ਹੈਦਰਾਬਾਦ, 4 ਸਤੰਬਰ (ਪੀ. ਟੀ)- ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਵਿਜੇਵਾੜਾ ਖੇਤਰ ਵਿੱਚ ਹੋਵੇਗੀ। ਮੁੱਖ ਮੰਤਰੀ ਸ੍ਰੀ ਚੰਦਰਬਾਬੂ ਨਾਇਡੂ ਨੇ ਰਾਜ ਵਿਧਾਨਸਭਾ ਵਿੱਚ ਇਸ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਨਾਇਡੂ ਨੇ ਵਿਧਾਨਸਭਾ ਵਿੱਚ ਦੱਸਿਆ ਕਿ ਸਰਕਾਰ ਨੇ ਸੂਬੇ ਦੇ ਵਿਚਾਲੇ ਪੈਂਦੇ ਹਿੱਸੇ ਵਿੱਚ ਵਿਜੇਵਾੜਾ ਦੇ ਕੋਲ ਰਾਜਧਾਨੀ ਉਸਾਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਬੰਧ ਵਿੱਚ ਫੈਸਲਾ ਇੱਕ ਸਤੰਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਵਿਰੋਧੀ ਵਾਈ ਐਸ ਆਰ ਕਾਂਗਰਸ ਪਾਰਟੀ ਨੇ ਇਹ ਕਹਿ ਕੇ ਚੰਦਰਬਾਬੂ ਨਾਇਡੂ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਉਸ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਸ੍ਰੀ ਨਾਇਡੂ ਨੇ ਕਿਹਾ ਕਿ ਮੰਤਰੀ ਮੰਡਲ ਨੂੰ ਨਵੀਂ ਰਾਜਧਾਨੀ ਬਣਾਉਣ ਦੇ ਲਈ ਲੈਂਡਪੁਲਿੰਗ
ਸਿਸਟਮ ਦਾ ਫੈਸਲਾ ਲਿਆ ਹੈ। ਇਹ ਪ੍ਰਣਾਲੀ ਮੰਤਰੀ ਮੰਡਲ ਦੀ ਉਪ ਕਮੇਟੀ ਦੇ ਰਾਹੀਂ ਕੰਮ ਕਰੇਗੀ। ਮੁੱਖ ਮੰਤਰੀ ਨੇ 20 ਸਫਿਆਂ ਦੇ ਬਿਆਨ ਵਿੱਚ ਰਾਜਧਾਨੀ ਦੀ ਚੋਣ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਵਿਜੇਵਾੜਾ ਰਾਜ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਇਹ ਸਾਰੇ ਜ਼ਿਲ੍ਹਿਆਂ ਦੀ ਪਹੁੰਚ ਵਿੱਚ ਹੈ। ਰਾਜ ਦੇ ਤਿੰਨ ਖੇਤਰਾਂ ਦੇ ਵਿਕਾਸ ਦੇ ਲਈ ਉਨ੍ਹਾਂ ਨੇ ਸਰਕਾਰ ਵੱਲੋਂ ਪ੍ਰਸਤਾਵਿਤ ਉਪਾਵਾਂ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਵਿਜੇਵਾੜਾ ਹੈਦਰਾਬਾਦ ਤੋਂ 300 ਕਿਲੋਮੀਟਰ ਦੂਰ ਅਤੇ ਕ੍ਰਿਸ਼ਨਾ ਨਦੀ ਦੇ ਕਿਨਾਰੇ ਸਥਿਤ ਹੈ। 10 ਲੱਖ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਵਿਜੇਵਾੜਾ ਰਾਜ ਦਾ ਵੱਡਾ ਵਪਾਰਕ ਕੇਂਦਰ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਰਾਜਧਾਨੀ ਬਣਾਏ ਜਾਣ ਦੀਆਂ ਉਮੀਦਾਂ ਦੇ ਵਿਚਾਲੇ ਇਸ ਇਲਾਕੇ ਵਿੱਚ ਜ਼ਮੀਨਾਂ ਦੇ ਭਾਅ ਅਸਮਾਨ ਨੂੰ ਛੂਹਨ ਲੱਗੇ ਹਨ।
ਇਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜੂਨ ਵਿੱਚ ਆਂਧਰਾ ਪ੍ਰਦੇਸ਼ ਸੂਬੇ ਦੀ ਵੰਡ ਕਰਕੇ ਇੱਕ ਨਵਾਂ ਰਾਜ ਤੇਲੰਗਾਨਾ ਬਣਾਇਆ ਗਿਆ ਸੀ। ਪ੍ਰਬੰਧ ਸੀ ਕਿ ਸਾਲ 2024 ਤੱਕ ਹੈਦਰਾਬਾਦ ਨੂੰ ਦੋਨਾਂ ਰਾਜਾਂ ਦੀ ਰਾਜਧਾਨੀ ਬਣਾ ਕੇ ਰੱਖਿਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਆਈ ਟੀ ਹੱਬ ਦੇ ਰੂਪ ਵਿੱਚ ਮਸ਼ਹੂਰ ਹੈਦਰਾਬਾਦ ਨਵੇਂ ਰਾਜ ਤੇਲੰਗਾਨਾ ਨੂੰ ਸੋਂਪ ਦਿੱਤਾ ਜਾਵੇਗਾ।