ਸੰਗਰੂਰ, 22 ਜੁਲਾਈ (ਹਰਿੰਦਰ ਖਾਲਸਾ/ਰਾਜ ਵਰਮਾ)-ਪਿਛਲੇ ਲੰਮੇ ਅਰਸ਼ੇ ਤੋ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਦੇ ਆ ਰਹੇ ਈ.ਟੀ.ਟੀ. (ਈ.ਜੀ.ਐੱਸ) ਅਧਿਆਪਕਾਂ ਦੇ ਸਬਰ ਦਾ ਪਿਆਲਾ ਭਰ ਚੁਕਿਆ ਹੈ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੁਰਬਾਨੀਆਂ ਦੇਣ ਲਈ ਸਿਰਾਂ ਤੇ ਕਫ਼ਨ ਬੰਨ ਚੁੱਕੇ ਹਨ। ਜਿਸ ਦੀ ਸ਼ੁਰੁਆਤ ਅੱਜ ਸੰਗਰੂਰ ਸ਼ਹਿਰ ਦੀ ਧਰਤੀ ਤੋ ਕਰਨ ਦਾ ਐਲਾਨ ਕਰ ਦਿੱਤਾ ਹੈ।

ਫਰਵਰੀ 2008 ਵਿਚ ਵੀ ਕਪੂਰਥਲੇ ਦੀ ਧਰਤੀ ਤੇ ਸ਼ਹੀਦ ਕਿਰਨਜੀਤ ਕੌਰ ਨੇ ਕੁਰਬਾਨੀ ਦੇ ਕੇ ਸਰਕਾਰ ਦੇ ਮੱਥੇ ਉਪਰ ਕਲੰਕ ਲਗਾ ਦਿੱਤਾ ਸੀ। ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਜਿਲਾ ਸੰਗਰੂਰ ਵਿਚ ਪਹੁੰਚੇ ਸੈਂਕੜੇ ਅਧਿਆਪਕਾਂ ਦੇ ਇਕੱਠ ਨੇ ਸ਼ਹਿਰ ਵਿਚ ਪੰਜਾਬ ਸਰਕਾਰ ਨੂੰ ਜਗਾਉਣ ਲਈ ਕੀਤੇ ਪ੍ਰਦਰਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਅਧਿਆਪਕ ਆਰ-ਪਾਰ ਦੀ ਲੜਾਈ ਲਈ ਪਿੱਛੇ ਨਹੀ ਹਟਣਗੇ। ਸ਼ਹੀਦ ਕਿਰਨਜੀਤ ਕੌਰ ਈ.ਟੀ.ਟੀ. (ਈ.ਜੀ.ਐੱਸ) ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦੇ ਸਰਪ੍ਰਸ਼ਤ ਮੱਖਣ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਪਹੁੰਚੇ ਸੈਂਕੜੇ ਅਧਿਆਪਕ ਬਨਾਸਰ ਬਾਗ ਇਕੱਠੇ ਹੋ ਕੇ ਸ਼ਹਿਰ ਦੇ ਮੇਨ ਚੌਂਕਾਂ ਵਿਚੋ ਦੀ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਕੰਪਲੈਕਸ ਪਹੁੰਚੇ। ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਤੋਲਾਵਾਲ ਨੇ ਦੱਸਿਆ ਕਿ ਅਸੀ ਪਿਛਲੇ ਤਿੰਨ ਮਹੀਨਿਆਂ ਤੋ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਏ.ਡੀ.ਸੀ. ਸ੍ਰ: ਜੌਹਲ ਨੂੰ ਵਫ਼ਦ ਦੇ ਰੂਪ ਵਿਚ ਆਪਣੀਆਂ ਮੰਗਾਂ ਤੋ ਜਾਣੂ ਕਰਵਾ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਉਣ ਲਈ ਬੇਨਤੀਆਂ ਕਰ ਚੁੱਕੇ ਹਾਂ। ਪਰ ਮਾਣਯੋਗ ਡੀ.ਸੀ. ਸਾਹਿਬ ਨੇ ਉਨਾਂ ਦੀ ਕਿਸੇ ਵੀ ਮੀਟਿੰਗ ਉਪਰ ਅਮਲ ਨਹੀ ਕੀਤਾ ਸਗੋ ਸਿਵਾਏ ਝੂਠੇ ਲਾਰਿਆਂ ਤੋ ਕੁਝ ਵੀ ਪੱਲੇ ਨਹੀ ਪਾਇਆ ਜਿਸ ਕਾਰਨ ਅੱਜ ਮਜਬੂਰੀ ਵਸ ਈ.ਟੀ.ਟੀ. ਅਧਿਆਪਕਾਂ ਨੂੰ ਅੱਜ ਸੜਕਾਂ ਉਪਰ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਪਾਲ ਕੌਰ ਛਾਹੜ ਨੇ ਕਿਹਾ ਕਿ ਇਕ ਪਾਸੇ ਬਾਦਲ ਸਰਕਾਰ ਨੰਨੀਆਂ ਛਾਵਾਂ ਦੀ ਰਾਖੀ ਲਈ ਫੋਕਾ ਤੇ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਦੂਜੇ ਪਾਸੇ ਨੰਨੀਆਂ ਛਾਵਾਂ ਨੂੰ ਸੜਕਾਂ ਉਪਰ ਗੁੱਤਾਂ ਤੋ ਫੜ ਕੇ ਘੜੀਸਿਆ ਜਾ ਰਿਹਾ ਹੈ ਉਹਨਾ ਕਿਹਾ ਕਿ ਜੇਕਰ 30 ਜੁਲਾਈ ਤੱਕ ਮੁੱਖ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਦਾ ਸਮਾਂ ਤਹਿ ਨਹੀ ਕਰਵਾਇਆ ਗਿਆ ਤਾਂ ਜਥੇਬੰਦੀਆਂ ਦੀਆਂ ਪੰਜ ਅਧਿਆਪਕਾਵਾਂ ਵਲੋਂ 31 ਜੁਲਾਈ ਨੂੰ ਹੋ ਰਹੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਵਿਚ ਆਤਮ ਦਾਹ ਕਰਨ ਤੋ ਗੁਰੇਜ ਨਹੀ ਕੀਤਾ ਜਾਵੇਗਾ। ਸੂਬਾਈ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਸਿਖਿਆ ਮੰਤਰੀ ਵਲੋਂ ਕਪੂਰਥਲਾ ਦੀ ਧਰਤੀ ਤੇ ਹੋਏ ਟੈਂਕੀ ਕਾਂਡ ਦੌਰਾਨ ਹੋਏ ਸਮਝੌਤੇ ਨੂੰ ਲਾਗੂ ਕਰਨ ਤੋ ਭੱਜ ਰਹੀ ਹੈ ਕਿ ਅਸੀ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀ ਕਰ ਸਕਦੇ ਅਤੇ ਮੁੜ ਹਰੇਕ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ। ਹੋਰਨਾਂ ਤੋ ਇਲਾਵਾ ਸੂਬਾ ਆਗੂ ਬੂਟਾਂ ਖਾਂ, ਪਰਮਜੀਤ ਕੌਰ, ਦਿਆ ਸਿੰਘ, ਰਜਿੰਦਰ ਸਿੰਘ, ਸੁਰਜੀਤ ਉਗੋਕੇ, ਰਣਧੀਰ ਕੌਰ ਹਾਜ਼ਰ ਸਨ। ਗੁਰਪ੍ਰੀਤ ਸਿੰਘ, ਚਰਨਜੀਤ ਕੌਰ, ਸਿੰਦਰਪਾਲ ਸਿੰਘ, ਅਮਜ਼ਦ ਖਾਨ, ਕਮਲ ਬਰਨਾਲਾ, ਮੋਨਿਕਾ ਜਿੰਦਲ, ਸੰਦੀਪ ਕੌਰ, ਅਮਰਜੀਤ ਕੌਰ, ਨਰਿੰਦਰ ਕੌਰ, ਸੁਖਜਿੰਦਰ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਕਾਂਤਾ ਜਖੇਪਲ, ਹਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਭੜਕੇ ਈ.ਟੀ.ਟੀ. (ਈ.ਜੀ.ਐੱਸ.) ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ



