ਸੂਬਿਆਂ ’ਚ ਬਣਨਗੇ ਈ ਟੀ ਸੀ-ਮੁੰਬਈ, 16 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਕਸਪੋਰਟ ਵਧਾਉਣ ਦਾ ਸੱਦਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਛੇਤੀ ਹੀ ਰਾਜਾਂ ਵਿੱਚ ਵੀ ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਦੇ ਗਠਨ ਲਈ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਕਸਪੋਰਟ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਸ਼ੇਸ਼ ਆਰਥਿਕ ਜ਼ੋਨਾਂ ਦੀ ਸਥਾਪਨਾ ਵਿੱਚ ਆ ਰਹੇ ਅੜਿੱਕੇ ਵੀ ਤੇਜ਼ੀ ਨਾਲ ਹਟਾਉਣ ਦੇ ਯਤਨ ਕੀਤੇ ਜਾਣਗੇ। ਇਸ ਦੌਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ‘ਚ ਤਿਆਰ ਕੀਤੇ ਗਏ ਜੰਗੀ ਬੇੜੇ ਆਈ. ਐਨ. ਐਸ. ਕੋਲਕਾਤਾ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਮੁੰਬਈ ਦੇ ਕੋਲ ਆਯੋਜਿਤ ਸਮਾਗਮ ‘ਚ ਉਨ੍ਹਾਂ ਨੇ
ਕਿਹਾ ਕਿ ਫ਼ੌਜੀ ਤਾਕਤ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਜੰਗ ਨਹੀਂ ਚਾਹੁੰਦਾ। ਨਵੇਂ ਦੌਰ ‘ਚ ਸੁਰੱਖਿਆ ਲਈ ਸਿਰਫ਼ ਹਥਿਆਰ ਹੀ ਜ਼ਰੂਰੀ ਨਹੀਂ ਹੈ, ਬਲਕਿ ਤਕਨੀਕ ਅਤੇ ਦੂਸਰੇ ਸਾਧਨ ਵੀ ਦੇਸ਼ ਨੂੰ ਸੁਰੱਖਿਅਤ ਰੱਖਣ ‘ਚ ਯੋਗਦਾਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਅਜੇ ਜੰਗ ਰਹਿਤ ਸਥਿਤੀ ‘ਚ ਨਹੀਂ ਪਹੁੰਚੀ ਹੈ ਇਸ ਲਈ ਆਪਣੀ ਸੈਨਿਕ ਸੁਰੱਖਿਆ ਦੇ ਲਿਹਾਜ਼ ਨਾਲ ਪੂਰੀ ਤਰਾਂ ਮੁਸਤੈਦ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਜੰਗੀ ਬੇੜੇ ਦਾ ਦੇਸ਼ ‘ਚ ਵਿਕਾਸ ਅਤੇ ਨਿਰਮਾਣ ਕਰਨ ਲਈ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਨੂੰ ਵਧਾਈ ਦਿੱਤੀ। ਇਹ ਦੇਸ਼ ‘ਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। ਅੱਜ ਦੇ ਸਮਾਗਮ ਦੇ ਨਾਲ ਹੀ ਆਈ. ਐਨ. ਐੱਸ. ਕੋਲਕਾਤਾ ਭਾਰਤੀ ਜਲ ਸੈਨਾ ‘ਚ ਸ਼ਾਮਲ ਹੋ ਗਿਆ।



