ਜੰਮੂ, 5 ਅਗਸਤ (ਪੀ. ਟੀ. ਆਈ.)-ਇਸ ਮਹੀਨੇ ਜੰਗਬੰਦੀ ਉਲੰਘਣਾ ਦੇ ਪਹਿਲੇ ਮਾਮਲੇ ਵਿਚ ਪਾਕਿਸਤਾਨੀ ਸੈਨਿਕਾਂ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁੰਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਛੋਟੇ ਤੇ ਅਤਿ ਆਧੁਨਿਕ ਹਥਿਆਰਾਂ ਨਾਲ ਭਾਰਤ ਦੀਆਂ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਮਨੀਸ਼ ਮਹਿਤਾ ਨੇ ਇੱਥੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਅੱਜ 11.30 ਵਜੇ ਜੰਮੂ ਤੇ ਕਸ਼ਮੀਰ ਦੇ ਪੁੰਣਛ ਜ਼ਿਲ੍ਹੇ ਵਿਚ ਅਗਲੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਸੈਨਿਕਾਂ ਨੇ ਪੁਜ਼ੀਸ਼ਨਾਂ ਲੈ ਕੇ ਉਸੇ ਸਮਰੱਥਾ ਵਾਲੇ ਹਥਿਆਰਾਂ ਨਾਲ ਜਵਾਬ ਦਿੱਤਾ, ਸਿੱਟੇ ਵਜੋਂ ਰੁਕ-ਰੁਕ ਗੋਲੀਬਾਰੀ ਹੁੰਦੀ ਰਹੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿਚ ਭਾਰਤ ਵਾਲੇ ਪਾਸੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਨਗਰੋਟਾ ਵਿਚ 16 ਕੋਰ ਦੇ ਜਨਰਲ ਕਮਾਂਡਿੰਗ ਅਧਿਕਾਰੀ ਲੈਫ਼ਟੀਨੈਂਟ ਜਨਰਲ ਕੇ. ਐੱਚ ਸਿੰਘ ਨੇ ਪਿਛਲੇ ਦਿਨੀਂ
ਕਿਹਾ ਸੀ ਕਿ ਪਾਕਿਸਤਾਨੀ ਸੈਨਿਕਾਂ ਵੱਲੋਂ ਜੰਗਬੰਦੀ ਦੀ ਕੀਤੀ ਉਲੰਘਣਾ ਦਾ ਭਾਰਤੀ ਸੈਨਿਕਾਂ ਨੂੰ ਢੁਕਵਾਂ ਜਵਾਬ ਦੇਣ ਦੀ ਹਦਾਇਤ ਕੀਤੀ ਗਈ ਹੈ। ਜੁਲਾਈ ਮਹੀਨੇ ਪਾਕਿਸਤਾਨ ਨੇ ਜੰਗਬੰਦੀ ਦੀ ਅੱਠ ਵਾਰ ਉਲੰਘਣਾ ਕੀਤੀ ਸੀ। ਉਸ ਨੇ ਜੂਨ ਮਹੀਨੇ ਕੰਟਰੋਲ ਰੇਖਾ ਦੇ ਨਾਲ ਅਤੇ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ‘ਤੇ ਪੰਜ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ।



