ਨਵੀਂ ਦਿੱਲੀ, 22 ਅਗਸਤ (ਪੀ. ਟੀ)- ਦਿੱਲੀ ਹਾਈ ਕੋਰਟ ਨੇ ਅੱਜ ਉਸ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਮਹਾਰਾਸ਼ਟਰ ਸਦਨ ‘ਚ ਇਕ ਮੁਸਲਿਮ ਮੁਲਾਜ਼ਮ, ਜਿਸ ਨੇ ਰੋਜ਼ਾ ਰੱਖਿਆ ਹੋਇਆ ਸੀ, ਨੂੰ ਕਥਿਤ ਤੌਰ ‘ਤੇ ਜਬਰੀ ਰੋਟੀ ਖਿਲਾਉਣ ਲਈ ਸ਼ਿਵ ਸੈਨਾ ਦੇ 11 ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ। ਜਸਟਿਸ ਜੀ. ਰੋਹਿਣੀ ਅਤੇ ਜਸਟਿਸ ਜੈਅੰਤ ਨਾਥ ਦੇ ਬੈਂਚ ਨੇ ਪਟੀਸ਼ਨ ਨੂੰ ਇਹ ਕਹਿ ਖ਼ਾਰਜ ਕਰ ਦਿੱਤਾ ਕਿ ਪਟੀਸ਼ਨਕਰਤਾ ਮੌਲਾਨਾ ਅੰਸਾਰ ਰਜ਼ਾ ਨੇ ਇਸ ਗੱਲ ਦੇ ਪੂਰੇ ਸਬੂਤ ਨਹੀਂ ਦਿੱਤੇ ਹਨ ਕਿ ਇਹ ਇਕ ਜਨਹਿਤ ਪਟੀਸ਼ਨ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗ੍ਰਹਿ ਮੰਤਰਾਲੇ ਨੇ ਵੀ ਇਸ ਮੁੱਦੇ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਅਸੰਤੁਸ਼ਟ ਪੱਖ ਨੇ ਇਸ ਕਥਿਤ ਘਟਨਾ ਸਬੰਧੀ ਪੁਲਿਸ ਕੋਲ ਕੋਈ ਮੁੱਢਲੀ ਰਿਪੋਰਟ ਦਰਜ
ਕਰਵਾਉਣ ਲਈ ਸੰਪਰਕ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਕੇਂਦਰ ਦਾ ਪੱਖ ਰੱਖਣ ਵਾਲੇ ਵਧੀਕ ਸਾਲਿਸਟਰ ਜਨਰਲ ਸੰਜੇ ਜੈਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੀੜਤ ਨੇ ਪੁਲਿਸ ਕੋਲ ਸੰਪਰਕ ਨਹੀਂ ਕੀਤਾ, ਇਸ ਲਈ ਉਨ੍ਹਾਂ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ ਸੀ।



