ਪਟਨਾ/ਸੁਪੌਲ, 3 ਅਗਸਤ (ਪੀ. ਟੀ. ਲਾਇਵ)- ਕੋਸੀ ਨਦੀ ਵਿੱਚ ਖਤਰਨਾਕ ਹੜ੍ਹ ਦੇ ਖਦਸ਼ੇ ਨੂੰ ਦੇਖਦੇ ਹੋਏ ਬਿਹਾਰ ਸਰਕਾਰ ਵੱਲੋਂ ਵਿਆਪਕ ਤਿਆਰੀ ਕੀਤੀ ਗਈ ਹੈ। ਸਰਕਾਰ ਵੱਲੋਂ 100 ਤੋਂ ਜ਼ਿਆਦਾ ਰਾਹਤ ਕੈਂਪ ਲਗਾਏ ਗਏ ਹਨ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਇਨ੍ਹਾਂ ਰਾਹਤ ਕੈਂਪਾਂ ਵਿੱਚ ਪਹੁੰਚਾ ਦਿੱਤਾ ਗਿਆ ਹੈ। ਨੇਪਾਲ ਤੋਂ ਸਵੇਰੇ 6 ਵਜੇ 1.12 ਲੱਖ ਕਿਊਸਿਕ ਪਾਣੀ ਅਤੇ 8 ਵਜੇ 1.17 ਲੱਖ ਕਿਊਸਿਕ ਪਾਣੀ ਪਹੁੰਚਣ ਤੋਂ ਬਾਅਦ ਖਦਸ਼ਾ ਪਰਗਟ ਕੀਤਾ ਜਾ ਰਿਹਾ ਹੈ ਕਿ ਕੋਸੀ ਨਦੀ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵਧ ਸਕਦਾ ਹੈ। ਬੀਰਪੁਰ ਬੈਰਾਜ ਦੇ ਪ੍ਰਮੁੱਖ ਅਧਿਕਾਰੀ ਵਿਸ਼ਣੂਕਾਂਤ ਪਾਠਕ ਨੇ ਐਤਵਾਰ ਨੂੰ ਦੱਸਿਆ ਕਿ ਕੋਸੀ ਵਿੱਚ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਪਰੰਤੂ ਜ਼ਿਆਦਾ ਪਰੇਸ਼ਾਨੀ ਦੀ ਗੱਲ ਨਹੀਂ ਹੈ।
ਸੰਭਾਵਿਤ ਹੜ੍ਹਾਂ ਦੇ ਖਤਰੇ ਨਾਲ ਬਿਹਾਰ ਦੇ ਲੱਗਭੱਗ 8 ਜ਼ਿਲ੍ਹੇ ਸੁਪੋਲ, ਸਹਰਸਾ, ਮਧੇਪੁਰਾ, ਪੂਰਣਿਆ, ਭਾਗਲਪੁਰ, ਖਗੜਿਆ, ਮਧੁਬਨੀ ਦੀ ਡੇਢ ਲੱਖ ਆਬਾਦੀ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਆਫਤ ਨਾਲ ਸੁਪੋਲ ਜ਼ਿਲ੍ਹੇ ਦੀਆਂ 22 ਪੰਚਾਇਤਾਂ ਦੀ ਲਗਭੱਗ 50 ਹਜ਼ਾਰ ਅਬਾਦੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ। ਸੁਪੋਲ, ਸਹਰਸਾ, ਮਧੁਬਨੀ, ਖਗੜਿਆ, ਮਧੇਪੁਰਾ ਅਤੇ ਦਰਭੰਗਾ ਜ਼ਿਲ੍ਹੇ ਦੇ ਦਰਿਆ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਅਸਥਾਈ ਕੈਂਪ ਬਣਾ ਕੇ ਉਥੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਦੀ ਦੇ ਨਾਲ ਲੱਗਦੇ ਦੂਸਰੇ ਇਲਾਕਿਆਂ ਤੋਂ ਵੀ ਲੋਕਾਂ ਨੂੰ ਹਟਾਉਣ ਦਾ ਕੰਮ ਜਾਰੀ ਹੈ।
ਪ੍ਰਸ਼ਾਸਨ ਵੱਲੋਂ ਇਸ ਕੰਮ ਲਈ 300 ਕਿਸ਼ਤੀਆਂ ਲਗਾਈਆਂ ਗਈਆਂ ਹਨ। ਐਨ ਡੀ ਆਰ ਐਫ ਦੀਆਂ 10 ਟੀਮਾਂ ਵੀ ਸੁਪੋਲ ਪਹੁੰਚ ਚੁੱਕੀਆਂ ਹਨ। ਕਿਸੇ ਵੀ ਸਥਿਤੀ ਨਾਲ ਨਿਪਟਣ ਹਵਾਈ ਸੈਨਾ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹਵਾਈ ਸੈਨਾ ਨੂੰ ਐਮ ਆਈ-17 ਗੈਲੀਕੱਪਟਰਾਂ ਨੂੰ ਗੋਰਖਪੁਰ ਅਤੇ ਬਾਗਡੋਗਰਾ ਵਿੱਚ ਅਲਰਟ ਵਿੱਚ ਰੱਖਿਆ ਗਿਆ ਹੈ। ਬਿਹਾਰ ਸਰਕਾਰ ਵੱਲੋਂ ਐਮਰਜੰਸੀ ਸਥਿਤੀ ਲਈ 15 ਸੈਟੇਲਾਇਟਸ ਫੋਨ ਦੀ ਵਿਵਸਥਾ ਕੀਤੀ ਗਈ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਬਾਰੇ ਵਿੱਚ ਬਿਹਾਰ ਸਰਕਾਰ ਨੂੰ ਇਤਿਆਤ ਵਰਤਣ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਮੁਤਾਬਿਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਾਣੀ ਵਧਣ ਦੀ ਅਸ਼ੰਕਾ ਵਾਲੇ ਇਲਾਕਿਆਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਐਨ ਡੀ ਆਰ ਐਫ ਦੀਆਂ 10 ਟੀਮਾਂ ਅਤੇ ਐਸ ਡੀ ਆਰ ਐਫ ਦੀਆਂ ਚਾਰ ਟੀਮਾਂ ਨੂੰ ਕੰਮ ’ਤੇ ਲਗਾ ਦਿੱਤਾ ਗਿਆ ਹੈ।
ਦਰਅਸਲ ਨੇਪਾਲ ਵਿੱਚ ਭੂ-ਖੋਰੀ ਦੇ ਕਾਰਨ ਕੋਸੀ ਨਦੀ ਦੇ ਪਾਣੀ ਪੱਧਰ ਵਿੱਚ ਵਾਧੇ ਨਾਲ ਭਾਰੀ ਤਬਾਹੀ ਦਾ ਖਤਰਾ ਪੈਦਾ ਹੋ ਗਿਆ ਹੈ। ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇਸ ਨਦੀ ਦੇ ਤਟੀ ਭਾਗਾਂ ਵਿੱਚ ਆਉਣ ਵਾਲੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਾਈ ਅਲਰਟ ਕਰ ਦਿੱਤਾ ਹੈ ਅਤੇ ਅਪਾਤ ਸਥਿਤੀ ਨਾਲ ਨਿਪਟਣ ਦੇ ਲਈ ਸੈਨਾ ਦੀ ਮਦਦ ਮੰਗੀ ਹੈ।
ਆਫਤ ਪ੍ਰਬੰਧਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਆਸ ਜੀ ਨੇ ਦੱਸਿਆ ਕਿ ਕੋਸੀ ਨਦੀ ਇਲਾਕੇ ਵਿੱਚ ਆਉਣ ਵਾਲੇ ਸਾਰੇ 8 ਜ਼ਿਲ੍ਹਿਆਂ ਦੀ ਕਰੀਬ 1.5 ਲੱਖ ਅਬਾਦੀ ਨੂੰ ਸੁਰੱਖਿਆਤ ਠਿਕਾਣਿਆਂ ’ਤੇ ਪਹੁੰਚਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਲਗਾਇਆ ਗਿਆ ਹੈ।
ਬਿਹਾਰ-ਨੇਪਾਲ ਸੀਮਾ ਤੋਂ ਕਰੀਬ 260 ਕਿਲੋਮੀਟਰ ਦੂਰ ਨੇਪਾਲ ਖੇਤਰ ਵਿੱਚ ਕੋਸੀ ਨਦੀ ਦੇ ਜਲਗ੍ਰਹਿਣ ਖੇਤਰ ਅੰਤਰਗਤ ਭੋਟੇ ਕੋਸੀ ਨਦੀ ਵਿੱਚ ਸਿੰਧੂ ਪਾਲ ਜ਼ਿਲ੍ਹੇ ਤਹਿਤ ਖਦੀ ਚੌਰ ਦੇ ਨੇੜੇ ਸ਼ੁੱਕਰਵਾਰ ਰਾਤ ਅਚਾਨਕ ਭੂਮੀ ਦੇ ਖਿਸਕਣ ਨਾਲ ਹੋ ਗਿਆ ਅਤੇ ਉਸ ਦੇ ਕਾਰਨ ਕਾਫੀ ਮਾਤਰਾ ਵਿੱਚ ਪਾਣੀ ਰੁੱਕ ਗਿਆ। ਸੰਕਟ ਦੀ ਇਹ ਸਥਿਤੀ ਅਜਿਹੇ ਸਮੇਂ ਪੈਦਾ ਹੋਈ ਹੈ ਜਦੋਂ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ-ਦਿਨਾਂ ਦੌਰੇ ’ਤੇ ਨੇਪਾਲ ’ਚ ਹਨ।
ਵਿਆਸ ਜੀ ਨੇ ਦੱਸਿਆ ਕਿ ਕੇਂਦਰੀ ਜਲ ਕਮਿਸ਼ਨ ਦੇ ਅਧਿਐਨ ਮੁਤਾਬਿਕ ਭੂ-ਖੋਰ ਵਾਲੇ ਸਥਾਨ ’ਤੇ ਭੋਟੇ ਕੋਸੀ ਨਦੀ ਵਿੱਚ ਕਰੀਬ 14 ਲੱਖ ਕਿਊਸਿਕ ਪਾਣੀ ਜਮ੍ਹਾਂ ਹੋ ਗਿਆ ਹੈ। ਜਦੋਂਕਿ ਕੌਮੀ ਆਫਤਾ ਪ੍ਰਬੰਧਕੀ ਅਥਾਰਿਟੀ ਨੂੰ ਨੇਪਾਲ ਸਥਿਤ ਭਾਰਤੀ ਦੂਤਾਵਾਸ ਨੂੰ ਭੂ-ਖੋਰੀ ਵਾਲੇ ਸਥਾਨ ’ਤੇ 25 ਲੱਖ ਕਿਊਸਿਕ ਪਾਣੀ ਜਮ੍ਹਾਂ ਹੋਣ ਦੀ ਸੂਚਨਾ ਦਿੱਤੀ ਹੈ। ਬਿਹਾਰ ਸਰਕਾਰ ਸੰਨ 2008 ਵਾਲੀ ਉਸ ਸਥਿਤੀ ਤੋਂ ਬਚਣਾ ਚਾਹੁੰਦੀ ਹੈ ਜਦੋਂ ਨੇਪਾਲ ਦੇ ਕੁਸ਼ਹਾ ਦੇ ਕੋਲ ਕੋਸ਼ੀ ਨਦੀ ਦੇ ਕਿਨਾਰੇ ਟੁੱਟਣ ਕਾਰਨ ਹੜ੍ਹ ਦੀ ਪਰਲੋ ਆਈ ਸੀ। ਜ਼ਿਕਰਯੋਗ ਹੈ ਕਿ ਭਾਰਤ-ਨੇਪਾਲ ਸੀਮਾ ਸਥਿਤ ਕੁਸਹਾ ਬੰਨ੍ਹ ਦੇ ਨੇੜੇ 18 ਅਗਸਤ 2008 ਨੂੰ ਕੋਸੀ ਨਦੀ ਦਾ ਤਟਬੰਧ ਟੁੱਟਣ ਨਾਲ ਆਈ ਪਰਲੋ ਵਰਗੀ ਬਾੜ ਕਾਰਨ ਉਤਰ ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿੱਚ 250 ਲੋਕਾਂ ਦੀ ਮੌਤ ਹੋ ਗਈ ਸੀ ਅਤੇ 30 ਲੱਖ ਲੋਕ ਬੇਘਰ ਹੋ ਗਏ ਸਨ।
ਅਚਾਨਕ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸਥਿਤੀ ਵਿੱਚ ਬੀਰਪੁਰ ਬੈਰਾਜ ਨੂੰ ਖੁੱਲ੍ਹਾ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਅੱਗੇ ਵੱਲ ਪਰਵਾਹਿਤ ਹੋ ਜਾਵੇ। ਬੀਰਪੁਰ ਬੈਰਾਜ ਦੀ 8 ਲੱਖ ਕਿਊਸਕ ਤੱਕ ਜਲ ਪਰਵਾਹਿਤ ਕਰਨ ਦੀ ਸਮਰਥਾ ਹੈ।



