ਚੰਡੀਗੜ੍ਹ, 22 ਅਗਸਤ (ਪੀ. ਟੀ)- ‘‘ਜਦੋਂ ਇਥੋ ਦੇ ਹੁਕਮਰਾਨਾਂ ਨੂੰ ਇਹ ਪੂਰੀ ਵਾਕਫੀਅਤ ਹੈ ਕਿ ਗੁਰਸਿੱਖਾਂ ਦੇ ਪੰਜ ਕਕਾਰ ਕਛਹਿਰਾ, ਕੜਾ, ਕਿਰਪਾਨ, ਕੰਘਾਂ ਅਤੇ ਕੇਸ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਆਖਰੀ ਸਵਾਸਾਂ ਤੱਕ ਇਹ ਕਕਾਰ ਅੰਗ-ਸੰਗ ਰਹਿਣੇ ਜ਼ਰੂਰੀ ਹਨ, ਫਿਰ ਵੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸ. ਕੁਲਵਿੰਦਰ ਸਿੰਘ ਖਾਨਪੁਰੀ ਵੱਲੋ ਪਹਿਨੇ ਆਪਣੇ ਕੜੇ ਨੂੰ ਜ਼ਬਰੀ ਲਾਹੁਣ ਦੇ ਕੀਤੇ ਗਏ ਅਮਲ ਸਿੱਖ ਕੌਮ ਉਤੇ ਹਮਲਾ ਕਰਨ ਅਤੇ ਉਹਨਾਂ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਤੁੱਲ ਕਾਰਵਾਈ ਹੈ, ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਜਿਨ੍ਹਾਂ ਜੇਲ੍ਹ ਮੁਲਾਜ਼ਮਾਂ ਨੇ ਅਜਿਹੀ ਘਿਣੋਨੀ ਅਤਿ ਸ਼ਰਮਨਾਕ ਕਾਰਵਾਈ ਕੀਤੀ ਹੈ, ਉਹਨਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਹੋਵੇ ਤਾਂ ਕਿ ਸਿੱਖ ਮਨਾਂ ਨੂੰ ਪਹੁੰਚੀ ਠੇਸ ਤੋ ਉੱਠੇ ਗੁੱਸੇ ਨੂੰ ਕੁਝ ਸ਼ਾਤ ਕੀਤਾ ਜਾ ਸਕੇ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ
ਦਿਨੀ ਤਿਹਾੜ ਜੇਲ੍ਹ ਅਤੇ ਸਮੇਂ-ਸਮੇਂ ਤੇ ਹੋਰਨਾਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਨਾਲ ਹਕੂਮਤਾਂ ਵੱਲੋਂ ਕੀਤੇ ਜਾਣ ਵਾਲੇ ਜ਼ਲਾਲਤ ਭਰੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਲਾਜ਼ਮਾਂ ਨੇ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਦਾ ਕੜਾ ਲਾਹਕੇ ਅਤੇ ਖਿਚ-ਧੂਹ ਦੌਰਾਨ ਉਹਨਾਂ ਦੀ ਦਸਤਾਰ ਡਿੱਗ ਜਾਣ ਦੇ ਹੋਏ ਅਮਲ ਲਈ ਜਿਥੇ ਸ. ਪ੍ਰਕਾਸ਼ ਸਿੰਘ ਬਾਦਲ, ਜੋ ਨੌਹ-ਮਾਸ ਦਾ ਰਿਸਤਾ ਦੱਸਕੇ ਇਹਨਾਂ ਮੁਤੱਸਵੀਆਂ ਕੋਲੋ ਆਪਣੇ ਰਾਜਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ, ਉਹਨਾਂ ਦੀਆਂ ਕੰਮਜੋਰ ਅਤੇ ਦਿਸ਼ਾਹੀਣ ਨੀਤੀਆਂ ਲਈ ਦੋਸ਼ੀ ਠਹਿਰਾਇਆ, ਉਥੇ ਸਿੱਖ ਕੌਮ ਵੱਲੋ ਆਪਣੀ ਵੋਟ ਦੀ ਕੀਮਤ ਨੂੰ ਨਾ ਸਮਝਕੇ, ਮੁਤੱਸਵੀਆਂ ਅਤੇ ਬਾਦਲ ਦਲੀਆਂ ਨੂੰ ਪਾਉਣ ਦੇ ਅਮਲਾਂ ਨੂੰ ਵੀ ਜ਼ਿਮੇਵਾਰ ਠਹਿਰਾਇਆ ਜੋ ਕਿ ਹੁਣ ਤੱਕ 1947, 1966, 1984 ਅਤੇ ਅੱਜ ਪੈਣ ਵਾਲੀਆਂ ਹਕੂਮਤੀ ਮਾਰਾਂ ਅਤੇ ਵਿਤਕਰਿਆ ਦੇ ਬਾਵਜੂਦ ਵੀ ਸਿੱਖੀ ਮਰਿਯਾਦਾਵਾਂ ਅਤੇ ਸੋਚ ਉਤੇ ਪਹਿਰਾ ਦੇਣ ਦੀ ਬਜ਼ਾਇ ਹਿੰਦੂਤਵ ਹੁਕਮਰਾਨਾਂ ਅਤੇ ਉਹਨਾਂ ਦੇ ਭਾਈਵਾਲਾ ਨੂੰ ਮਜ਼ਬੂਤ ਕਰਦੀ ਆ ਰਹੀ ਹੈ ।
ਉਹਨਾਂ ਕਿਹਾ ਕਿ ਜੋ 1947 ਵਿਚ ਮਨੁੱਖਤਾ ਦਾ ਕਤਲੇਆਮ ਹੋਇਆ, 1984 ਵਿਚ ਦਿੱਲੀ ਤੇ ਹੋਰ ਸਥਾਨਾਂ ਉਤੇ ਸਿੱਖਾਂ ਦੇ ਖੂਨ ਨਾਲ ਦਿਨ-ਦਿਹਾੜੇ ਹੁਕਮਰਾਨਾਂ ਵੱਲੋਂ ਹੋਲੀ ਖੇਲ੍ਹੀ ਗਈ ਅਤੇ 1984 ਵਿਚ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ ਰਲਕੇ ਭਾਰਤ ਨੇ ਜੋ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤੇ ਅਤੇ 25 ਹਜ਼ਾਰ ਸਿੱਖ ਸਰਧਾਲੂ ਜਿਨ੍ਹਾਂ ਵਿਚ ਬੱਚੇ, ਬੀਬੀਆਂ, ਨੌਜ਼ਵਾਨ ਅਤੇ ਬਜ਼ੁਰਗ ਸਨ, ਦਾ ਕਤਲੇਆਮ ਕੀਤਾ, ਅਜਿਹੇ ਕਹਿਰ ਹੋਣ ਦੇ ਬਾਵਜੂਦ ਵੀ ਜੇਕਰ ਸਿੱਖ ਕੌਮ ਆਪਣਾ ਆਜ਼ਾਦ ਘਰ ਖ਼ਾਲਿਸਤਾਨ ਬਣਾਉਣ ਲਈ ਅਜੇ ਵੀ ਅਮਲੀ ਕਾਰਵਾਈਆਂ ਨਹੀਂ ਕਰਦੀ ਤਾਂ ਮੁਤੱਸਵੀ ਹੁਕਮਰਾਨਾਂ, ਬਾਦਲ ਦਲੀਆਂ ਦੇ ਨਾਲ-ਨਾਲ ਕਿਸੀ ਹੱਦ ਤੱਕ ਸਿੱਖ ਕੌਮ ਦੇ ਬੇਨਤੀਜਾ ਅਮਲ ਵੀ ਜਿੰਮੇਵਾਰ ਹਨ ।



