ਸੂਬੇ ਦੀਆ ਵਿਧਵਾਵਾਂ ਦੀ ਭਲਾਈ ਲਈ ਸਕੀਮ ਸ਼ੁਰ
ਲੁਧਿਆਣਾ, 22 ਅਗਸਤ (ਜਸਮੀਤ ਕੌਰ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਰੀਆ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਨਤਕ ਪ੍ਰੋਗਰਾਮਾਂ ਦੌਰਾਨ ਮਰਿਆਦਾ ਅਤੇ ਅਨੁਸ਼ਾਸ਼ਨ ਬਣਾਈ ਰੱਖਣ ਅਤੇ ਆਗੂਆਂ ਦੇ ਭਾਸ਼ਣ ਸਮੇਂ ਰੌਲਾ-ਰੱਪਾ ਪਾਉਣ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਧਵਾਵਾਂ ਲਈ ਭਲਾਈ ਸਕੀਮ ਸ਼ੁਰੂ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਾ ਕੇਵਲ ਗੈਰ ਸਿਹਤਮੰਦ ਅਮਲ ਹੈ, ਸਗੋ ਗੈਰ ਜਮਹੂਰੀ ਅਤੇ ਨੈਤਿਕਤਾ ਦੇ ਵੀ ਵਿਰੁੱਧ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੇ ਹਰਿਆਣਾ ਦੌਰੇ ਦੌਰਾਨ ਇੱਕ ਭਾਸ਼ਣ ਮੌਕੇ ਪਾਏ ਰੌਲੇ-ਰੱਪੇ ਦੇ ਸੰਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ
ਉਹ ਇਸ ਸਵਾਲ ਦਾ ਜਵਾਬ ਦੇਣ ਤੋਂ ਅਸਮਰੱਥ ਹਨ ਕਿਉਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਇਹ ਘਟਨਾ ਸੁਭਾਵਿਕ ਵਾਪਰੀ ਹੈ ਜਾਂ ਯੋਜਨਾਬੱਧ ਸੀ। ਇਸ ਤੋਂ ਪਹਿਲਾਂ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਲੂੰਬਾ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਲਾਰਡ ਰਾਜ ਲੂੁੰਬਾ ਵੱਲੋਂ ਵਿਧਵਾਵਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀਆਂ ਦਿਆਨਤਦਾਰੀ ਭਰੀਆਂ ਕੋਸ਼ਿਸ਼ਾਂ ਦੀ ਸਰਾਰਨਾ ਕੀਤੀ । ਆਪਣੇ ਸਵਾਗਤੀ ਭਾਸ਼ਣ ਵਿੱਚ ਫਾਊਂਡੇਸ਼ਨ ਦੇ ਬਾਨੀ ਟਰੱਸਟੀ ਲਾਰਡ ਰਾਜ ਲੂੰਬਾ ਨੇ ਕਿਹਾ ਕਿ ਉਹਨਾਂ ਦਾ ਇਹ ਸੁਪਨਮਈ ਪ੍ਰੋਜੈਕਟ ਹੈ, ਜੋ ਪੰਜਾਬ ਸਰਕਾਰ ਦੀ ਮਦਦ ਨਾਲ ਅਮਲ ਵਿੱਚ ਆਇਆ ਹੈ। ਇਸ ਮੌਕੇ ਹਾਜ਼ਰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਸ਼ੇਸ਼ ਸਕੱਤਰ ਮੁੱਖ ਮੰਤਰੀ ਸ੍ਰੀ ਕੇ.ਜੇ.ਐਸ.ਚੀਮਾ, ਕਮਿਸ਼ਨਰ ਐਨ.ਆਰ.ਆਈ ਮਾਮਲੇ ਸ੍ਰੀ ਬੀ. ਪੁਰੂਸਾਰਥਾ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਫਾਊਂਡੇਸ਼ਨ ਦੇ ਮੋਹਰੀ ਆਗੂ ਗ੍ਰਾਹਮ ਟੋਬਲ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਸੁਸੇਨ ਟੋਬਲ ਸ਼ਾਮਿਲ ਸਨ।



