Skip to content
Independent perspectives. Global stories.
BREAKING

ਜ਼ਿੰਦਾਦਿਲੀ, ਸਿਰੜ ਅਤੇ ਸਹਿਜਤਾ ਦੀ ਮੂਰਤ ਲਬੀਰ ਸਿੰਘ ਡੇਲੂਆਣਾ

Share this story

ਅੱਜ ਭੋਗ ਅਤੇ ਅੰਤਿਮ ਅਰਦਾਸ ਮੌਕੇ ਵਿਸ਼ੇਸ਼
ਪੰਜਾਬ ਟਾਇਮਜ਼ ਵਿਸ਼ੇਸ਼
ਝ ਬਲਜੀਤ ਸਿੰਘ ਬਰਾੜ

Page-1_06 ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਇੱਕ ਛੋਟਾ ਜਿਹਾ ਪਿੰਡ ਡੇਲੂਆਣਾ ਬਹੁਤ ਉਦਾਸ ਹੈ। 12 ਅਗਸਤ 2014 ਦਿਨ ਮੰਗਲਵਾਰ ਨੂੰ ਇਸ ਪਿੰਡ ਦੇ ਜੰਮਪਲ ਸ. ਬਲਬੀਰ ਸਿੰਘ ਡੇਲੂਆਣਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ ਪ੍ਰੰਤੂ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਨੂੰ ਭੁਲਾਉਣਾ ਮੁਸ਼ਕਲ ਹੋ ਗਿਆ ਹੈ। ਇਸ ਮਿੱਟੀ ਵਿੱਚ ਉਨ੍ਹਾਂ ਦੀ ਬੁਲੰਦ ਇਨਸਾਨੀ ਸ਼ਖਸੀਅਤ ਦੀ ਖੁਸ਼ਬੂ ਹਰ ਪਾਸੇ ਮਹਿਕ ਰਹੀ ਹੈ। ਇਸ ਇਲਾਕੇ ਲਈ ਸ. ਬਲਬੀਰ ਸਿੰਘ ਇੱਕ ਵਿਲੱਖਣ ਅਤੇ ਮਿਸਾਲੀ ਇਨਸਾਨ ਸਨ। ਉਨ੍ਹ ਦੀ ਸ਼ਖਸੀਅਤ ਨੂੰ ਸ਼ਬਦਾਂ ’ਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਬੁਲੰਦ ਹਸਤੀ ਦੇ ਮਾਲਕ ਸ. ਬਲਬੀਰ ਸਿੰਘ ਸ਼ਬਦਾਂ ਦੀ ਪਕੜ ਤੋਂ ਕਿਤੇ ਦੂਰ ਹਨ। ਉਹ ਜ਼ਿੰਦਾਦਿਲੀ, ਸਿਦਕ ਅਤੇ ਸਹਿਜਤਾ ਦੀ ਸਾਕਾਰ ਮੂਰਤ ਸਨ। ਹਰ ਇੱਕ ਦੇ ਚਿਹਰੇ ਉਪਰ ਖੁਸ਼ੀ ਦੇਖਣਾ ਉਨ੍ਹਾਂ ਦੀ ਜ਼ਿੰਦਗੀ ਦਾ ਸ਼ਾਇਦ ਪਹਿਲਾ

ਮਕਸਦ ਸੀ। ਔਖੀ ਤੋਂ ਔਖੀ ਸਥਿਤੀ ਵਿੱਚ ਵੀ ਉਹ ਬਹੁਤ ਸਹਿਜ ਅਵਸਥਾ ਵਿੱਚ ਵਿਚਰਦੇ ਸਨ। ਆਪਣੀ ਜ਼ਿੰਦਗੀ ਵਿੱਚ ਉਹ ਕਿਸੇ ਵੀ ਵਿਅਕਤੀ ਨਾਲ ਉਚਾ ਅਤੇ ਕੌੜਾ ਨਹੀਂ ਬੋਲੇ। ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਆਪਣਾ ਕੋਈ ਦੁਸ਼ਮਣ ਨਹੀਂ ਬਣਾਇਆ ਪਰ ਦੋਸਤੀਆਂ ਦੀ ਕੋਈ ਸੀਮਾਂ ਨਹੀਂ। ਦੂਸਰਿਆਂ ਦੇ ਕੰਮ ਆ ਕੇ ਉਨ੍ਹਾਂ ਨੂੰ ਅਥਾਹ ਖੁਸ਼ੀ ਮਿਲਦੀ ਸੀ। ਇਸ ਖੇਤਰ ਦੇ ਕਿੰਨੇ ਹੀ ਘਰਾਂ ਲਈ ਉਹ ਰੌਸ਼ਨੀ ਦੇ ਚਿਰਾਗ ਦੀ ਤਰ੍ਹਾਂ ਸਨ। ਔਖੇ-ਸੌਖੇ ਸਮੇਂ ਵਿੱਚ ਹਰ ਇੱਕ ਦਾ ਸਾਥ ਦੇਣਾ ਉਨ੍ਹਾਂ ਲਈ ਧਰਮ ਦੇ ਬਰਾਬਰ ਸੀ। ਹਮੇਸ਼ਾ ਹਸਦੇ ਰਹਿਣ ਵਾਲੇ ਸ. ਬਲਬੀਰ ਸਿੰਘ ਦੂਸਰਿਆਂ ਨੂੰ ਖੁਸ਼ ਦੇਖਣ ਦੇ ਚਾਹਵਾਨ ਸਨ। ਉਹ ਜ਼ਿੰਦਗੀ ਦੀਆਂ ਉਲਝਣਾਂ ਨੂੰ ਹਾਸੇ-ਹਾਸੇ ਵਿੱਚ ਸੁਲਝਾਉਣਾ ਜਾਣਦੇ ਸਨ। ਉਹ ਹਮੇਸ਼ਾ ਚੜ੍ਹਦੀਕਲਾ ਵਿੱਚ ਵਿਚਰਦੇ ਸਨ ਅਤੇ ਲੋਕਾਂ ਨੂੰ ਅਜਿਹਾ ਕਰਨ ਲਈ ਪ੍ਰੇਰਦੇ ਸਨ। ਉਨ੍ਹਾਂ ਨੂੰ ਕਦੇ ਕਿਸੇ ਨੇ ਉਦਾਸ-ਨਿਰਾਸ਼ ਨਹੀਂ ਦੇਖਿਆ, ਨਾ ਹੀ ਉਹ ਢੇਰੀ ਢਾਹ ਕੇ ਬੈਠਦੇ ਸਨ। ਹਰ ਔਖੀ ਘੜੀ ਵਿੱਚ ਵੀ ਉਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਸਿਦਕ ਅਤੇ ਸਿਰੜ ਦਾ ਪੱਲਾ ਫੜੀ ਰੱਖਿਆ। ਪੰਜਾਬ ਦੇ ਕਾਲੇ ਦਿਨਾਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵੀ ਕਾਫੀ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪਿਆ ਪ੍ਰੰਤੂ ਉਹ ਹਮੇਸ਼ਾ ਹੌਂਸਲੇ ਨਾਲ ਵਿਚਰਦੇ ਰਹੇ। ਪਰਿਵਾਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਉਨ੍ਹਾਂ ਨੇ ਹੱਸ ਕੇ ਨਿਭਾਇਆ। ਪਿਤਾ ਸ. ਜੰਗੀਰ ਸਿੰਘ ਮਾਤਾ ਬੇਬੇ ਨੰਦ ਕੌਰ, ਭਰਾਤਾ ਸ. ਜਗਰੂਪ ਸਿੰਘ ਪਟਵਾਰੀ ਅਤੇ ਮਾਸਟਰ ਸ. ਦਲਜੀਤ ਸਿੰਘ ਦੇ ਬੇਵਕਤ ਅਕਾਲ ਚਲਾਣੇ ਦੇ ਬਾਵਜੂਦ ਉਹ ਪੂਰੇ ਸਿਰੜ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਨ੍ਹਾਂ ਨੇ ਕਦੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਅੰਤਿਮ ਸਮੇਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੁਦ ਮੌਢਿਆਂ ’ਤੇ ਚੁੱਕਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਹਰ ਰੋਜ਼ ਸਵੇਰੇ 4 ਵਜੇ ਉਠ ਕੇ ਗੁਰੂ ਘਰ ਜਾਣਾ ਉਨ੍ਹਾਂ ਦੀ ਜ਼ਿੰਦਗੀ ਦਾ ਦਹਾਕਿਆਂ ਤੋਂ ਨਿਯਮ ਸੀ। ਬਿਨ੍ਹਾਂ ਕੋਈ  ਭੇਟਾ ਲਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਅਖੰਡ ਅਤੇ ਸਹਿਜ ਪਾਠ ਕੀਤੇ। ਗੁਰਬਾਣੀ ਪੜ੍ਹਦਿਆਂ ਉਨ੍ਹਾਂ ਦਾ ਉਚਾਰਨ ਬਹੁਤ ਸ਼ੁੱਧ ਅਤੇ ਆਵਾਜ਼ ਬਹੁਤ ਹੀ ਰਸਭਿਨੀ ਸੀ। ਗੁਰਬਾਣੀ ਦੇ ਅਰਥਾਂ ਦੀ ਉਨ੍ਹਾਂ ਨੂੰ ਬਹੁਤ ਸਮਝ ਸੀ। ਗੁਰੂ ਅਤੇ ਸਿੱਖ ਇਤਿਹਾਸ ਦੇ ਜਿਆਦਾਤਰ ਵੇਰਵੇ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸੀ। ਉਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੌੜਣ ਦਾ ਮਹਾਨ ਕਾਰਜ ਕੀਤਾ ਹੈ। ਸਾਂਝੇ ਕਾਰਜਾਂ ਅਤੇ ਗੁਰੂ ਘਰ ਲਈ ਹਰ ਸੇਵਾ ਲਈ ਉਹ ਹੇਮਸ਼ਾ ਤਤਪਰ ਰਹਿੰਦੇ ਸਨ।
ਆਧੁਨਿਕ ਖੇਤੀ ਤਕਨੀਕਾਂ ਨਾਲ ਜੁੜਣ ਵਾਲੇ ਉਹ ਇਸ ਖੇਤਰ ਦੇ ਪਹਿਲੇ ਕਿਸਾਨ ਸਨ। ਇਸ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਹਜ਼ਾਰਾਂ ਰੁਪਏ ਖਰਚ ਕੇ ਪਹਿਲਾ ਟਿਊਬਵੈ¤ਲ ਲਾਇਆ ਅਤੇ ਆਧੁਨਿਕ ਖੇਤੀ ਦੀ ਸ਼ੁਰੂਆਤ ਕੀਤੀ। ਇਸ ਖੇਤਰ ਵਿੱਚ ਪਹਿਲਾ ਟਰੈਕਟਰ ਖਰੀਦਣ ਵਾਲੇ ਵੀ ਉਹੋ ਹੀ ਸਨ। ਉਨ੍ਹਾਂ ਨੇ ਇਹ ਟਰੈਕਟਰ ਰੂਸ ਦੇ ਸਫਾਰਤ-ਖਾਨੇ ਰਾਹੀਂ ਦਰਾਮਦ ਕੀਤਾ ਸੀ। ਆਧੁਨਿਕ ਖੇਤੀ ਗਿਆਨ ਦੀ ਉਨ੍ਹਾਂ ਨੂੰ ਬਹੁਤ ਡੂੰਘੀ ਸਮਝ ਸੀ। ਉਹ ਖੇਤੀ ਮਾਹਿਰਾਂ ਖਾਸ ਕਰਕੇ ਖੇਤੀ ਯੂਨੀਵਰਸਿਟੀ ਲੁਧਿਆਣਾ ਨਾਲ ਕਾਫੀ ਨੇੜੇ ਤੋਂ ਜੁੜੇ ਹੋਏ ਸਨ। ਕਣਕ ਦੀਆਂ ਪਹਿਲੀਆਂ ਨਵੀਆਂ ਕਿਸਮਾਂ ਦੀ ਖੇਤੀ ਪਹਿਲੀ ਵਾਰ ਇਸ ਖੇਤਰ ਵਿੱਚ ਉਨ੍ਹਾਂ ਨੇ ਹੀ ਕੀਤੀ। ਇਹ ਖੇਤੀ ਗਿਆਨ ਅਤੇ ਤਕਨੀਕਾਂ ਉਨ੍ਹਾਂ ਨੇ ਦੂਸਰੇ ਕਿਸਾਨਾਂ ਤੱਕ ਵੀ ਪਹੁੰਚਾਈਆਂ। ਕਿਤਾਬਾਂ ਅਤੇ ਅਖ਼ਬਾਰ ਪੜ੍ਹਣ ਦਾ ਉਨ੍ਹਾਂ ਨੂੰ ਬਹੁਤ ਸ਼ੌਕ ਸੀ। ਇਸ ਖੇਤਰ ਵਿੱਚ ਕਿਤਾਬਾਂ ਪੜ੍ਹਣ ਦੀ ਰੁਚੀ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਨੇ ਬਹੁਤ ਯੋਗਦਾਨ ਪਾਇਆ ਹੈ। ਇਸ ਕਾਰਨ ਹੀ ਆਮ ਲੋਕ ਉਨ੍ਹਾਂ ਨੂੰ ‘ਗਿਆਨੀ’ ਵਜੋਂ ਯਾਦ ਕਰਦੇ ਸਨ। ਵਹਿਮਾਂ-ਭਰਮਾਂ ਦੇ ਖਾਤਮੇ ਲਈ ਉਹ ਹਮੇਸ਼ਾ ਸਰਗਰਮ ਰਹੇ। ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਉਹ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਅਤੇ ਸਿੱਖ ਵਿਚਾਰਧਾਰਾ ਨਾਲ ਜੁੜਣ ਲਈ ਪ੍ਰੇਰਦੇ ਸਨ। ਨਿਰਪੱਖ ਹੋ ਕੇ ਦਿਲ ਦੀ ਸੱਚੀ ਗੱਲ ਕਹਿਣ ਦੀ ਉਨ੍ਹਾਂ ’ਚ ਅਸੀਮ ਦਲੇਰੀ ਸੀ। ਸਿਦਕਦਿਲੀ, ਈਮਾਨਦਾਰੀ, ਵੱਡੀ ਵਿਸ਼ਾਲ ਸੋਚ ਨਾਲ ਜ਼ਿੰਦਗੀ ਜਿਊਣ ਵਾਲੇ ਸ. ਬਲਬੀਰ ਸਿੰਘ ਬਹੁਤ ਸਾਦਗੀ ਪਸੰਦ ਸਨ। ਨਿੱਜੀ ਅਤੇ ਜਨਤਕ ਜੀਵਨ ਵਿੱਚ ਉਹ ਸਭ ਤਰ੍ਹਾਂ ਦੇ ਲੋਭ-ਲਾਲਚਾਂ ਤੋਂ ਉਪਰ ਉਠ ਕੇ ਵਿਚਰਦੇ ਸਨ। ਇਨਸਾਨੀ ਗੁਣਾਂ ਦਾ ਇੱਕ ਮੁਜਸਮਾ ਹੋਣ ਕਾਰਨ ਲੋਕ ਉਨ੍ਹਾਂ ਨੂੰ ਅਥਾਹ ਪਿਆਰ ਕਰਦੇ ਸਨ। ਬਹੁਤ ਹੀ ਮਿਲਣਸਾਰ ਅਤੇ ਪੁਰਖਲੂਸ ਇਨਸਾਨ ਸਨ। ਉਹ ਕਦੇ ਵੀ ਕਾਹਲ ਜਾਂ ਬੇਚੈਨੀ ਦਾ ਪ੍ਰਗਟਾਵਾ ਨਹੀਂ ਕਰਦੇ ਸਨ, ਸਗੋਂ ਹਮੇਸ਼ਾ ਸਹਿਜ ਵਿੱਚ ਵਿਚਰਦੇ ਸਨ।
ਗੁਰੂ ਸਾਹਿਬਾਨ ਦੇ ਆਦੇਸ਼ਾਂ ਮੁਤਾਬਿਕ ਉਹ ਔਰਤ ਅਤੇ ਮਰਦ ਦੀ ਬਰਾਬਰੀ ਦੇ ਹਮੇਸ਼ਾ ਮੁਦਈ ਰਹੇ। ਘਰ ਪਰਿਵਾਰ ਵਿੱਚ ਵੀ ਉਨ੍ਹਾਂ ਨੇ ਆਪਣੀਆਂ ਮਾਸੀਆਂ, ਤਾਈਆਂ, ਭਾਬੀਆਂ, ਭੈਣਾਂ, ਬੇਟੀਆਂ, ਪੋਤੀਆਂ ਅਤੇ ਨੂੰਹਾਂ ਨੂੰ ਵੀ ਬਹੁਤ ਹੀ ਪਿਆਰ ਸਤਿਕਾਰ ਦਿੱਤਾ। ਉਹ ਕਦੇ ਵੀ ਕਿਸੇ ਨਾਲ ਬੁਰਾ ਵਰਤਾਓ ਨਹੀਂ ਕਰਦੇ ਸਨ। ਘਰ ਵਿੱਚ ਵੀ ਉਹ ਸਭ ਨੂੰ ਇਹੋ ਸਿੱਖਿਆ ਦਿੰਦੇ ਸਨ। ਉਨ੍ਹਾਂ ਦਾ ਖਾਣ ਪੀਣ ਅਤੇ ਪਹਿਨਣ ਬਹੁਤ ਹੀ ਸਾਦਾ ਸੀ। ਖੁਰਾਕ ਬਾਰੇ ਉਨ੍ਹਾਂ ਦੀ ਜਾਣਕਾਰੀ ਕਈਂ ਡਾਕਟਰਾਂ ਨਾਲੋਂ ਵੀ ਵਧ ਸੀ। ਉਹ ਆਪਣੇ ਆਲੇ ਦੁਆਲੇ ਹਰ ਇੱਕ ਨੂੰ ਠੀਕ ਖਾਣੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਸਨ। ਉਹ ਕ੍ਰਾਂਤੀਕਾਰੀ ਵਿਚਾਰਾਂ ਦੇ ਮਹਾਨ ਮਨੁੱਖ ਸਨ। ਮੈਨੂੰ ਉਨ੍ਹਾਂ ਦਾ ਸਪੁੱਤਰ ਹੋਣ ਦਾ ਅਥਾਹ ਮਾਣ ਹੈ। ਉਨ੍ਹਾਂ ’ਚ ਆਮ ਮਨੁੱਖਾਂ ਵਾਲੀਆਂ ਕਮਜ਼ੋਰੀਆਂ ਨਹੀਂ ਸਨ। ਮੇਰੇ ਲਈ ਉਹ ਪੂਰਨ ਆਦਰਸ਼ ਇਨਸਾਨ ਹਨ, ਜਿਨ੍ਹਾਂ ਵਰਗਾ ਹੋਣ ਲਈ ਸ਼ਾਇਦ ਸਾਨੂੰ ਕਈਂ ਜਨਮ ਲੈਣੇ ਪੈਣਗੇ। ਉਨ੍ਹਾਂ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ 21 ਅਗਸਤ 2014 ਦਿਨ ਵੀਰਵਾਰ ਨੂੰ ਪਿੰਡ ਡੇਲੂਆਣਾ (ਜ਼ਿਲ੍ਹਾ ਮਾਨਸਾ) ਦੇ ਗੁਰਦੁਆਰਾ ਸ੍ਰੀ ਸ਼ੀਤਲਸਰ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਦੁਪਹਿਰ 12 ਵਜੇ ਪਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਨਾਲ ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਗੁਰੂ ਸਾਹਿਬਾਨ ਦੇ ਚਰਨਾ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਉਹ ਇਸ ਪਾਕ ਰੂਹ ਨੂੰ ਹਮੇਸ਼ਾ ਆਪਣੇ ਕਦਮਾਂ ਵਿੱਚ ਸਥਾਨ ਦੇਣ।
                -ਸੰਪਾਦਕ ਪੰਜਾਬ ਟਾਇਮਜ਼ ਜਲੰਧਰ

WRITTEN BY