ਕੋਲਕਾਤਾ, 30 ਅਗਸਤ (ਪੀ.ਟੀ.)-ਜ਼ਿੰਦਗੀ ਭਰ ਕਾਮਰੇਡਾਂ ਵਿਰੁੱਧ ਅੰਦੋਲਨ ਕਰਕੇ 34 ਸਾਲ ਬਾਅਦ ਉਨ੍ਹਾਂ ਤੋਂ ਸੱਤਾ ਹਾਸਿਲ ਕਰਨ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਲਈ ਆਪਣੇ ਕੱਟੜ ਦੁਸ਼ਮਣ ਕਾਮਰੇਡਾਂ ਨਾਲ ਵੀ ਸਮਝੌਤਾ ਕਰਨ ਨੂੰ ਤਿਆਰ ਹਨ। ਕੋਲਕਾਤਾ ਵਿਖੇ ਸੀ ਪੀ ਐਮ ਦੇ ਬੰਗਲਾ ਨਿਊਜ਼ ਚੈਨਲ 24 ਘੰਟਾ ‘ਤੇ ਮਮਤਾ ਨੇ ਕਿਹਾ ਕਿ ਰਾਜਨੀਤੀ ‘ਚ ਕੋਈ ਵੀ ਅਛੂਤ ਨਹੀਂ ਹੁੰਦਾ। ਬਿਹਾਰ ‘ਚ ਲਾਲੂ ਅਤੇ ਨਿਤਿਸ਼ ਵਲੋਂ ਇਕੱਠੇ ਹੋ ਕੇ ਭਾਜਪਾ ਨੂੰ ਰੋਕਣ ਲਈ ਦੋਵਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਤੋਂ ਪਹਿਲਾਂ ਇਹ ਕੰਮ ਕੀਤਾ ਜਾਂਦਾ ਤਾਂ ਕੇਂਦਰ ‘ਚ ਨਤੀਜੇ ਕੁਝ ਹੋਰ ਹੋਣੇ ਸਨ। ਇਹ ਪੁੱਛੇ ਜਾਣ ‘ਤੇ ਕਿ ਬਿਹਾਰ ‘ਚ ਵਿਰੋਧੀਆਂ ਵਲੋਂ ਇਕੱਠੇ ਹੋਣ ਤੋਂ
ਬਾਦ ਤੁਸੀਂ ਵੀ ਰਾਜ ‘ਚ ਸੀ ਪੀ ਐਮ ਨਾਲ ਸਮਝੌਤਾ ਕਰ ਸਕਦੇ ਹੋ ਤਾਂ ਮਮਤਾ ਨੇ ਕਿਹਾ ਕਿ ਰਾਜਨੀਤੀ ਵਿਚ ਕੋਈ ਅਛੂਤ ਨਹੀਂ ਹੁੰਦਾ, ਜੇਕਰ ਉਨ੍ਹਾਂ ਵਲੋਂ ਪੇਸ਼ਕਸ਼ ਕੀਤੀ ਗਈ ਤਾਂ ਪਾਰਟੀ ‘ਚ ਵਿਚਾਰ ਕੀਤੀ ਜਾਵੇਗੀ। ਸੀ ਬੀ ਆਈ ਵਲੋਂ ਸ਼ਾਰਦਾ ਚਿੱਟ ਫੰਡ ਬਾਰੇ ਕੀਤੀ ਜਾ ਰਹੀ ਕਾਰਵਾਈ ਸਬੰਧੀ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰ ਤਰਾਂ ਦੀ ਮਦਦ ਕਰ ਰਹੀ ਹੈ ਪਰ ਇਹ ਸੰਸਥਾ ਕੇਂਦਰ ਦੀ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੀ ਬੀ ਆਈ ਦੋਸ਼ੀਆਂ ਨੂੰ ਸਜਾ ਦੁਆਉਣ ਅਤੇ ਜਿਨ੍ਹਾਂ ਦੇ ਪੈਸੇ ਚਿੱਟ ਫੰਡ ‘ਚ ਫਸੇ ਹਨ, ਵਾਪਸ ਕਰਵਾਉਣ ਲਈ ਕੰਮ ਕਰਦੀ ਹੈ ਤਾਂ ਠੀਕ ਹੈ ਪਰੰਤੂ ਜੇਕਰ ਰਾਜਨੀਤਿਕ ਉਦੇਸ਼ ਨਾਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।