Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸਰਹੱਦੀ ਤੇ ਕੰਢੀ ਖੇਤਰਾਂ ਦੇ ਵਿਕਾਸ ਲਈ 430 ਕਰੋੜ ਰੁਪਏ ਦੀ ਵਿਆਪਕ ਯੋਜਨਾ ਨੂੰ ਪ੍ਰਵਾਨਗੀ

Share this story

ਸਰਹੱਦੀ ਖੇਤਰਾਂਲਈ ਫੰਡਾਂ ਦਾ 10 ਫੀਸਦੀ ਹਿੱਸਾ – ਢਾਣੀਆਂ ਨੂੰ-24 ਘੰਟੇ ਬਿਜਲੀ ਸਪਲਾਈ ਲਈ ਸਹਿਮਤੀ

Page-1_29 ਚੰਡੀਗੜ੍ਹ, 4 ਅਗਸਤ  (ਪੀ. ਟੀ)- ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰ ਦੇ ਸਰਬਪੱਖੀ ਵਿਕਾਸ ਵਿੱਚ ਹੋਰ ਤੇਜ਼ੀ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੋਵਾਂ ਖੇਤਰਾਂ ਦੇ 11 ਜ਼ਿਲ੍ਹਿਆਂ ਵਿੱਚ 429.95 ਕਰੋੜ ਰੁਪਏ ਦੇ ਵਿਆਪਕ ਪ੍ਰੋਗਰਾਮ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਇਲਾਕਿਆਂ ਦੇ ਬਾਸ਼ਿੰਦਿਆਂ ਲਈ ਵਿਕਾਸ ਸਕੀਮਾਂ ਅਮਲ ਵਿੱਚ ਲਿਆਂਦੀਆਂ ਜਾ ਸਕਣ।  ਇੱਥੇ ਪੰਜਾਬ ਭਵਨ ਵਿਖੇ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਗੁਰਦਾਸਪੁਰ ਦੇ 16 ਵਿਧਾਨ ਸਭਾ ਹਲਕਿਆਂ ਅਤੇ ਕੰਢੀ ਖੇਤਰ ਦੇ ਐਸ.ਏ.ਐਸ. ਨਗਰ (ਮੁਹਾਲੀ), ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ 17 ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਪਾਰਟੀ ਆਗੂਆਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਦੌਰਾਨ ਸ. ਬਾਦਲ ਨੇ ਆਖਿਆ ਕਿ ਸਰਹੱਦੀ ਏਰੀਆ ਵਿਕਾਸ ਪ੍ਰਾਜੈਕਟ, ਕੰਢੀ ਏਰੀਆ ਵਿਕਾਸ ਪ੍ਰਾਜੈਕਟ ਅਤੇ 13ਵੇਂ ਵਿੱਤ ਕਮਿਸ਼ਨ ਵਾਸਤੇ ਤਜਵੀਜ਼ਾਂ ਬਿਨਾਂ ਕਿਸੇ ਦੇਰੀ ਤੋਂ ਭੇਜੀਆਂ ਜਾਣ ਤਾਂ ਕਿ ਤੁਰੰਤ ਫੰਡ ਹਾਸਲ ਕਰਕੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣ। ਇਸ ਮੌਕੇ ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਤਜਵੀਜ਼ਾਂ ਵਿੱਚ ਸਭ ਤੋਂ ਵੱਧ ਤਰਜੀਹ ਆਮ ਲੋਕਾਂ ਦੀਆਂ ਲੋੜਾਂ ਤੇ ਮੰਗਾਂ ਮੁਤਾਬਕ ਹੋਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਫੰਡਾਂ ਨਾਲ ਹੇਠਲੇ ਪੱਧਰ ਤੱਕ ਵਿਕਾਸ ਨੂੰ ਯਕੀਨੀ ਬਣਆਇਆ ਜਾ ਸਕੇ। ਉਨ੍ਹਾਂ ਨੇ ਨੁਮਾਇੰਦਿਆਂ ਨੂੰ ਇਹ ਵੀ ਆਖਿਆ ਕਿ ਸਮੁੱਚੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਜੁਆਬਦੇਹੀ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ ਤਾਂ ਕਿ ਇਹ ਫੰਡ ਸਹੀ ਮਾਅਨਿਆਂ ਵਿੱਚ ਸਰਹੱਦੀ ਤੇ ਕੰਢੀ ਖੇਤਰ ਦੇ ਲੋਕਾਂ ਦੀ ਭਲਾਈ ਉਪਰ ਖਰਚ ਕਰਕੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
        ਮੀਟਿੰਗਾਂ ਦੌਰਾਨ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਸੁਝਾਅ ’ਤੇ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਵਿਕਾਸ ਪ੍ਰਾਜੈਕਟਾਂ ਤਹਿਤ ਮਿਲਣ ਵਾਲੇ ਫੰਡਾਂ ਦਾ 10 ਫੀਸਦੀ ਹਿੱਸਾ ਢਾਣੀਆਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਰਾਖਵਾਂ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਇਕ ਵੀ ਘਰ ਨਿਰਵਿਘਨ ਬਿਜਲੀ ਸਪਲਾਈ ਤੋਂ ਵਿਰਵਾ ਨਾ ਰਹੇ। ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਰਾਖਵੇਂ ਫੰਡਾਂ ਨਾਲ ਘੱਟੋ-ਘੱਟ ਤਿੰਨ ਘਰਾਂ ਵਾਲੀ ਢਾਣੀ ਨੂੰ 24 ਘੰਟੇ ਬਿਜਲੀ ਸਪਲਾਈ ਦਾ ਸਹੂਲਤ ਦੇਣ ਦਾ ਉਪਬੰਧ ਕੀਤਾ ਜਾਵੇਗਾ।
        ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਹਲਕਿਆਂ ਦੇ ਨੁਮਾਇੰਦਿਆਂ ਵੱਲੋਂ ਭੇਜੀਆਂ ਜਾਣ ਵਾਲੀਆਂ ਤਜਵੀਜ਼ਾਂ ਵਿੱਚ ਪੀਣ ਵਾਲਾ ਸਾਫ ਪਾਣੀ, ਸੀਵਰੇਜ, ਸਕੂਲਾਂ-ਕਾਲਜਾਂ ਸਿੱਖਿਆ ਅਤੇ ਹਸਪਤਾਲਾਂ ਦੇ ਮੁਰੰਮਤ ਆਦਿ ਦੇ ਕੰਮਾਂ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਲਈ ਤਿਆਰ ਕੀਤੇ ਜਾਣ ਵਾਲੇ ਅਨੁਮਾਨਾਂ ਦੀ ਤਸਦੀਕ ਘੱਟੋ-ਘੱਟ ਨਿਗਰਾਨ ਇੰਜੀਨੀਅਰ ਪੱਧਰ ਦੇ ਅਧਿਕਾਰੀ ਪਾਸੋਂ ਕਰਵਾਈ ਜਾਵੇ ਕਿਉਂ ਜੋ ਇਸ ਨਾਲ ਜੁਆਬਦੇਹੀ ਤੈਅ ਹੋਣ ਦੇ ਨਾਲ-ਨਾਲ ਢੁਕਵੇਂ ਅਨੁਮਾਨਾਂ ਨੂੰ ਯਕੀਨੀ ਬਣਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਵਿਕਾਸ ਕਾਰਜ ਕਰ ਰਹੀਆਂ ਏਜੰਸੀਆਂ ਵਰਤੋਂ ਸਰਟੀਫਿਕੇਟ ਦੇਣ ਨੂੰ ਸਮੇਂ ਸਿਰ ਨੂੰ ਯਕੀਨੀ ਬਣਾਉਣ ਤਾਂ ਕਿ ਬਿਨਾਂ ਕਿਸੇ ਦਿੱਕਤ ਤੋਂ ਫੰਡ ਹਾਸਲ ਕਰਨ ਦੇ ਨਾਲ-ਨਾਲ ਲੇਖਾ ਇਤਰਾਜ਼ਾਂ ਤੋਂ ਬਚਿਆ ਜਾ ਸਕੇ।
  ਕੰਢੀ ਖੇਤਰ ਦੇ ਵਿਧਾਇਕਾਂ ਤੇ ਆਗੂਆਂ ਵੱਲੋਂ ਕੰਢੀ ਖੇਤਰ ਵਿੱਚ ਟਿਊਬਵੈਲਾਂ ਦੀ ਬਜਾਏ ਲਿਫਟ ਸਿੰਜਾਈ ਲਈ ਪ੍ਰਾਜੈਕਟ ਅਮਲ ਵਿੱਚ ਲਿਆਉਣ ਦੀ ਕੀਤੀ ਮੰਗ ’ਤੇ ਮੁੱਖ ਮੰਤਰੀ ਨੇ ਸਿੰਜਾਈ ਵਿਭਾਗ ਸਕੱਤਰ ਨੂੰ ਆਖਿਆ ਕਿ ਇਸ ਸੁਮੱਚੇ ਖੇਤਰ ਵਿੱਚ ਲਿਫਟ ਸਿੰਜਾਈ, ਤੁਪਕਾ ਜਾਂ ਸਪਰਿੰਕਲ ਸਿੰਜਾਈ ਦੀਆਂ ਤਕਨੀਕੀ ਪੱਧਰ ’ਤੇ ਸੰਭਾਵਨਾਵਾਂ ਤਲਾਸ਼ੀਆਂ ਜਾਣ ਤਾਂ ਕਿ ਇਸ ਖੇਤਰ ਵਿੱਚ ਸਿੰਜਾਈ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।
        ਸ. ਬਾਦਲ ਨੇ ਸਰਹੱਦੀ ਖੇਤਰ ਵਿੱਚ ਸਰਹੱਦੀ ਏਰੀਆ ਵਿਕਾਸ ਫੰਡ ਤਹਿਤ 13ਵੇਂ ਵਿੱਤ ਕਮਿਸ਼ਨ ਅਤੇ ਨਰੇਗਾ ਤਹਿਤ ਬਣਾਈ ਜਾਣ ਵਾਲੀਆਂ ਯੋਜਨਾਵਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਲਈ 13.66 ਕਰੋੜ, ਰਾਜਾਸਾਂਸੀ ਲਈ 16.10 ਕਰੋੜ, ਅਟਾਰੀ ਲਈ 22.85 ਕਰੋੜ, ਫਿਰੋਜ਼ਪੁਰ ਜ਼ਿਲ੍ਹੇ ਲਈ ਫਿਰੋਜ਼ਪੁਰ (ਸ਼ਹਿਰ) ਵਾਸਤੇ 9.44 ਕਰੋੜ, ਫਿਰੋਜ਼ਪੁਰ (ਦਿਹਾਤੀ) ਲਈ 15.59 ਕਰੋੜ, ਗੁਰੂਹਰਸਹਾਏ ਲਈ 16.74 ਕਰੋੜ, ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ ਲਈ 19.42 ਕਰੋੜ, ਜਲਾਲਾਬਾਦ ਲਈ 26.52 ਕਰੋੜ ਰੁਪਏ, ਅਬਹੋਰ ਲਈ 13.98 ਕਰੋੜ ਰੁਪਏ, ਬੱਲੂਆਣਾ ਲਈ 11.02 ਕਰੋੜ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਲਈ 16.58 ਕਰੋੜ ਰੁਪਏ, ਗੁਰਦਾਸਪੁਰ ਲਈ 8.45 ਕਰੋੜ ਰੁਪਏ, ਦੀਨਾ ਨਗਰ ਲਈ 14.80 ਕਰੋੜ ਰੁਪਏ, ਪਠਾਨਕੋਟ ਦੇ ਭੋਆ ਲਈ 13.52 ਕਰੋੜ ਰੁਪਏ, ਤਰਨ ਤਾਰਨ ਦੇ ਖੇਮਕਰਨ ਲਈ 20.40 ਕਰੋੜ ਰੁਪਏ, ਤਰਨ ਤਾਰਨ ਲਈ 8.63 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ।
ਇਸੇ ਤਰ੍ਹਾਂ ਕੰਢੀ ਖੇਤਰ ਦੇ ਅਜੀਤਗੜ੍ਹ ਜ਼ਿਲ੍ਹੇ ਦੇ ਡੇਰਾਬਸੀ ਲਈ 13.41 ਕਰੋੜ ਰੁਪਏ, ਅਜੀਤਗੜ੍ਹ ਲਈ 7.95 ਕਰੋੜ ਰੁਪਏ, ਖਰੜ ਲਈ 9.52 ਕਰੋੜ ਰੁਪਏ, ਹੁਸ਼ਿਆਰਪੁਰ ਜ਼ਿਲ੍ਹੇ ਦੇ ਹੁਸ਼ਿਆਰਪੁਰ ਹਲਕੇ ਲਈ 6.28 ਕਰੋੜ ਰੁਪਏ, ਸ਼ਾਮਚੁਰਾਸੀ ਲਈ 12.83 ਕਰੋੜ ਰੁਪਏ, ਦਸੂਹਾ ਲਈ 14.84 ਕਰੋੜ ਰੁਪਏ, ਚੱਬੇਵਾਲ ਲਈ 12.42 ਕਰੋੜ ਰੁਪਏ, ਮੁਕੇਰੀਆਂ ਲਈ 15.40 ਕਰੋੜ ਰੁਪਏ, ਉੜਮੁੜ ਲਈ 10.43 ਕਰੋੜ ਰੁਪਏ, ਗੜਸ਼ੰਕਰ ਲਈ 7.09 ਕਰੋੜ ਰੁਪਏ, ਪਠਾਨਕੋਟ ਜ਼ਿਲ੍ਹੇ ਦੇ ਪਠਾਨਕੋਟ ਹਲਕੇ ਲਈ 3.64 ਕਰੋੜ ਰੁਪਏ, ਸੁਜਾਨਪੁਰ ਲਈ 11.18 ਕਰੋੜ ਰੁਪਏ, ਭੋਆ ਲਈ 9.93 ਕਰੋੜ ਰੁਪਏ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬਲਾਚੌਰ ਹਲਕੇ ਲਈ 11.67 ਕਰੋੜ ਰੁਪਏ, ਰੂਪਨਗਰ ਜ਼ਿਲ੍ਹੇ ਦੇ ਰੂਪਨਗਰ ਹਲਕੇ ਲਈ 12.69 ਕਰੋੜ ਰੁਪਏ, ਚਮਕੌਰ ਸਾਹਿਬ ਲਈ 8.72 ਕਰੋੜ ਰੁਪਏ ਅਤੇ ਅਨੰਦਪੁਰ ਸਾਹਿਬ ਲਈ 14.95 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ।
        ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਡਾ. ਦਲਜੀਤ ਸਿੰਘ ਚੀਮਾ ਤੇ ਸ. ਸੋਹਣ ਸਿੰਘ ਠੰਡਲ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਦਿਨੇਸ਼ ਬੱਬੂ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਮਹਿੰਦਰ ਕੌਰ ਜੋਸ਼, ਪ੍ਰੋ. ਵਿਰਸਾ ਸਿੰਘ ਵਲਟੋਹਾ, ਸ. ਹਰਮੀਤ ਸਿੰਘ ਸੰਧੂ ਤੇ ਸ੍ਰੀ ਐਨ.ਕੇ. ਸ਼ਰਮਾ ਤੋਂ ਇਲਾਵਾ ਸ੍ਰੀ ਅਸ਼ਵਨੀ ਸ਼ਰਮਾ, ਚੌਧਰੀ ਨੰਦ ਲਾਲ, ਸ. ਜੋਗਿੰਦਰ ਸਿੰਘ ਜਿੰਦੂ, ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਅਮਰਪਾਲ ਸਿੰਘ ਬੋਨੀ, ਸ੍ਰੀਮਤੀ ਸੀਮਾ ਕੁਮਾਰੀ, ਸ੍ਰੀਮਤੀ ਸੁਖਜੀਤ ਕੌਰ ਸਾਹੀ (ਸਾਰੇ ਵਿਧਾਇਕ), ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਸ੍ਰੀ ਅਰੁਣੇਸ਼ ਸ਼ਾਕਰ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਹਾਜ਼ਰ ਸਨ।
        ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ. ਕੇ. ਸੰਧੂ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ੍ਰੀ ਜੀ. ਵਜਰਾਲਿੰਗਮ, ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ, ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵਰਾ, ਉਚੇਰੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਸ੍ਰੀ ਰੌਸ਼ਨ ਸੁੰਕਾਰੀਆ, ਸਕੱਤਰ ਖਰਚਾ ਸ੍ਰੀ ਜਸਪਾਲ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਤੇ ਡਾ. ਐਸ. ਕਰੁਣਾ ਰਾਜੂ, ਸਿੰਜਾਈ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਹੁਸਨ ਲਾਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਜੀ.ਕੇ. ਸਿੰਘ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ।

WRITTEN BY