Skip to content
Independent perspectives. Global stories.
BREAKING

ਪੰਜਾਬ ਸਮੇਤ ਦੇਸ਼ ਭਰ ਦੇ ਮਿਡ-ਡੇ-ਮੀਲ ਕਰਮਚਾਰੀਆਂ ਵੱਲੋਂ ਜੰਤਰ ਮੰਤਰ ਵਿਖੇ ਧਰਨਾ

Share this story

ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦੀ ਚੇਤਾਵਨੀ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਨਵੀਂ ਦਿੱਲੀ, 5 ਅਗਸਤ- ਦੇਸ਼ ਭਰ ਦੇ ਮਿਡ-ਡੇ-ਮੀਲ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਪਾਸੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਗਿਆ। ਆਲ ਇੰਡੀਆ ਮਿਡ-ਡੇ-ਮੀਲ ਕਰਮਚਾਰੀ ਤਾਲਮੇਲ ਕਮੇਟੀ (ਸੀਟੂ) ਦੇ ਬੈਨਰ ਹੇਠ ਆਯੋਜਿਤ ਇਸ ਧਰਨੇ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਕਰਨਾਟਕ, ਆਂਧਰਾ ਪ੍ਰਦੇਸ਼, ਬਿਹਾਰ, ਤੇਲੰਗਾਨਾ, ਉੱਤਰਾਖੰਡ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਸਮੇਤ ਹੋਰਨਾਂ ਸੂਬਿਆਂ ਤੋਂ ਮਿਡ ਡੇ ਮੀਲ ਵਰਕਰਾਂ ਨੇ ਹਿੱਸਾ ਲਿਆ। ਧਰਨੇ ਦੌਰਾਨ ਤਾਲਮੇਲ ਕਮੇਟੀ ਦੇ ਮੁਖੀਆਂ ਨੇ ਦੱਸਿਆ ਕਿ ਦੇਸ਼ ਭਰ ‘ਚ ਤਕਰੀਬਨ 26 ਲੱਖ ਮਿਡ ਡੇ ਮੀਲ ਵਰਕਰਾਂ ਨੂੰ ਕਰਮਚਾਰੀ ਦੇ ਰੂਪ ‘ਚ ਮਾਨਤਾ

ਨਹੀਂ ਦਿੱਤੀ ਗਈ ਹੈ ਅਤੇ ਕੰਮ ਦੇ ਬਦਲੇ ਬੇਹੱਦ ਮਾਮੂਲੀ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ। ਇਹੀ ਨਹੀਂ ਸਗੋਂ ਇਨ੍ਹਾਂ ਵਰਕਰਾਂ ਨੂੰ ਕੋਈ ਸਮਾਜਿਕ ਸੁਰੱਖਿਆ ਵੀ ਪ੍ਰਾਪਤ ਨਹੀਂ ਹੈ। ਉਨ੍ਹਾਂ ਦੱਸਿਆ ਕਿ 45ਵੇਂ ਭਾਰਤੀ ਕਿਰਤ ਸੰਮੇਲਨ ਵਿਚ ਮਿਡ ਡੇ ਮੀਲ ਕਰਮੀਆਂ ਨੂੰ ਪੱਕਾ ਕਰਮਚਾਰੀ ਬਣਾਉਣ ਅਤੇ ਯੋਗ ਤਨਖ਼ਾਹ ਦੇਣ ਦੇ ਨਾਲ ਨਾਲ ਪੈਨਸ਼ਨ ਸਹਿਤ ਸਮਾਜਿਕ ਸੁਰੱਖਿਆ ਦਾ ਲਾਭ ਦੇਣ ਦੀ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਸਨ ਪ੍ਰੰਤੂ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਰਕਰਾਂ ਦੀ ਤਨਖ਼ਾਹ ‘ਚ 1000 ਰੁਪਏ ਵਾਧਾ ਕਰਨ ਦਾ ਐਲਾਨ ਕੀਤਾ ਸੀ ਅਤੇ ਨਵੀਂ ਸਰਕਾਰ ਨੇ ਇਸ ਵਾਧੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਬਜਟ ਵਿਚ ਮਿਡ ਡੇ ਮੀਲ ਕਰਮਚਾਰੀਆਂ ਦੇ ਨਾਲ ਨਾਲ ਮਿਡ ਡੇ ਮੀਲ ਯੋਜਨਾ ਦੀ ਵੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ। ਆਗੂਆਂ ਨੇ ਮੰਗਾ ਰੱਖਦਿਆਂ ਕਿਹਾ ਕਿ ਮੰਤਰਾਲਿਆਂ ਦੁਆਰਾ ਐਲਾਨਿਆ ਗਿਆ 1000 ਰੁਪਏ ਦਾ ਵਾਧੇ ਸਮੇਤ 45ਵੇਂ ਭਾਰਤੀ ਕਿਰਤ ਸੰਮੇਲਨ ਦੀ ਸਿਫ਼ਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ। ਮਿਡ ਡੇ ਮੀਲ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ, ਮੈਡੀਕਲ ਬੀਮਾ ਕੀਤਾ ਜਾਵੇ ਅਤੇ ਮਿਡ ਡੇ ਮੀਲ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ। ਤਾਲਮੇਲ ਕਮੇਟੀ ਦੀ ਪੰਜਾਬ ਦੀ ਮੁਖੀ ਹਰਪਾਲ ਕੌਰ ਦੀ ਅਗਵਾਈ ‘ਚ ਪੰਜਾਬ ਤੋਂ ਆਏ ਮਿਡ ਡੇ ਮੀਲ ਵਰਕਰਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਕਰਮਚਾਰੀਆਂ ਵੱਲੋਂ ਸਭ ਤੋਂ ਵਧੀਆ ਖਾਣਾ ਤਿਆਰ ਕੀਤਾ ਜਾਂਦਾ ਹੈ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਪੂਰੀ ਤਰ੍ਹਾਂ ਪਾਸਾ ਵਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ‘ਚ ਬੱਚਿਆਂ ਦਾ ਖਾਣਾ ਤਿਆਰ ਕਰਨ ਲਈ ਵੱਡੀਆਂ ਤੇ ਆਧੁਨਿਕ ਰਸੋਈਆਂ ਦੀ ਲੋੜ ਹੈ ਕਿਉਂਕਿ ਛੋਟੀਆਂ ਰਸੋਈਆਂ ‘ਚ ਜ਼ਿਆਦਾ ਖਾਣਾ ਤਿਆਰ ਕਰਨ ‘ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੇਂਦਰ ਦੀ ਯੋਜਨਾ ਹੈ ਜਦ ਕਿ ਕੇਂਦਰ ਵੱਲੋਂ ਗੇਂਦ ਸੂਬਾ ਸਰਕਾਰ ਦੇ ਪਾਲੇ ਵਿਚ ਪਾ ਦਿੱਤੀ ਜਾਂਦੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹਿ ਸਕਦਾ ਹੈ।

WRITTEN BY