ਫਰੀਦਕੋਟ, 17 ਅਗਸਤ (ਸੁਖਜਿੰਦਰ ਸਹੋਤਾ)- ਫਰੀਦਕੋਟ ਜਿਲ੍ਹੇ ਤੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਗਾਇਤਰੀ ਪ੍ਰਕਾਸ਼ ਸ਼ਰਮਾਂ ਅਤੇ ਉਨ੍ਹਾਂ ਦੇ ਲੜਕੇ ਉਪਰ, ਕੋਟਕਪੂਰਾ ਦੇ ਹੀਰਾ ਸਿੰਘ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 45000 ਹਜਾਰ ਰੁਪੈ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਕੋਟਕਪੂਰਾ ਸਹਿਰ ਵਿਚ ਰਹਿਣ ਵਾਲੀ ਇੱਕ ਵਿਧਵਾ ਔਰਤ ਕੋਮਲ ਸ਼ਰਮਾਂ ਨੇ ਫਰੀਦਕੋਟ ਦੇ ਪੁਲਿਸ ਮੁੱਖੀ ਨੂੰ ਇੱਕ ਹਲਫੀਆ ਬਿਆਨ ਦੇ ਕੇ ਇਹ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਸਨੂੰ ਨੌਕਰੀ ਲਗਵਾਉਣ ਦਾ ਝਾਂਸਾਂ ਦੇ ਕੇ ਪੈਸੇ ਠੱਗਣ ਵਾਲੇ ਫਰੀਦਕੋਟ ਜਿਲ੍ਹੇ ਦੇ ਭਾਜਪਾ ਦੇ ਪ੍ਰਧਾਨ ਗਾਇਤਰੀ ਪ੍ਰਕਾਸ਼ ਸ਼ਰਮਾਂ ਅਤੇ ਉਸ ਦੇ ਬੇਟੇ ਤੋ ਪੈਸੇ ਵਾਪਸ ਕਰਵਾਏ ਜਾਣ। ਕੋਮਲ ਸ਼ਰਮਾਂ ਵੱਲੋਂ ਦਿੱਤੀ
ਗਈ ਦਰਖਾਸਤ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਫਰੀਦਕੋਟ ਵੱਲੋਂ ਕੀਤੀ ਜਾ ਰਹੀ ਹੈ। ਆਰਥਿਕ ਅਪਰਾਧ ਸ਼ਾਖਾ ਦੇ ਬਾਹਰ ਕੋਮਲ ਸਰਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵਿਧਵਾ ਔਰਤ ਹੈ ਅਤੇ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਵਿਚ ਆਪਣੀ ਮਾਂ ਨਾਲ; ਰਹਿ ਰਹੀ ਹੈ, ਉਸ ਨੇ ਦੱਸਿਆ ਕਿ ਕਿਸੇ ਤਰਾਂ ਉਸ ਦਾ ਇੱਕ ਸਾਲ ਪਹਿਲਾਂ ਗਾਇਤਰੀ ਪ੍ਰਕਾਸ਼ ਸ਼ਰਮਾਂ ਜਿਲ੍ਹਾ ਪ੍ਰਧਾਨ ਭਾਜਪਾ ਅਤੇ ਉਸ ਦੇ ਬੇਟੇ ਨਾਲ ਸੰਪਰਕ ਹੋਇਆ ਤਾਂ ਉਹਨਾਂ ਉਸ ਨੂੰ ਆਂਗਣਵਾੜੀ ਵਰਕਰ ਵਜੋਂ ਸਰਕਾਰੀ ਨੌਕਰੀ ’ਤੇ ਲਗਵਾਉਣ ਲਈ ਉਸ ਤੋਂ ਇੱਕ ਲੱਖ ਰੁਪੈ ਦੀ ਮੰਗ ਕੀਤੀ ਜਿਸ ਤੇ ਉਸ ਨੇ ਗਾਇਤਰੀ ਪ੍ਰਕਾਸ਼ ਸ਼ਰਮਾਂ ਅਤੇ ਉਸ ਦੇ ਲੜਕੇ ਨੂੰ 45 ਹਜਾਰ ਰੁਪੈ ਦੇ ਦਿੱਤੇ । ਕੋਮਲ ਸ਼ਰਮਾਂ ਨੇ ਦੋਸ਼ ਲਗਾਇਆ ਕਿ ਉਕਤ ਦੋਹਾਂ ਬਾਪ ਬੇਟੇ ਨੇ ਇਹ ਪੈਸੇ ਭਾਜਪਾ ਦੇ ਸੀਨੀਅਰ ਆਗੂ ਡੀ ਪੀ ਚੰਦਨ ਨੂੰ ਦੇਣ ਦਾ ਕਹਿ ਕੇ ਲਏ ਸਨ , ਉਸ ਨੇ ਦੋਸ਼ ਲਗਾਇਆ ਕਿ ਇਹਨਾਂ ਦੋਹਾਂ ਬਾਪ ਬੇਟੇ ਨੇ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਮੈਨੂੰ ਨਾ ਤਾਂ ਕਿਤੇ ਨੌਕਰੀ ਤੇ ਲਗਵਾਇਆ ਅਤੇ ਨਾਂ ਹੀ ਮੇਰੇ ਪੈਸੇ ਵਾਪਸ ਕੀਤੇ ਇਸ ਲਈ ਮੈਂ ਜਿਲ੍ਹੇ ਦੇ ਪੁਲਿਸ ਮੁਖੀ ਨੂੰ ਇੱਕ ਦਰਖਾਸਤ ਦੇ ਕੇ ਦੋਸੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਉਹਨਾਂ ਇਹ ਵੀ ਦੱਸਿਆ ਕਿ ਇਸ ਸ਼ਕਾਇਤ ਦੀ ਇੱਕ ਕਾਪੀ ਪੰਜਾਬ ਭਾਜਪਾ ਪ੍ਰਧਾਨ ਨੂੰ ਵੀ ਭੇਜੀ ਗਈ ਹੈ।
ਕੀ ਕਹਿੰਦੇ ਭਾਜਪਾ ਨੇਤਾ
ਇਸ ਮੌਕੇ ਪੀੜਤ ਮਹਿਲਾ ਦੇ ਨਾਲ ਆਏ ਜ਼ਿਲ੍ਹਾ ਫਰੀਦਕੋਟ ਦੇ ਕਈ ਸਾਬਕਾ ਭਾਜਪਾ ਪ੍ਰਧਾਨ, ਐਮਸੀ, ਅਤੇ ਹੋਰ ਸੀਨੀਅਰ ਆਗੂਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਾਰੇ ਮਾਮਲੇ ਬਾਰੇ ਉਹਨਾਂ ਪਾਰਟੀ ਹਾਈਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਪਾਰਟੀ ਤੋਂ ਮੰਗ ਕੀਤੀ ਹੈ ਕਿ ਪਾਰਟੀ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਕੀ ਕਹਿੰਦੇ ਹਨ ਭਾਜਪਾ ਦੇ ਜਿਲਾਂ ਪ੍ਰਧਾਨ
ਪੈਸੇ ਹੜੱਪਣ ਵਰਗੇ ਗੰਭੀਰ ਦੋਸ਼ ਲੱਗਣ ਦੇ ਮਾਮਲੇ ਸੰਬੰਧੀ ਜਦ ਫਰੀਦਕੋਟ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਗਾਇਤਰੀ ਪ੍ਰਕਾਸ਼ ਸ਼ਰਮਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਕੀ ਕਹਿੰਦੀ ਹੈ ਪੁਲਿਸ
ਮਾਮਲਾ ਸੱਤਾ ਧਾਰੀ ਪਾਰਟੀ ਦੀ ਭਾਈਵਾਲ ਪਾਰਟੀ ਦਾ ਹੋਣ ਕਾਰਨ ਪੁਲਿਸ ਵੀ ਕਾਰਵਾਈ ਬੜੀ ਬਾਰੀਕੀ ਨਾਲ ਕਰ ਰਹੀ ਹੈ ,ਜਦ ਇਸ ਮਾਮਲੇ ਸੰਬੰਧੀ ਫਰੀਦਕੋਟ ਦੇ ਡੀਐਸਪੀ (ਡੀ) ਗੁਰਭੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਗਾਇਤਰੀ ਪ੍ਰਕਾਸ਼ ਸ਼ਰਮਾਂ ਦੇ ਖਿਲਾਫ ਇੱਕ ਲਿਖਤ ਦਰਖਾਸਤ ਦਿੱਤੀ ਹੈ ਕਿ ਉਹਨਾਂ ਨੇ ਉਸ ਨਾਲ ਕੋਈ ਪੈਸੇ ਦੀ ਠੱਗੀ ਮਾਰੀ ਹੈ, ਉਹਨਾਂ ਦੱਸਿਆ ਕਿ ਇਸ ਦੀ ਇਨਕੁਆਰੀ ਆਰਥਿਕ ਅਪਰਾਧ ਸਾਖਾ ਵੱਲੋਂ ਕੀਤੀ ਜਾ ਰਹੀ ਹੈ , ਇਨਕੁਆਰੀ ਰਿਪੋਟ ਆਉਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹਨਾਂ ਇਲਜਾਮਾਂ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਿਸ ਦੀ ਇਨਕੁਆਰੀ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇੰਨੀ ਵੱਡੀ ਗਿਣਤੀ ਵਿਚ ਭਾਜਪਾ ਨੇਤਾਵਾਂ ਦਾ ਪੀੜਤ ਔਰਤ ਦੇ ਪੱਖ ਵਿਚ ਖੜ੍ਹਨਾਂ ਕਈ ਸਵਾਲ ਖੜ੍ਹੇ ਕਰਦਾ ਹੈ, ਅਤੇ ਇਸ ਗੱਲ ਵੱਲ ਵੀ ਇਸ਼ਾਰਾ ਜਾਂਦਾ ਹੈ ਕਿ ਫਰੀਦਕੋਟ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਜੋ ਆਉਣ ਵਾਲੀਆ ਮਿਉਸਪਲ ਚੋਣਾਂ ਵਿਚ ਭਾਜਪਾ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।



