Skip to content
Independent perspectives. Global stories.
BREAKING

ਮੁੱਖ ਮੰਤਰੀ ਹੁੱਡਾ ਇਨੈਲੋ ਖਿਲਾਫ ਮਾਨਹਾਨੀ ਦਾ ਦਾਅਵਾ ਕਰਨਗੇ

Share this story

Page-1_28 ਚੰਡੀਗੜ੍ਹ, 17 ਅਗਸਤ (ਨਾਗਪਾਲ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਇਨੈਲੋ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਆਮਦਨ ਤੋਂ ਵੱਧ ਸਪੰਤੀ ਦੇ ਦੋਸ਼ ਅਤੇ ਇਸ ਸਬੰਧ ਵਿਚ ਰਾਜਪਾਲ ਨੂੰ ਸੌਂਪੀ ਗਈ ਚਾਰਜਸ਼ੀਟ ਨੂੰ ਸਰਾਸਰ ਝੂਠ ਦੱਸਿਆ ਅਤੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਰਾਏ ਲੈਣਗੇ ਅਤੇ ਅਜਿਹੇ ਆਗੂਆਂ ਦੇ ਵਿਰੁੱਧ ਮਾਨਹਾਨੀ ਦਾ ਦਾਅਵਾ ਕਰਨਗੇ। ਮੁੱਖ ਮੰਤਰੀ ਅੱਜ ਇਥੇ ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਹੁੱਡਾ ਨੇ ਕਿਹਾ ਕਿ ਮਾਨਹਾਨੀ ਦਾ ਦਾਅਵਾ ਕਰਨ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਨਗੇ। ਜੇਕਰ ਉਹ ਜਨਤਕ ਤੌਰ ’ਤੇ ਮਾਫੀ ਮੰਗਦੇ ਹਨ ਤਾਂ ਠੀਕ ਹੈ, ਨਹੀਂ ਅਜਿਹੇ ਆਗੂਆਂ ਦੇ ਖਿਲਾਫ਼ ਅਦਾਲਤ ਵਿਚ ਮਾਨਹਾਨੀ ਦਾ ਦਾਅਵਾ ਕਰਨਗੇ ।

ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਨੇਤਾਵਾਂ ਦੇ ਵਿਰੁੱਧ ਆਮਦਨ ਤੋਂ ਵੱਧ ਸੰਪਤੀ ਦੇ ਮਾਮਲਿਆਂ ਵਿਚ ਦੋਸ਼ ਤੈਅ ਹੋ ਚੁੱਕੇ ਹਨ, ਉਹ ਨੇਤਾ ਅਜਿਹੇ ਦੋਸ਼ ਲੱਗਾ ਰਹੇ ਹਨ । ਰਾਜ ਸਭਾ ਮੈਂਬਰ ਚੌਧਰੀ ਬੀਰੇਂਦਰ ਸਿੰਘ ਸਮੇਤ ਕਈ ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡਕੇ ਭਾਜਪਾ ਵਿਚ ਸ਼ਾਮਲ ਹੋਣ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਕਾਂਗਰਸ ਦੀ ਟਿਕਟ ’ਤੇ ਨਹੀਂ ਜਿੱਤ ਸਕਿਆ ਅਤੇ ਉਹ ਵੀ ਉਦੋਂ ਜਦੋਂ ਕਾਂਗਰਸ ਪਾਰਟੀ ਦੀ ਹਵਾ ਸੀ, ਤਾਂ ਭਾਜਪਾ ਵਿਚ ਕੀ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣ ਵਾਲੇ ਕੁਝ ਆਗੂ ਅਜਿਹੇ ਵੀ ਹਨ ਜੋ 1991 ਦੇ ਬਾਅਦ ਵਿਧਾਇਕ ਦੀ ਚੋਣ ਤੱਕ ਨਹੀਂ ਜਿੱਤ ਸਕੇ ਸਨ। ਦਸ ਸਾਲ ਬਾਅਦ ਚੋਣ ਦੇ ਸਮੇਂ ਕੋਈ ਆਗੂ ਪਾਰਟੀ ਛੱਡਕੇ ਦੂਜੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਉਸਦਾ ਮਤਲਬ ਸਮਝਿਆ ਜਾ ਸਕਦਾ ਹੈ। ਅਜਿਹੇ ਆਗੂਆਂ ਦੀ ਰਾਜਨੀਤਿਕ ਜ਼ਮੀਨ ਖਿਸਕ ਚੁੱਕੀ ਹੈ ਅਤੇ ਧਰਾਧਲ ਲੱਭਣ ਦੇ ਲਈ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਪ੍ਰਜਾਤੰਤਰ ਵਿਚ ਹਰ ਕਿਸੇ ਨੂੰ ਅਧਿਕਾਰ ਹੈ ਅਤੇ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਵਿਚ ਜਾ ਸਕਦਾ ਹੈ। ਕਾਂਗਰਸ ਦੀ 24 ਅਗਸਤ ਨੂੰ ਪਾਣੀਪਤ ਵਿਚ ਹੋਣ ਵਾਲੀ ਰੈਲੀ ਦੇ ਸਬੰਧ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ ਇਸ ਰੈਲੀ ਵਿਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ ਅਤੇ ਉਹ ਇਸ ਰੈਲੀ ਵਿਚ ਆਪਣੇ ਸਾਢੇ ਨੌ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਅਤੇ ਵਿਜਨ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਹਰਿਆਣਾ ਮਾਮਲਿਆਂ ਦੇ ਕਾਂਗਰਸ ਪ੍ਰਭਾਵੀ ਸ੍ਰੀ ਸ਼ਕੀਲ ਅਹਿਮਦ ਵੀ ਹਾਜ਼ਰ ਰਹਿਣਗੇ।  ਕੁਝ ਮੌਜ਼ੂਦਾ ਵਿਧਾਇਕਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਟਿਕਟ ਦੇ ਲਈ ਬਿਨੈ ਨਾ ਕਰਨ ਵਾਲਿਆਂ ਦੇ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਨੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੋਲ ਬਿਨੈ ਨਹੀਂ ਕੀਤੇ ਪ੍ਰੰਤੂ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੋਲ ਬਿਨੈ ਕਰਨ ਦਾ ਸਮਾਂ ਅਜੇ ਬਾਕੀ ਹੈ। ਅਜਿਹੇ ਆਗੂ ਪਾਰਟੀ ਟਿਕਟ ਦੇ ਲਈ ਬਿਨੈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ 90 ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਸਹੀ ਸਮੇਂ ’ਤੇ ਕਰ ਦੇਵੇਗੀ। ਮੁੱਖ ਮੰਤਰੀ ਸ੍ਰੀ ਹੁੱਡਾ ਨੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਏ ਗਏ ਅਹਿਮ ਫੈਸਲਿਆਂ ਦੀ ਜਾਦਕਾਰੀ ਵੀ ਦਿੱਤੀ। ਉਨ੍ਹਾਂ ਸੂਬਾ ਵਾਸੀਆਂ ਨੂੰ ਜਨਮਅਸ਼ਟਮੀ ਦੇ ਮੌਕੇ ਵਧਾਈ ਦਿੱਤੀ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ ਐਸ ਢਿਲੋਂ ਤੇ ਡਾ. ਕੇ ਕੇ ਖੰਡੇਲਵਾਲ, ਪ੍ਰਧਾਨ ਓ ਐਸ ਡੀ ਐਮ ਐਸ ਚੌਪੜਾ, ਸੂਚਨਾ, ਜਨਸੰਪਰਕ ਤੇ ਸੱਭਿਆਚਾਰਕ ਕਾਰਜ ਵਿਭਾਗ ਦੇ ਮਹਾਂਨਿਰਦੇਸ਼ਕ ਸ੍ਰੀ ਸੁਧੀਰ ਰਾਜਪਾਲ, ਮੀਡੀਆ ਕੁਆਰਡੀਨੇਟਰ ਪ੍ਰਮੋਦ ਵਸ਼ਿਸ਼ਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

WRITTEN BY