ਕਿੰਨਾ ਬਦਲ ਗਿਆ ਮੇਰਾ ਪਿੰਡ
ਮੇਰਾ ਪਿੰਡ ਹੁਣ ਭੋਲਾ ਨਹੀਂ ਰਿਹਾ,ਚਾਲਾਕ ਬਣ ਗਿਆ। ਅੰਦਰੋਂ ਹੋਰ ਤੇ ਬਾਹਰੋਂ ਹੋਰ।ਬਗਲ ‘ਚ ਛੁਰੀ ਤੇ ਮੂੰਹ ਚ ਰਾਮ-ਰਾਮ ਬੋਲਦਾ। ਮੁਰਗਿਆਂ ਦੀਆਂ ਬਾਂਗਾਂ ਨਾਲ ਨੀ ਉ¤ਠਦਾ ਮੇਰਾ ਪਿੰਡ,ਪੂਰੀ ਤਰ੍ਹਾਂ ਸੁਸਤ ਹੋ ਗਿਆ।ਹੁਣ ਇੱਥੇ ਗੋਲ ਮਟੋਲ ਲੋਕ ਮਿਲਦੇ ਨੇ,ਪਿੰਜਣੀਆਂ ‘ਚ ਅੱਟਣ ਵਾਲੇ ਨਹੀਂ। ਵਿਹਲੜ ਲੋਕਾਂ ਦੀਆਂ ਡਾਰਾਂ ਨੇ ਇੱਥੇ। ਕੰਮ ਸੱਭਿਆਚਾਰ ਖਤਮ।‘ਚੰਮ ਪਿਆਰਾ ਕੰਮ ਨਹੀਂ’ਹੁਣ ਮੇਰੇ ਪਿੰਡ ਦਾ ਨਾਅਰਾ ਬਣ ਗਿਆ। ਬੁੱਢੇ ਸਿਆਣੇ ਨਹੀਂ ਰਹੇ। ਮੁਧਗਰ ਫੇਰਨੋ ਬੇਵੱਸ ਨੇ ਮੇਰੇ ਪਿੰਡ ਦੇ ਟਟੀਰੀ ਟੰਗੇ ਨੌਜ਼ਵਾਨ।ਚਾਹ ਦੀਆਂ ਬਾਟੀਆਂ ਪੀ ਕੇ ਖੁੱਲਦੀ ਅੱਖ ਤੇ ਨਸ਼ਾ ਖਾ ਕੇ ਕੰਮ ਲਈ ਸਟਾਰਟ ਹੁੰਦੀਆਂ ਨੇ ਇਹ ਗੱਡੀਆਂ। ਚਾਰ ਵਜੇ ਚਾਟੀਆਂ ‘ਚ ਮਧਾਣੀਆਂ ਨਹੀਂ ਪੈਂਦੀਆਂ,ਦੋਧੀ ਦੀ ਘੰਟੀ ਵੱਜਦੀ ਹੈ।ਦੁੱਧ ਪੁੱਤ ਹੁੰਦਾ,ਪਰ ਵੇਚ ਰਿਹਾ ਮੇਰਾ ਪਿੰਡ। ਹੁਣ ਮੰਡੀ ਹੋ ਗਿਆ ਮੇਰਾ ਪਿੰਡ,ਦਿਲਾਂ ਨਾਲ ਨਹੀਂ ,ਦਿਮਾਗਾਂ ਨਾਲ ਸੌਦੇ ਕਰਦਾ ।ਪੱਕੇ ਘਰਾਂ ਵਾਲਾ ਆਧੁਨਿਕ ਹੋ ਗਿਆ ਮੇਰਾ ਪਿੰਡ। ਹੁਣ ਇੱਥੇ ਨਾ ਪੁਰਾਤਨ ਵਿਰਸ਼ਾ ਨਾ ਸੱਭਿਆਚਾਰ।ਪਿੰਡ ਦੇ ਇਤਿਹਾਸਕਾਰ ਬਾਬੇ ਮਾਘੀ ਅਤੇ ਪੂਰਨ ਇੱਥੋਂ ਰੁਖਸਤ ਹੋ ਚੁੱਕੇ ਹਨ। ਸੱਥਾਂ ਚੋਂ ਰੌਣਕਾਂ ਗਾਇਬ ਹਨ। ਪਿੰਡ ਹੁਣ ਦੁੱਖ-ਸੁੱਖ ਚ ਸ਼ਾਮਿਲ ਨਹੀਂ ਹੁੰਦਾ,ਸ਼ਰੀਕ ਹੁੰਦਾ।ਤੱਥ ‘ਪਿੰਡ ਦੀ ਗਹਾਰਿਆਂ ਤੋਂ ਪਛਾਣ’ਮੇਰੇ ਪਿੰਡ ਤੇ ਲਾਗੂ ਨਹੀਂ ਹੁੰਦਾ। ਕਿੰਨ੍ਹਾਂ ਬਦਲ ਗਿਆ ਮੇਰਾ ਪਿੰਡ।
ਖਤਮ ਹੋ ਗਿਆ ਮੇਰੇ ਪਿੰਡ ਵਿੱਚ ਸਾਝਾਂ ਦਾ ਦੌਰ। ਬੀੜ੍ਹੀ ਦਿਹਾੜੀ ‘ਚ ਤਬਦੀਲ ਹੋ ਗਈ। ਜੱਟ ਸੀਰੀ ਦਾ ਹੁਣ ਨਹੁੰ ਮਾਸ ਦਾ ਰਿਸ਼ਤਾ ਨਹੀਂ ਰਿਹਾ।ਹਰ ਕਿਤੇ ਤਲਖ ਹੈ ਪਿੰਡ ਵਿੱਚ। ਪਹਿਲਾਂ ਪਿੰਡ ਇੱਕ ਸੀ,ਹੁਣ ਖਿੰਡ ਗਿਆ ਵਿਹੜਿਆਂ ਵਿੱਚ,ਘਰਾਂ ਵਿੱਚ,ਪਰਿਵਾਰਾਂ ਵਿੱਚ, ਮਨੁੱਖ ਵਿੱਚ। ਪੇਂਡੂ ਹੁਣ ਸ਼ਹਿਰੀ ਬਣ ਗਏ ਹਨ, ਨਾ ਕਿਸੇ ਨਾਲ ਲਾਗਾ ਨਾ ਤੇਗਾ।ਚੀਜ਼ਾਂ ਪੈਸੇ ਨਾਲ ਵਟਾਉਂਦੇ ਨੇ ਪਿੰਡ ਦੇ ਲੋਕ। ਪੂੰਜੀਵਾਦੀ ਹੋ ਗਿਆ ਪਿੰਡ। ਰਿਸ਼ਤਾ ਜੋੜਨ ਤੋਂ ਪਹਿਲਾਂ ਕਿੰਨ੍ਹਾਂ ਸੋਚਦਾ।ਅਜਨਬੀਆਂ ਵਾਂਗ ਵਰਤਾਉ ਕਰਦਾ ਪਿੰਡ।
ਮੇਰੇ ਪਿੰਡ ਦੀ ਸੱਥ ਕਿੰਨੀ ਬਦਲ ਗਈ।ਪਹਿਲਾਂ ਇੱਥੋਂ ਪਿੰਡ ਭਲਾਈ ਦੀਆਂ ਸਕੀਮਾਂ ਚਲਦੀਆਂ,ਹੁਣ ਰਾਜਨੀਤੀ ਇਸ ਦਾ ਕੇਂਦਰ ਬਿੰਦੂ। ਤੂੰ ਨੀਲੀ ਵਾਲਾ ਤੂੰ ਚਿੱਟੀ ਵਾਲਾ ਵਿੱਚ ਵੰਡਿਆ ਗਿਆ ਪਿੰਡ।ਸਾਂਝ ਟਾਵੀਂ ਨਜ਼ਰੀ ਪੈਂਦੀ, ਲੜਾਈ ਆਮ। ਚਿੱਟੀਆਂ ਦਾੜੀਆਂ ਵਾਲੇ ਬਾਬੇ ਹੁਣ ਸੱਥ ਦਾ ਸ਼ਿੰਗਾਰ ਨਹੀਂ।ਤੰਬਾਕੂ ਪੀਣੇ ਬੰਦੇ।ਬੇਰੌਣਕੀਆਂ ਸੱਥਾਂ ਵਿੱਚ ਸੰਨਾਟਾ ਛਾ ਗਿਆ।
ਹੁਣ ਮੇਰੇ ਪਿੰਡ ਵਿੱਚ ਜ਼ੁਬਾਨਾਂ ਦੇ ਸੌਦੇ ਨਹੀਂ ਹੁੰਦੇ।ਮਨੁੱਖ ਦੇ ਸੁਭਾਅ ਵਿੱਚ ਬੇਈਮਾਨੀ। ਪਹਿਲਾਂ ਸਿਰ ਕੱਟ ਜਾਂਦਾ ਸੀ ਪਰ ਜ਼ੁਬਾਨ ਤੋਂ ਮੁਕਰਨਾ ਪਾਪ। ਜ਼ੁਬਾਨ ਤੋਂ ਮੁਕਰਨ ਵਾਲਾ ਪਾਪੀ ਬਣ ਗਿਆ ਮੇਰਾ ਪਿੰਡ।ਲਿਖਤਾਂ ਅਰਥਹੀਣ ਹੋ ਗਈਆਂ। ਇਮਾਨ ਦੀ ਸ਼ਰੇਆਮ ਨਿਲਾਮੀ ਹੁੰਦੀ।
ਸਾਂਝੇ ਪਰਿਵਾਰ ਤੇ ਬਜ਼ੁਰਗ ਮੁਖੀ ਖਤਮ।ਸਿਆਪਣ ਰੁਲ ਰਹੀ ਤੇ ਬਜ਼ੁਰਗ ਬੇਸਹਾਰਾ। ਪੁੱਤ ਕਪੁੱਤ ਬਣ ਗਏ। ਘਰਾਂ ਚੋਂ ਹਾਸੇ ਨਹੀਂ, ਰੋਣਾ ਨਿਕਲ ਰਿਹਾ। ਬੁਢਾਪਾ ਅਸੀਸਾਂ ਨਹੀਂ, ਬਦਅਸੀਸਾਂ ਦੇ ਰਿਹਾ।
ਕੁੱਕੜ ਨੂੰ ਕੁੱਕੜ ਨਹੀਂ ਕਹਿੰਦਾ ਮੇਰਾ ਪਿੰਡ।ਬਾਜਾਂ ਨੂੰ ਕੁੱਕੜਾਂ ਅਤੇ ਕੁੱਕੜਾਂ ਨੂੰ ਬਾਜਾਂ ਵਿੱਚ ਤਬਦੀਲ ਕਰ ਰਿਹਾ । ਸੱਚ ਮਨਫ਼ੀ ਹੈ ਮੇਰੇ ਪਿੰਡ ਵਿੱਚੋਂ। ਝੂਠ ਦੀਆਂ ਪੌਂ-ਬਾਰਾਂ ਤੇ ਸੱਚ ਦਾ ਚੀਕ ਚਿਹਾੜਾ ਸੁਣਦਾ ਮੇਰੇ ਪਿੰਡ ਵਿੱਚ। ਚਿੱਟਿਆਂ ਤੇ ਕਾਲੇ ਧੱਬੇ ਲਾ ਦਿੰਦਾ ਮੇਰਾ ਪਿੰਡ।ਚੰਗੇ ਸੁੰਗੜਦੇ ਤੇ ਮਾੜੇ ਪਸਰਦੇ ਮੇਰੇ ਪਿੰਡ ਵਿੱਚ।
ਮੇਰੇ ਪਿੰਡ ਵਿੱਚੋਂ ਕੰਮ ਸੱਭਿਆਚਾਰ ਖਤਮ। ਮਜ਼ਦੂਰੀ ਨੂੰ ਮਸ਼ੀਨਰੀ ਨਿਗਲ ਗਈ। ਵਿਹਲੇ ਦਿਹਾੜੀਦਾਰ ਰੋਟੀ ਲਈ ਮੁਹਤਾਜ਼। ਪੀੜਾ ਉ¤ਤਪੰਨ ਨਹੀਂ ਹੋ ਰਹੀ। ਵਿਹਲੇਪਣ ਚੋਂ ਨਸ਼ਾ ਉਤਪੰਨ ਹੁੰਦਾ, ਨਸ਼ਈ ਹੋ ਗਿਆ ਮੇਰਾ ਪਿੰਡ। ਆਥਣੇ ਔਰਤਾਂ ਗੁਰੂਦੁਆਰੇ ਜਾਂਦੀਆਂ ਤੇ ਮਰਦ ਠੇਕੇ ਤੇ ਪਹੁੰਚ ਜਾਂਦੇ। ਆਥਣੇ ਟੱਲੀ ਹੋ ਜਾਂਦਾ ਮੇਰਾ ਪਿੰਡ।
ਕਰ ਭਲਾ ਹੋ ਭਲਾ ਮੇਰੇ ਪਿੰਡ ਦਾ ਨਾਅਰਾ ਨਹੀਂ ਰਿਹਾ। ਬੁਰਾ ਕਰਨ ਨੂੰ ਤਰਜੀਹ ਦੇ ਰਿਹਾ ਮੇਰਾ ਪਿੰਡ।ਤਕੜੇ ਦਾ ਸੱਤੀ ਵੀਹੀ ਸੌਹ।ਮਾੜਾ ਕੀ ਕਰੇ। ਮਾੜੇ ਪ੍ਰਤੀ ਹਾਂ ਦਾ ਨਾਅਰਾ ਬੰਦ।
ਹੁਣ ਪਿੰਡ ਦਾ ਹਿਰਦਾ ਪਿਘਲਦਾ ਨਹੀਂ।ਅਸ਼ੰਵੇਦਨਸ਼ੀਲ ਹੋ ਗਿਆ। ਕਬੂਤਰ ਬਣ ਗਿਆ।‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਦੀ ਤੁਕ ਤੇ ਖਰਾ ਉ¤ਤਰਦਾ ਮੇਰਾ ਪਿੰਡ।
ਸਾਂਝ ਵਾਲੇ ਕਿੱਤਿਆਂ ਅਤੇ ਤਿਉਹਾਰਾਂ ਦਾ ਭੋਗ ਪੈ ਗਿਆ।ਹਰ ਚੀਜ਼ ਲੈਣ ਬਾਜ਼ਾਰ ਜਾਂਦਾ ਮੇਰਾ ਪਿੰਡ।ਤਾਈ ਗੇਜੋ ਭੱਠੀ ਤੇ ਦਾਣੇ ਨਹੀਂ ਭੁੰਨਦੀ,ਬਦਲੇ ਸਮੇਂ ਦੇ ਪੂਰ ਛੰਡਦੀ। ਪੂਰਾ ਉਦਾਸ ਹੈ ਉਹਦਾ ਝੁਰੜੀਆਂ ਵਾਲਾ ਚਿਹਰਾ।
ਹੁਣ ਤੀਆਂ ਦਾ ਮੇਲਾ ਨਹੀਂ ਲਗਦਾ। ਸਾਂਝੀਆਂ ਥਾਵਾਂ ਤੇ ਕਬਜ਼ਾ ਹੋ ਚੁੱਕਿਆ।ਕੁੜੀਆਂ ਲਈ ਸਾਂਝੇ ਥਾਂ ਖਤਮ।ਛੱਪੜ ਸੁੰਘੜ ਕੇ ਛੱਪੜੀਆਂ ਬਣ ਗਏ। ਮੱਝਾਂ ਮੋਟਰਾਂ ਤੇ ਘਰੇ ਨਹਾਉਂਦੀਆਂ।
ਕਈ ਦਿਨਾਂ ਦੇ ਵਿਆਹ ਘੰਟਿਆਂ ਵਿੱਚ ਸਿਮਟੇ। ਮੋਹ ਖੁਰ ਗਿਆ। ਪੈਲੇਸਾਂ ਚ ਵਿਆਹ ਕਰਦਾ ਪਿੰਡ।ਪਰੀਹਿਆਂ ਦੀ ਥਾਂ ਵੇਟਰ ਆ ਗਏ,ਲੱਡੂ ਜਲੇਬੀਆਂ ਦੀ ਥਾਂ ਬਾਜ਼ਾਰੂ ਮਿਠਾਈਆਂ।
ਮੇਰੇ ਪਿੰਡ ਦੀ ਪੁਰਾਤਨ ਤਾਸੀਰ ਪੂਰੀ ਤਰ੍ਹਾਂ ਬਦਲ ਗਈ। ਪੇਂਡੂ ਰੂਹ ਖਤਮ,ਬਾਜ਼ਾਰੂ ਰੂਹ ਦਾ ਪ੍ਰਵੇਸ਼।ਬਾਜ਼ਾਰ ‘ਚ ਸੌਦੇ ਹੁੰਦੇ ਦਿਮਾਗਾਂ ਰਾਹੀਂ। ਮੋਹ, ਪਿਆਰ, ਸਾਂਝ ਖਤਮ।ਕਿੰਨਾ ਬਦਲ ਗਿਆ ਮੇਰਾ ਪਿੰਡ। ਦੇਖ ਮੇਰੀ ਰੂਹ ਬੇਚੈਨ ਹੋ ਉ¤ਠਦੀ।
ਝ ਪਿਆਰਾ ਸਿੰਘ
ਸੰਪਰਕ : 9915621188