰ ਅਤੇ ਸਿਰੋਂ ਮੋਨੇ ਵਿਅਕਤੀ ਗੋਲਕ ਦੀ ਮਾਇਆ ਗਿਣਨ ਵਿਚ ਲਾ ਦਿੱਤੇ ਗਏ। ਇੱਥੇ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਗੋਲਕਾਂ ਦੀ ਗਿਣਤੀ ਮੌਕੇ ਸਾਰੇ ਹੀ ਵਿਅਕਤੀ ਜੁੱਤੀਆਂ ਪਾ ਕੇ ਗੋਲਕਾਂ ਦੇ ਆਲ਼ੇ-ਦੁਆਲ਼ੇ ਘੁੰਮ ਰਹੇ ਸਨ।